ਜੀਪੀਆਰ ਸਕੈਨਿੰਗ ਦੀ ਮਦਦ ਨਾਲ ਧਰਾਲੀ ’ਚ 20 ਥਾਵਾਂ ਦੀ ਪਛਾਣ, ਜਿੱਥੇ ਲੋਕਾਂ ਫਸੇ ਹੋਣ ਦਾ ਖਦਸ਼ਾ
ਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਚਿਊਟ (ਐਨਜੀਆਰਆਈ) ਦੇ ਮਾਹਿਰਾਂ ਦੀ ਇੱਕ ਟੀਮ ਇਸ ਦੁਖਾਂਤ ਤੋਂ ਬਾਅਦ ਲਾਪਤਾ 24 ਨੇਪਾਲੀ ਮਜ਼ਦੂਰਾਂ ਸਮੇਤ 66 ਲੋਕਾਂ ਦਾ ਪਤਾ ਲਗਾਉਣ ਲਈ ਖੋਜ ਕਾਰਜਾਂ ਵਿੱਚ ਮਦਦ ਕਰ ਰਹੀ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਉੱਤਰਾਖੰਡ ਦੇ 13 ਜ਼ਿਲ੍ਹਿਆਂ ਵਿੱਚੋਂ 11 ਦੇ ਕੁਝ ਵਾਟਰਸ਼ੈੱਡਾਂ ਅਤੇ ਆਂਢ-ਗੁਆਂਢ ਵਿੱਚ ਦਰਮਿਆਨੇ ਤੋਂ ਉੱਚੇ ਅਚਾਨਕ ਹੜ੍ਹ ਦਾ ਖ਼ਤਰਾ ਹੈ, ਜਿਸ ਵਿੱਚ ਉੱਤਰਕਾਸ਼ੀ ਵੀ ਸ਼ਾਮਲ ਹੈ। ਧਰਾਲੀ ਪਿੰਡ ਵਿਚ 5 ਅਗਸਤ ਨੂੰ ਆਏ ਭਿਆਨਕ ਸੈਲਾਬ ਨੇ ਪਿੰਡ ਦਾ ਕਰੀਬ ਅੱਧਾ ਹਿੱਸਾ ਚਿੱਕੜ ਹੇਠ ਦੱਬ ਦਿੱਤਾ ਅਤੇ ਨੇੜਲੇ ਹਰਸਿਲ ਵਿੱਚ ਇੱਕ ਫੌਜੀ ਕੈਂਪ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ।
ਹੇਠਲੇ ਖੇਤਰਾਂ ਵਿੱਚ ਜੀਪੀਆਰ ਸਕੈਨਿੰਗ ਰਾਹੀਂ, ਢਾਈ ਤੋਂ ਤਿੰਨ ਮੀਟਰ ਦੀ ਡੂੰਘਾਈ ’ਤੇ 20 ਅਜਿਹੀਆਂ ਥਾਵਾਂ ਮਿਲੀਆਂ ਹਨ, ਜਿੱਥੇ ਇਮਾਰਤਾਂ ਜਾਂ ਹੋਰ ਢਾਂਚਿਆਂ ਦਾ ਪਤਾ ਲਗਾਇਆ ਗਿਆ ਹੈ। ਐੱਨਡੀਆਰਐੱਫ ਦੇ ਇਕ ਅਧਿਕਾਰੀ ਨੇ ਕਿਹਾ, ‘‘ਤਿੰਨ ਮੀਟਰ ਹੇਠਾਂ ਹਲਕਾ ਮਲਬਾ ਅਤੇ ਫਿਰ ਠੋਸ ਜ਼ਮੀਨ ਮਿਲੀ ਹੈ ਜੋ ਸੁਝਾਅ ਦਿੰਦੀ ਹੈ ਕਿ ਉਸ ਪੱਧਰ ’ਤੇ ਲੋਕ ਫਸੇ ਹੋ ਸਕਦੇ ਹਨ।’’ ਜ਼ਮੀਨ ਵਿੱਚ ਪੈਨੇਟਰੇਟਿੰਗ ਰਾਡਾਰ (ਜੀਪੀਆਰ) ਸਤਹਿ ਤੋਂ 50 ਮੀਟਰ ਦੀ ਡੂੰਘਾਈ ਤੱਕ ਵਸਤਾਂ ਅਤੇ ਢਾਂਚਿਆਂ ਦਾ ਪਤਾ ਲਗਾਉਣ ਲਈ ਰੇਡੀਓ ਤਰੰਗਾਂ ਦੀ ਵਰਤੋਂ ਕਰਦੀ ਹੈ। ਅਧਿਕਾਰੀ ਨੇ ਕਿਹਾ ਕਿ ਭਾਰੀ ਉਪਕਰਣਾਂ ਨਾਲ ਖੋਜ ਕਾਰਜ ਬਹੁਤ ਸਾਵਧਾਨੀ ਨਾਲ ਕੀਤਾ ਜਾ ਰਿਹਾ ਹੈ ਕਿਉਂਕਿ ਇੱਥੇ ਮਿੱਟੀ ਦਲਦਲੀ ਅਤੇ ਧਸ ਰਹੀ ਹੈ।