ਅਪਰੇਸ਼ਨ ਸਿੰਧੂਰ ਦੌਰਾਨ ਦੁਨੀਆ ਨੇ ਜਲ ਸੈਨਾ ਦੀ ਤਾਕਤ ਦੇਖੀ: ਰਾਜਨਾਥ
ਸ੍ਰੀ ਰਾਜਨਾਥ ਸਿੰਘ ਨੇ ਭਾਰਤੀ ਜਲ ਸੈਨਾ ਦੇ ਸਿਖਰਲੇ ਕਮਾਂਡਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਪਰੇਸ਼ਨ ਸਿੰਧੂਰ ਭਾਰਤ ਦੀ ਸਮਰੱਥਾ ਦਾ ਪ੍ਰਤੀਕ ਹੈ ਤੇ ਇਹ ਦੁਨੀਆ ਲਈ ਸੁਨੇਹਾ ਹੈ ਕਿ ਭਾਰਤ ਹਰ ਚੁਣੌਤੀ ਦਾ ਜਵਾਬ ਦੇਣ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਪਾਕਿਸਤਾਨ ਵਿਰੁੱਧ ਫੌਜੀ ਕਾਰਵਾਈ ਦੌਰਾਨ ਦ੍ਰਿੜ੍ਹ ਰੁਖ਼ ਬਣਾਈ ਰੱਖਣ ’ਤੇ ਜਲ ਸੈਨਾ ਦੀ ਸ਼ਲਾਘਾ ਕੀਤੀ। ਇਸ ਵਰ੍ਹੇ 22 ਅਪਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤੀ ਜਲ ਸੈਨਾ ਦੇ ਏਅਰਕ੍ਰਾਫਟ ਕੈਰੀਅਰ, ਜੰਗੀ ਜਹਾਜ਼, ਪਣਡੁੱਬੀਆਂ ਅਤੇ ਹੋਰ ਉਪਕਰਨਾਂ ਨੂੰ ਉੱਤਰੀ ਅਰਬ ਸਾਗਰ ਵਿੱਚ ਤਾਇਨਾਤ ਕੀਤਾ ਗਿਆ ਸੀ। ਅਪਰੇਸ਼ਨ ਸਿੰਧੂਰ ਦੌਰਾਨ ਜਲ ਸੈਨਾ ਕਰਾਚੀ ਸਮੇਤ ਸਮੁੰਦਰ ਅਤੇ ਜ਼ਮੀਨ ’ਤੇ ਚੋਣਵੇਂ ਟੀਚਿਆਂ ’ਤੇ ਹਮਲਾ ਕਰਨ ਲਈ ਤਾਇਨਾਤ ਰਹੀ। ਰੱਖਿਆ ਮੰਤਰੀ ਨੇ ਕਿਹਾ ਕਿ ਛੇ ਮਹੀਨਿਆਂ ਵਿੱਚ ਜਹਾਜ਼ਾਂ, ਪਣਡੁੱਬੀਆਂ ਤੇ ਜਲ ਸੈਨਾ ਦੇ ਜਹਾਜ਼ਾਂ ਨੂੰ ਪੂਰੀਆਂ ਤਿਆਰੀਆਂ ਨਾਲ ਤਾਇਨਾਤ ਕੀਤਾ ਗਿਆ ਹੈ। ਰੱਖਿਆ ਮੰਤਰੀ ਨੇ ਜਲ ਸੈਨਾ ਦੀ ਰਣਨੀਤੀ ਤੇ ਸੋਚ ਨੂੰ ਅੱਗੇ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਲਈ ਸਮਰੱਥਾ, ਲੋਕ ਤੇ ਭਾਈਵਾਲੀ ਵਿੱਚ ਮਿਲ ਕੇ ਕੰਮ ਕਰਨਾ ਹੋਵੇਗਾ। ਸਮਰੱਥਾ ਤੋਂ ਭਾਵ ਤਕਨਾਲੋਜੀ ਤੇ ਤਾਕਤ, ਲੋਕਾਂ ਤੋਂ ਭਾਵ ਜਲ ਸੈਨਿਕ ਤੇ ਉਨ੍ਹਾਂ ਦੇ ਪਰਿਵਾਰ ਅਤੇ ਭਾਈਵਾਲੀ ਤੋਂ ਭਾਵ ਉਦਯੋਗ, ਸਿੱਖਿਆ ਤੇ ਅੰਤਰਰਾਸ਼ਟਰੀ ਸਹਿਯੋਗ। ਜਦੋਂ ਇਹ ਤਿੰਨੇ ਇਕੱਠੇ ਆਉਣਗੇ ਤਾਂ ਦੇਸ਼ ਦੀ ਜਲ ਸੈਨਾ ਹੋਰ ਵੀ ਜ਼ਿਆਦਾ ਭਰੋਸੇਮੰਦ ਅਤੇ ਸ਼ਕਤੀਸ਼ਾਲੀ ਬਲ ਵਜੋਂ ਉੱਭਰੇਗੀ। ਉਨ੍ਹਾਂ ਸਵਦੇਸ਼ੀ ਉਪਕਰਨਾਂ ਰਾਹੀਂ ਆਪਣੀ ਸਮਰੱਥਾ ਵਧਾਉਣ ’ਤੇ ਭਾਰਤੀ ਜਲ ਸੈਨਾ ਦੀ ਸ਼ਲਾਘਾ ਕੀਤੀ।
