ਗੁਰੂ ਨਾਨਕ ਦੇਵ ਜੀ ’ਤੇ ਪੀ ਐੱਚਡੀ ਕਰਨ ਵਾਲੀ ਮਹਿਲਾ ਦਾ ਸਨਮਾਨ
ਪਾਕਿਸਤਾਨ ਦੇ ਇਸਲਾਮਾਬਾਦ ਦੀ ਧੀ ਡਾ. ਸੁਮੈਰਾ ਸਫ਼ਦਰ ਸ੍ਰੀ ਗੁਰੂ ਨਾਨਕ ਦੇਵ ਜੀ ’ਤੇ ਪੀ ਐੱਚਡੀ ਕਰਨ ਵਾਲੀ ਪਹਿਲੀ ਪਾਕਿਸਤਾਨੀ ਮਹਿਲਾ ਹੈ। ਬਰੈਂਪਟਨ ਦੇ ਪੰਜਾਬੀ ਭਵਨ ਵਿੱਚ ਵਿਸ਼ਵ ਪੰਜਾਬੀ ਸਭਾ ਵਲੋਂ ਡਾ. ਸੁਮੈਰਾ ਸਫ਼ਦਰ ਦੇ ਅਦਬ ਵਜੋਂ ਉਨ੍ਹਾਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ। ਇਹ ਸਮਾਰੋਹ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਵਿੱਚ ਕਰਵਾਇਆ ਗਿਆ ਹੈ। ਇਸ ਮੌਕੇ ਚੰਡੀਗੜ੍ਹ ਦੇ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਨੇ ਕਿਹਾ, “ਗੁਰੂ ਨਾਨਕ ਦੇ ਘਰ ਦੀ ਬਾਤ ਪਾਕਿਸਤਾਨ ਤੋ ਅਰੰਭ ਕਰਕੇ ਡਾ. ਸੁਮੈਰਾ ਨੇ ਚੜ੍ਹਦੇ ਪੰਜਾਬ ਨੂੰ ਹਲੂਣਾ ਦਿੱਤਾ ਹੈ। ਇਸਲਾਮਾਬਾਦ ਦੀ ਇਸ ਧੀ ਨੇ ਲਹਿੰਦੇ ਪੰਜਾਬ ਵਿੱਚ ਗੁਰੂ ਨਾਨਕ ’ਤੇ ਖੋਜ ਪੇਸ਼ ਕਰਕੇ ਪੰਜਾਬੀ ਕੌਮ ਨੂੰ ਇੱਕ ਮੰਚ ’ਤੇ ਖਲੋਣ ਲਈ ਸੱਦਾ ਦਿੱਤਾ ਹੈ।” ਉਨ੍ਹਾਂ ਅੱਗੇ ਕਿਹਾ, “ ਸੰਸਾਰ ਭਰ ’ਚ ਗੁਰੂ ਨਾਨਕ ’ਤੇ ਅਜਿਹੀਆਂ ਖੋਜਾਂ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਤਪ ਰਹੀਆਂ ਪ੍ਰਮਾਣੂ ਭੱਠੀਆਂ ਨੂੰ ਠੰਢਾ ਕੀਤਾ ਜਾ ਸਕੇ।” ਉਨ੍ਹਾਂ ਡਾ. ਸੁਮੈਰਾ ਨੂੰ ਪਾਕਿਸਤਾਨ ਵਿੱਚ ਅਜਿਹੀ ਖੋਜ ਕਰਨ ’ਤੇ ਵਧਾਈ ਦਿੱਤੀ। ਸਮਾਗਮ ’ਚ ਸ਼ਿਰਕਤ ਕਰਨ ਵਾਲੇ ਹੋਰ ਬੁੱਧੀਜੀਵੀਆਂ ਨੇ ਵੀ ਡਾ. ਸੁਮੈਰਾ ਦੀ ਸਿਫ਼ਤ ਵਿੱਚ ਸ਼ਬਦ ਸਾਂਝੇ ਕੀਤੇ। ਇਸ ਮੌਕੇ ਡਾ. ਸੁਮੈਰਾ ਨੇ ਕਿਹਾ “ਪੰਜਾਬੀ ਚਿੰਤਨ ਗੁਰੂ ਨਾਨਕ ਦਾ ਰਿਣੀ ਹੈ, ਇਹ ਰਿਣ ਅਸੀਂ ਆਪਣੇ ਵਿੱਚ ਗੁਣ ਧਾਰਨ ਕਰਕੇ ਹੀ ਉਤਾਰ ਸਕਦੇ ਹਾਂ, ਆਪੇ ਨੂੰ ਪਛਾਣਨ ਦੀ ਜੁਗਤ ਨਾਨਕ ਦੇ ਘਰ ਵਿੱਚੋਂ ਹੀ ਪ੍ਰਾਪਤ ਹੋ ਸਕਦੀ ਹੈ।” ਉਨ੍ਹਾਂ ਚੜ੍ਹਦੇ ਲਹਿੰਦੇ ਪੰਜਾਬ ਦੇ ਸਾਹਿਤ ਕਲਾ ਅਤੇ ਸਭਿਆਚਾਰ ’ਤੇ ਤਫ਼ਸੀਲ ਵਿੱਚ ਚਾਨਣਾ ਪਾਇਆ। ਡਾ. ਸੁਮੈਰਾ ਨੇ ਖੋਜ ਕਰਦੇ ਸਮੇਂ ਆਈਆਂ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ। ਸਮਾਰੋਹ ਵਿੱਚ ਗਾਇਕ ਗੁਰਵਿੰਦਰ ਸਿੰਘ ਬਰਾੜ ਨੇ ਪੰਜਾਬੀ ਗੀਤ ਗਾ ਕੇ ਚੰਗਾ ਮਾਹੌਲ ਸਿਰਜਿਆ। ਇਸ ਮੌਕੇ ਹਾਜ਼ਰ ਲੋਕਾਂ ਨੇ ਵੀ ਆਪਣੀਆਂ ਰਚਨਾਵਾਂ ਸੁਣਾ ਕੇ ਸੋਹਣਾ ਰੰਗ ਬੰਨ੍ਹਿਆ।