ਮਹਿਲਾ ਜੱਜ ਨੂੰ ਜਾਨੋਂ ਮਾਰਨ ਦੀ ਧਮਕੀ, 500 ਕਰੋੜ ਰੁਪਏ ਦੀ ਮੰਗ ਵਾਲਾ ਪੱਤਰ ਭੇਜਿਆ
ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਵਿੱਚ ਤਾਇਨਾਤ ਇੱਕ ਜੱਜ ਨੂੰ ਇੱਕ ਚਿੱਠੀ ਮਿਲੀ ਹੈ ਜਿਸ ਵਿੱਚ 500 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਪੈਸੇ ਨਾ ਦੇਣ 'ਤੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪੁਲੀਸ ਸੁਪਰਡੈਂਟ ਵਿਵੇਕ ਸਿੰਘ ਨੇ ਪੀਟੀਆਈ ਨੂੰ ਦੱਸਿਆ ਕਿ ਇਹ ਚਿੱਠੀ ਇੱਥੇ ਉੱਤਰ ਪ੍ਰਦੇਸ਼ ਦੀ ਸਰਹੱਦ ਨੇੜੇ ਸਥਿਤ ਟਿਓਨਥਰ ਅਦਾਲਤ ਵਿੱਚ ਤਾਇਨਾਤ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ (ਜੇ.ਐੱਮ.ਐੱਫ.ਸੀ.) ਮੋਹਿਨੀ ਭਦੌਰੀਆ ਨੂੰ ਸੰਬੋਧਿਤ ਸੀ ਅਤੇ ਦੋ ਦਿਨ ਪਹਿਲਾਂ ਸਪੀਡ ਪੋਸਟ ਰਾਹੀਂ ਪ੍ਰਾਪਤ ਹੋਈ ਸੀ।
ਐੱਸਪੀ ਨੇ ਦੱਸਿਆ, "ਭੇਜਣ ਵਾਲੇ ਨੇ ਖੁਦ ਨੂੰ ਇੱਕ ਬਦਨਾਮ ਡਾਕੂ ਦੱਸਿਆ ਅਤੇ ਪੈਸੇ ਨਾ ਦੇਣ ’ਤੇ ਉਸ ਨੂੰ ਖਤਮ ਕਰਨ ਦੀ ਧਮਕੀ ਦਿੱਤੀ। ਸ਼ਿਕਾਇਤ ਦੇ ਆਧਾਰ ’ਤੇ ਸੁਹਾਗੀ ਪੁਲੀਸ ਨੇ ਮਾਮਲਾ ਦਰਜ ਕੀਤਾ ਹੈ,"।
ਪੁਲਿਸ ਅਨੁਸਾਰ ਭੇਜਣ ਵਾਲੇ ਨੇ ਚਾਹਿਆ ਸੀ ਕਿ ਜੱਜ ਖੁਦ 1 ਸਤੰਬਰ ਨੂੰ ਦੇਰ ਸ਼ਾਮ ਤੱਕ ਯੂ.ਪੀ. ਦੇ ਬਾਂਦਾ ਜ਼ਿਲ੍ਹੇ ਦੇ ਬਾਰਾਗਾ ਵਿੱਚ ਪੈਸੇ ਪਹੁੰਚਾਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਭੇਜਣ ਵਾਲੇ ਦੀ ਪਛਾਣ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਬਾਰਾ ਪੁਲੀਸ ਸਟੇਸ਼ਨ ਅਧੀਨ ਆਉਣ ਵਾਲੇ ਲੋਹਗਰਾ ਦੇ ਵਸਨੀਕ ਸੰਦੀਪ ਸਿੰਘ ਵਜੋਂ ਹੋਈ ਹੈ ਅਤੇ ਉਸ ਨੇ ਡਾਕੂ ਹਨੂੰਮਾਨ ਦੇ ਗਿਰੋਹ ਦਾ ਹਿੱਸਾ ਹੋਣ ਦਾ ਦਾਅਵਾ ਕੀਤਾ ਹੈ।
ਐੱਸਪੀ ਸਿੰਘ ਨੇ ਕਿਹਾ, "ਦੋਸ਼ੀ ਨੂੰ ਫੜਨ ਲਈ ਇੱਥੋਂ ਇੱਕ ਪੁਲਿਸ ਟੀਮ ਯੂਪੀ ਪਹੁੰਚ ਗਈ ਹੈ।" ਹਾਲਾਂਕਿ, ਕੁਝ ਹੋਰ ਅਧਿਕਾਰੀਆਂ ਨੇ ਕਿਹਾ ਕਿ ਭੇਜਣ ਵਾਲਾ ਸੰਦੀਪ ਸਿੰਘ ਨਹੀਂ ਸੀ ਜਿਵੇਂ ਕਿ ਚਿੱਠੀ ਵਿੱਚ ਦਾਅਵਾ ਕੀਤਾ ਗਿਆ ਹੈ।