ਵਿਸ਼ਵ ਵਾਤਾਵਰਨ ਦਿਵਸ: ਮੋਦੀ ਨੇ 200 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਈ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਜੂਨ
ਇਥੇ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਇਲੈਕਟ੍ਰਿਕ ਵਹੀਕਲ ਇਨੀਸ਼ਿਏਟਿਵ (ਦੇਵੀ) ਸਕੀਮ ਤਹਿਤ 200 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੇ ਦੂਜੇ ਪੜਾਅ ਤਹਿਤ ਬੂਟੇ ਵੀ ਲਗਾਏ। ਬੂਟੇ ਲਗਾਉਣ ਦੀ ਇਹ ਮੁਹਿੰਮ ‘ਅਰਾਵਲੀ ਹਰੀ ਦੀਵਾਰ’ ਦਾ ਹਿੱਸਾ ਹੈ। ਇਸ ਮੌਕੇ ਕੇਂਦਰੀ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ, ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ, ਮੁੱਖ ਮੰਤਰੀ ਰੇਖਾ ਗੁਪਤਾ ਅਤੇ ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ।ਉਨ੍ਹਾਂ ਬੱਸਾਂ ਨੂੰ ਹਰੀ ਝੰਡੀ ਦਿਖਾਉਣ ਸਬੰਧੀ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ਨੂੰ ਅਜੋਕੇ ਸਮੇਂ ਦੀਆਂ ਚੁਣੌਤੀਆਂ ਤੋਂ ਧਰਤੀ ਨੂੰ ਬਚਾਉਣ ਲਈ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ। ਇਸੇ ਦੌਰਾਨ ਉਨ੍ਹਾਂ 7, ਲੋਕ ਕਲਿਆਣ ਮਾਰਗ ਸਥਿਤ ਆਪਣੀ ਸਰਕਾਰੀ ਰਿਹਾਇਸ਼ ਵਿਖੇ ਸਿੰਧੂਰ ਦਾ ਬੂਟਾ ਵੀ ਲਗਾਇਆ। ਇਹ ਬੂਟਾ ਉਨ੍ਹਾਂ ਨੂੰ ਗੁਜਰਾਤ ਦੇ ਸ਼ਹਿਰ ਭੁਜ ਦੀਆਂ ਔਰਤਾਂ ਵੱਲੋਂ ਵਾਤਾਵਰਨ ਦਿਵਸ ਮੌਕੇ ਭੇਟ ਕੀਤਾ ਗਿਆ, ਜਿਨ੍ਹਾਂ ਨੇ 1971 ਦੀ ਜੰਗ ਦੌਰਾਨ ਵੱਖਰਾ ਹੌਸਲਾ ਦਿਖਾਇਆ ਸੀ।
‘ਅਰਾਵਲੀ ਗਰੀਨ ਵਾਲ’ ਪ੍ਰਾਜੈਕਟਾਂ ਦੀ ਰਸਮੀ ਸ਼ੁਰੂਆਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਭਗਵਾਨ ਮਹਾਵੀਰ ਵਨਸਥਲੀ ਪਾਰਕ ਵਿੱਚ ਬੋਹੜ ਦਾ ਬੂਟਾ ਲਗਾਇਆ ਅਤੇ ਅਰਾਵਲੀ ਗਰੀਨ ਵਾਲ ਪ੍ਰਾਜੈਕਟਾਂ ਦੀ ਰਸਮੀ ਸ਼ੁਰੂਆਤ ਕੀਤੀ। ਵਿਸ਼ਵ ਵਾਤਾਵਰਨ ਦਿਵਸ ਮੌਕੇ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਅਰਾਵਲੀ ਗਰੀਨ ਵਾਲ ਪ੍ਰਾਜੈਕਟ ਤਹਿਤ ਅਰਾਵਲੀ ਰੇਂਜ ਨੂੰ ਮੁੜ ਜੰਗਲ ਨਾਲ ਹਰਿਆ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ‘ਐਕਸ’ ਉੱਤੇ ਲਿਖਿਆ, ‘‘ਅਰਾਵਲੀ ਰੇਂਜ ਅਤੇ ਇਸ ਤੋਂ ਬਾਹਰ ਰਵਾਇਤੀ ਬੂਟੇ ਲਗਾਉਣ ਦੇ ਤਰੀਕਿਆਂ ਤੋਂ ਇਲਾਵਾ, ਅਸੀਂ ਖਾਸ ਕਰ ਕੇ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਨਵੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਾਂਗੇ ਜਿੱਥੇ ਜਗ੍ਹਾ ਦੀ ਘਾਟ ਹੈ।’’