Woman Repeatedly Stabbed: ਤਿੰਨ ਜਣਿਆਂ ਨੇ ਚਾਕੂ ਮਾਰ-ਮਾਰ ਕੇ ਸਰੇਬਾਜ਼ਾਰ ਕੀਤਾ ਮੁਟਿਆਰ ਦਾ ਕਤਲ
ਪੁਲੀਸ ਨੂੰ ਮਾਮਲਾ ਨਾਜਾਇਜ਼ ਸਬੰਧਾਂ ਨਾਲ ਜੁੜਿਆ ਹੋਣ ਦਾ ਸ਼ੱਕ; ਕੋਲਕਾਤਾ ਵਿੱਚ ਭੀੜ-ਭੜੱਕੇ ਵਾਲੇ ਬਾਜ਼ਾਰ ’ਚ ਢਾਬੇ ਦੇ ਬਾਹਰ ਵਾਪਰੀ ਘਟਨਾ
ਕੋਲਕਾਤਾ, 31 ਜਨਵਰੀ
ਪੁਲੀਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਲਕਾਤਾ ਵਿਚ ਇੱਕ ਪ੍ਰਸਿੱਧ ਭੋਜਨਸ਼ਾਲਾ ਦੇ ਬਾਹਰ ਤਿੰਨ ਵਿਅਕਤੀਆਂ ਨੇ ਇਕ ਔਰਤ ਨੂੰ ਸਰੇਬਾਜ਼ਾਰ ਦੁਆਰਾ ਚਾਕੂ ਮਾਰ-ਮਾਰ ਕੇ ਮਾਰ ਸੁੱਟਿਆ। ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ।
ਇਹ ਘਟਨਾ ਵੀਰਵਾਰ ਸ਼ਾਮ ਉਦੋਂ ਵਾਪਰੀ ਜਦੋਂ ਮੁਲਜ਼ਮਾਂ ਨੇ ਪੀੜਤਾ ਰੋਫ਼ੀਆ ਸਕੀਲ (Rofiya Saquil) (20 ਸਾਲ) ਨੂੰ ਮਸ਼ਹੂਰ ਢਾਬੇ ਦੇ ਕੋਲ ਇੱਕ ਕਾਰ ਤੋਂ ਖਿੱਚ ਕੇ ਹੇਠਾਂ ਸੁੱਟ ਲਿਆ। ਰੋਫ਼ੀਆ ਨੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮਾਂ ਨੇ ਉਸ ਦਾ ਪਿੱਛਾ ਕਰਦਿਆਂ ਉਸ ਨੂੰ ਮਾਰ ਸੁੱਟਿਆ।
ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਤਿੰਨ ਸ਼ੱਕੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਔਰਤ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਨਰਕੇਲਡੰਗਾ ਖੇਤਰ ਦੇ ਰਾਜਾ ਰਾਮਨਾਰਾਇਣ ਸਟਰੀਟ ਦੀ ਰਹਿਣ ਵਾਲੇ ਮੁਹੰਮਦ ਫਹਰੂਖ ਅੰਸਾਰੀ (Mohammed Fahrukh Ansari) ਅਤੇ ਰੋਫ਼ੀਆ ਦਰਮਿਆਨ ਕਥਿਤ ਨਾਜਾਇਜ਼ ਸਬੰਧਾਂ ਦਾ ਸ਼ੱਕ ਹੈ, ਜਿਸ ਕਾਰਨ ਅੰਸਾਰੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ 'ਤੇ ਕਥਿਤ ਹਮਲਾ ਕੀਤਾ ਗਿਆ।
ਪੁਲੀਸ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਇਹ ਘਟਨਾ ਵੀਰਵਾਰ ਰਾਤ 8.30 ਵਜੇ ਦੇ ਕਰੀਬ ਵਾਪਰੀ ਜਦੋਂ ਪੀੜਤਾ ਅਤੇ ਅੰਸਾਰੀ, ਪ੍ਰਗਤੀ ਮੈਦਾਨ ਪੁਲੀਸ ਸਟੇਸ਼ਨ ਖੇਤਰ ਵਿੱਚ ਪੂਰਬੀ ਮੈਟਰੋਪੋਲੀਟਨ ਬਾਈਪਾਸ ਦੇ ਨਾਲ ਲੱਗਦੇ ਇਸ ਢਾਬੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਹਮਲਾਵਰਾਂਨੇ ਔਰਤ ਨੂੰ ਉਸਦੀ ਕਾਰ ਤੋਂ ਬਾਹਰ ਕੱਢਿਆ ਖਿੱਚ ਲਿਆ।
ਹਮਲਾਵਰਾਂ ਵਿਚ ਇੱਕ ਅੱਲ੍ਹੜ ਨੌਜਵਾਨ, ਉਸਦੀ ਮਾਂ ਅਤੇ ਇੱਕ 22 ਸਾਲਾ ਵਿਅਕਤੀ ਸ਼ਾਮਲ ਸਨ, ਜਿਨ੍ਹਾਂ ਰੋਫ਼ੀਆ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ। ਮੁਲਜ਼ਮ ਕਥਿਤ ਤੌਰ 'ਤੇ ਇੱਕ ਵੱਖਰੀ ਗੱਡੀ ਵਿੱਚ ਦੋਵਾਂ ਦਾ ਪਿੱਛਾ ਕਰ ਰਹੇ ਸਨ। ਅਧਿਕਾਰੀ ਨੇ ਕਿਹਾ ਕਿ ਅੰਸਾਰੀ ਫ਼ਰਾਰ ਹੈ ਅਤੇ ਹਮਲਾਵਰਾਂ ਵਿਚ ਸ਼ਾਮਲ ਔਰਤ ਉਸ ਦੀ ਪਤਨੀ ਦੱਸੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੀੜਤਾ ਵੀ ਕਿਸੇ ਹੋਰ ਆਦਮੀ ਨਾਲ ਵਿਆਹੀ ਹੋਈ ਸੀ।
ਰੋਫ਼ੀਆ ਨੂੰ ਸਰਕਾਰੀ ਐਨਆਰਐਸ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਐਮਰਜੈਂਸੀ ਓਟੀ ਵਿੱਚ ਸਰਜਰੀ ਕੀਤੇ ਜਾਣ ਦੇ ਬਾਵਜੂਦ ਸ਼ੁੱਕਰਵਾਰ ਤੜਕੇ 2 ਵਜੇ ਉਸਦੀ ਮੌਤ ਹੋ ਗਈ। ਡਾਕਟਰਾਂ ਮੁਤਾਬਕ ਉਸ ਨੇ ਜ਼ਿਆਦਾ ਖ਼ੂਨ ਵਹਿਣ ਕਾਰਨ ਦਮ ਤੋੜ ਦਿੱਤਾ। -ਪੀਟੀਆਈ