ਸੀਆਈਐੱਸਐੱਫ ਵਿੱਚ ਮਹਿਲਾ ਕਮਾਂਡੋ ਦਸਤਾ ਹੋਵੇਗਾ ਕਾਇਮ: ਏਐੱਸਜੀ
ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਨੇ ਵਿਸ਼ੇਸ਼ ਅਤਿਵਾਦ ਰੋਕੂ ਮੁਹਿੰਮਾਂ ਲਈ ਔਰਤਾਂ ਦੇ ਇੱਕ ਕਮਾਂਡੋ ਟੀਮ ਕਾਇਮ ਕਰਨ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਸਿਵਲ ਹਵਾਈ ਅੱਡਿਆਂ ਦੀ ਸੁਰੱਖਿਆ ਜ਼ਿੰਮੇਵਾਰੀ ਸੰਭਾਲਣ ਵਾਲੇ ਹਵਾਬਾਜ਼ੀ ਸੁਰੱਖਿਆ ਗਰੁੱਪ (ਏਐੱਸਜੀ) ਵਿੱਚ ਤਾਇਨਾਤ 100 ਮਹਿਲਾ ਮੁਲਾਜ਼ਮਾਂ ਦੇ ਪਹਿਲੇ ਦਸਤੇ ਨੂੰ ਇਸ ਵਿਸ਼ੇਸ਼ ਕੰਮ ਲਈ ਟਰੇਨਿੰਗ ਦਿੱਤੀ ਜਾ ਰਹੀ ਹੈ।
CISF ਦਾ ਮੁੱਖ ਜ਼ਿੰਮਾ 69 ਸਿਵਲ ਹਵਾਈ ਅੱਡਿਆਂ, ਦਿੱਲੀ ਮੈਟਰੋ ਅਤੇ ਸਰਕਾਰੀ ਤੇ ਨਿੱਜੀ ਖੇਤਰ ’ਚ ਕਈ ਸੰਸਥਾਵਾਂ ਦੀ ਸੁਰੱਖਿਆ ਕਰਨਾ ਹੈ।
ਇੱਕ ਅਧਿਕਾਰੀ ਨੇ ਕਿਹਾ, ‘‘ਮੱਧ ਪ੍ਰਦੇਸ਼ ਦੇ ਬਡਵਾਨੀ ਜ਼ਿਲ੍ਹੇ ਦੇ ਬਰਵਾਹਾ ਸਥਿਤ ਟਰੇਨਿੰਗ ਸੈਂਟਰ ’ਚ ਮਹਿਲਾ ਮੁਲਾਜ਼ਮਾਂ ਦੇ ਪਹਿਲੇ ਦਸਤੇ ਦੀ ਟਰੇਨਿੰਗ ਜਾਰੀ ਹੈ।’’ ਸੀਆੲਐੱਸਐੱਫ ਦੇ ਇੱਕ ਅਧਿਕਾਰੀ ਨੇ ਦੱਸਿਆ, ‘‘ਅੱਠ ਹਫ਼ਤਿਆਂ ਦੇ ਇਸ ਆਧੁਨਿਕ ਟਰੇਨਿੰਗ ਪ੍ਰੋਗਰਾਮ ’ਚ ਮਹਿਲਾ ਕਰਮੀਆਂ ਨੂੰ ਉੱਚ ਸੁਰੱਖਿਆ ਵਾਲੀਆਂ ਸੰਸਥਾਵਾਂ ਅਤੇ ਪਲਾਂਟਾਂ ’ਚ ਤੁਰੰਤ ਪ੍ਰਤੀਕਿਰਿਆ ਟੀਮ (ਕਿਊਆਰਟੀ) ਅਤੇ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਕੀਤਾ ਜਾਵੇਗਾ।’’
ਉਨ੍ਹਾਂ ਕਿਹਾ ਕਿ ਇਸ ਵਿੱਚ ਸਰੀਰਕ ਫਿਟਨੈੱਸ, ਹਥਿਆਰਾਂ ਚਲਾਉਣ ਦੀ ਟਰੇਨਿੰਗ, ਤਣਾਅਪੂਰਨ ਸਥਿਤੀ ਗੋਲੀਬਾਰੀ ਦਾ ਅਭਿਆਸ, ਦੌੜਨਾ, ਜੰਗਲ ’ਚ ਜਿਉਂਦੇ ਰਹਿਣ ਦੀ ਸਿਖਲਾਈ ਅਤੇ 48 ਘੰਟੇ ਦਾ ਆਤਮਵਿਸ਼ਵਾਸ-ਨਿਰਮਾਣ ਅਭਿਆਸ ਸ਼ਾਮਲ ਹੈ, ਜਿਸ ’ਚ ਉਲਟ ਹਾਲਾਤ ਵਿੱਚ ਫ਼ੈਸਲੇ ਲੈਣ ਅਤੇ ਸਮੂਹਿਕ ਤੌਰ 'ਤੇ ਕੰਮ ਕਰਨ ਦੀ ਸਮਰੱਥਾ ਪਰਖੀ ਜਾਵੇਗੀ।
ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੇ ਇਸ ਕੇਂਦਰੀ ਹਥਿਆਰਬੰਦ ਪੁਲੀਸ ਬਲ ’ਚ ਮੌਜੂਦਾ ਸਮੇਂ 12,491 ਔਰਤਾਂ ਵੱਖ ਵੱਖ ਅਹੁਦਿਆਂ ’ਤੇ ਹਨ, ਜੋ ਇਸ ਬਲ ਦੀ ਕੁੱਲ ਸਮਰੱਥਾ ਦਾ 8 ਫ਼ੀਸਦ ਹਿੱਸਾ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਸਾਲ 2026 ਵਿੱਚ 2,400 ਵਿੱਚ ਹੋਰ ਮਹਿਲਾ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਅਗਲੇ ਸਾਲਾਂ ’ਚ ਭਰਤੀ ਪ੍ਰਕਿਰਿਆ ਨੂੰ ਇਸ ਤਰ੍ਹਾਂ ਤੈਅ ਕੀਤਾ ਜਾਵੇਗਾ ਕਿ ਬਲ ’ਚ ਔਰਤਾਂ ਦੀ ਗਿਣਤੀ ਲਗਾਤਾਰ 10 ਫ਼ੀਸਦ ਬਰਕਰਾਰ ਰਹੇ ਜਿਵੇਂ ਕਿ ਗ੍ਰਹਿ ਮੰਤਰਾਲੇ ਨੇ ਨਿਰਦੇਸ਼ ਦਿੱਤਾ ਹੈ।