ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਢੁਕਵੇਂ ਸਮੇਂ ’ਤੇ ਕਸ਼ਮੀਰ ਦਾ ਦਰਜਾ ਬਹਾਲ ਕਰਾਂਗੇ: ਸ਼ਾਹ

ਲੱਦਾਖ ਦੇ ਲੋਕਾਂ ਦੀਆਂ ਮੰਗਾਂ ਦਾ ਢੁਕਵਾਂ ਹੱਲ ਕੱਢਣ ਦਾ ਭਰੋਸਾ ਦਿਵਾਇਆ
Advertisement

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਵਾਅਦਾ ਕੀਤਾ ਕਿ ਢੁਕਵਾਂ ਸਮਾਂ ਆਉਣ ’ਤੇ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕੀਤਾ ਜਾਵੇਗਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੋਕਾਂ ਦੀਆਂ ਮੰਗਾਂ ਦਾ ਢੁਕਵਾਂ ਹੱਲ ਕੱਢਿਆ ਜਾਵੇਗਾ। ਇੱਥੇ ਮੀਡੀਆ ਸੰਮੇਲਨ ਦੌਰਾਨ ਸੰਬੋਧਨ ਕਰਦਿਆਂ ਸ਼ਾਹ ਨੇ ਦਾਅਵਾ ਕੀਤਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਅਤਿਵਾਦ ਨਾਲ ਪ੍ਰਭਾਵਿਤ ਜੰਮੂ ਕਸ਼ਮੀਰ ਵਿੱਚ ਬਦਲਾਅ ਆਇਆ ਹੈ ਅਤੇ ਪਿਛਲੇ ਨੌਂ ਮਹੀਨਿਆਂ ਵਿੱਚ ਕੋਈ ਵੀ ਸਥਾਨਕ ਵਿਅਕਤੀ ਅਤਿਵਾਦੀ ਜਥੇਬੰਦੀ ਵਿੱਚ ਭਰਤੀ ਨਹੀਂ ਹੋਇਆ ਹੈ।

‘ਏ ਬੀ ਪੀ ਨਿਊਜ਼’ ਅਤੇ ‘ਹਿੰਦੁਸਤਾਨ’ ਵੱਲੋਂ ਕਰਵਾਏ ਗਏ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ, ‘‘ਜੰਮੂ ਕਸ਼ਮੀਰ ਜਿੱਥੇ ਕਿ 1990ਵਿਆਂ ਤੋਂ ਵੱਖਵਾਦ ਚੱਲਦਾ ਆ ਰਿਹਾ ਸੀ ਉੱਥੇ ਇਹ ਗੁਣਾਤਮਕ ਤਬਦੀਲੀ ਦੇਖਣ ਨੂੰ ਮਿਲੀ ਹੈ। ਪਹਿਲਾਂ, ਪਾਕਿਸਤਾਨ ਨੂੰ ਸਰਹੱਦ ਪਾਰ ਤੋਂ ਅਤਿਵਾਦੀ ਭੇਜਣ ਦੀ ਲੋੜ ਨਹੀਂ ਸੀ ਪੈਂਦੀ। ਉਹ ਸਾਡੇ ਬੱਚਿਆਂ ਦੇ ਹੱਥਾਂ ਵਿੱਚ ਹਥਿਆਰ ਫੜਾ ਦਿੰਦੇ ਸਨ। ਹੁਣ ਹਾਲਾਤ ਬਦਲ ਗਏ ਹਨ। ਜੰਮੂ ਕਸ਼ਮੀਰ ਦੇ ਲੋਕ ਮਹਿਸੂਸ ਕਰਦੇ ਹਨ ਕਿ ਉਹ ਸਮੁੱਚੇ ਦੇਸ਼ ਦਾ ਹਿੱਸਾ ਹਨ ਅਤੇ ਸਮੁੱਚਾ ਦੇਸ਼ ਉਨ੍ਹਾਂ ਦਾ ਹੈ।’’

Advertisement

ਗ੍ਰਹਿ ਮੰਤਰੀ ਨੇ ਕਿਹਾ, ‘‘ਅੱਜ ਦੇ ਸਮੇਂ ਵਿੱਚ ਜੰਮੂ ਕਸ਼ਮੀਰ ਵਿੱਚ ਲੋਕਤੰਤਰ ਬਹਾਲ ਹੋ ਗਿਆ ਹੈ। ਪੰਚਾਇਤ ਤੇ ਮਿਉਂਸਿਪਲ ਚੋਣਾਂ ਹੋਈਆਂ ਹਨ ਅਤੇ ਇਸੇ ਤਰ੍ਹਾਂ ਵਿਧਾਨ ਸਭਾ ਚੋਣਾਂ ਵੀ ਹੋਈਆਂ ਹਨ। ਕੁਝ ਸਮੇਂ ਵਿੱਚ ਰਾਜ ਸਭਾ ਚੋਣਾਂ ਵੀ ਹੋਣਗੀਆਂ।’’ ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਹਲਫ਼ ਲੈਣ ਤੋਂ ਸਾਲ ਬਾਅਦ ਵੀ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਵਾਪਸ ਨਹੀਂ ਮਿਲਿਆ ਹੈ ਜੋ ਜੰਮੂ ਕਸ਼ਮੀਰ ਤੇ ਨਵੀਂ ਦਿੱਲੀ ਦਰਮਿਆਨ ਪਾੜਾ ਹੈ। ਇਸ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ੍ਰੀ ਸ਼ਾਹ ਨੇ ਕਿਹਾ, ‘‘ਹੋ ਸਕਦਾ ਹੈ ਕਿ ਅਬਦੁੱਲ੍ਹਾ ਇਹ ਗੱਲ ਸਿਆਸੀ ਮਜਬੂਰੀਆਂ ਕਰ ਕੇ ਕਹਿ ਰਹੇ ਹੋਣ ਪਰ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਢੁਕਵਾਂ ਸਮਾਂ ਆਉਣ ’ਤੇ ਮਿਲੇਗਾ।’’ ਲੱਦਾਖ ਵਿੱਚ ਹਾਲ ’ਚ ਹੋਏ ਪ੍ਰਦਰਸ਼ਨਾਂ ਬਾਰੇ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਲੇਹ ਤੇ ਕਾਰਗਿਲ ਦੀਆਂ ਕਮੇਟੀਆਂ ਨਾਲ ਗੱਲਬਾਤ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਅਸੀਂ ਲੋਕਾਂ ਨੂੰ ਧੀਰਜ ਰੱਖਣ ਦੀ ਅਪੀਲ ਕਰਦੇ ਹਾਂ। ਉਨ੍ਹਾਂ ਦੀਆਂ ਸਾਰੀਆਂ ਮੰਗਾਂ ਦਾ ਢੁਕਵਾਂ ਹੱਲ ਕੱਢਿਆ ਜਾਵੇਗਾ।’’

ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੇ ਆਸ ਪ੍ਰਗਟਾਈ ਕਿ ਬਿਹਾਰ ਵਿੱਚ ਕੌਮੀ ਜਮਹੂਰੀ ਗੱਠਜੋੜ ਸੱਤਾ ਵਿੱਚ ਰਹੇਗਾ। ਉਨ੍ਹਾਂ ਸੂਬੇ ਵਿੱਚ ਆਰ ਜੇ ਡੀ ਦੀ ਅਗਵਾਈ ਵਾਲੇ ‘ਇੰਡੀਆ’ ਗੱਠਜੋੜ ਨੂੰ ਨਵਾਂ ਨਕਾਬ ਪਹਿਨ ਕੇ ਆਇਆ ਜੰਗਲ ਰਾਜ ਕਰਾਰ ਦਿੱਤਾ। ਐੱਨ ਡੀ ਏ ਬਿਹਾਰ ਨੂੰ ਤਰੱਕੀ ਦੇ ਰਾਹ ’ਤੇ ਅੱਗੇ ਵਧਾਉਂਦਾ ਰਹੇਗਾ।

 

ਬੰਗਾਲ ਵਿੱਚ ਘੁਸਪੈਠ ਜਾਰੀ

ਪਟਨਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਰਾਜ ਵਾਲੇ ਅਸਾਮ ਵਿੱਚ ਘੁਸਪੈਠ ਬੰਦ ਹੋ ਗਈ ਹੈ ਪਰ ਉਸ ਦੇ ਨਾਲ ਲੱਗਦੇ ਸੂਬੇ ਪੱਛਮੀ ਬੰਗਾਲ ’ਚ ਇਹ ਅਜੇ ਵੀ ਜਾਰੀ ਹੈ, ਕਿਉਂਕਿ ਉੱਥੋਂ ਦੀ ਸਰਕਾਰ ਗੈਰ-ਕਾਨੂੰਨੀ ਪਰਵਾਸੀਆਂ ਦਾ ਨਿੱਘਾ ਸਵਾਗਤ ਕਰ ਰਹੀ ਹੈ। ਉਨ੍ਹਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਂਦਿਆਂ ਦੁਹਰਾਇਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਰਾਹੀਂ ਘੁਸਪੈਠੀਏ ਬਾਹਰ ਕੱਢੇ ਜਾਣਗੇ। ਉਨ੍ਹਾਂ ਕਿਹਾ, ‘‘ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਵਿਰੋਧੀ ਧਿਰ ਨੂੰ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਅਜਿਹੀ ਕਾਰਵਾਈ ਦੀ ਤਕਲੀਫ ਹੋ ਰਹੀ ਹੈ, ਜਿਸ ਨਾਲ ਘੁਸਪੈਠੀਏ ਬਾਹਰ ਕੱਢੇ ਜਾਣਗੇ।’’ -ਪੀਟੀਆਈ

 

ਦਰਜਾ ਬਹਾਲੀ ਦੇ ਲਾਲਚ ’ਚ ਭਾਜਪਾ ਨਾਲ ਗੱਠਜੋੜ ਨਹੀਂ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਭਾਜਪਾ ਨਾਲ ਗੱਠਜੋੜ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਰਾਜ ਦਾ ਦਰਜਾ ਬਹਾਲ ਕਰਨ ਦੀ ਲਾਲਚ ਵਿੱਚ ਉਨ੍ਹਾਂ ਦੀ ਪਾਰਟੀ ਵੱਲੋਂ ਭਾਜਪਾ ਨਾਲ ਗੱਠਜੋੜ ਨਹੀਂ ਕੀਤਾ ਜਾਵੇਗਾ।

ਸ੍ਰੀ ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੋਰਾਂ ਵਾਂਗ ਅਤੀਤ ਵਿੱਚ ਕੀਤੀਆਂ ਗ਼ਲਤੀਆਂ ਨੂੰ ਨਹੀਂ ਦੁਹਰਾਏਗੀ। ਜੇਕਰ ਰਾਜ ਦਾ ਦਰਜਾ ਬਹਾਲ ਹੋਣਾ ਭਾਜਪਾ ਦੇ ਸੱਤਾ ਵਿੱਚ ਆਉਣ ’ਤੇ ਨਿਰਭਰ ਹੈ ਤਾਂ ਭਾਜਪਾ ਨੂੰ ਇਹ ਗੱਲ ਕਬੂਲ ਲੈਣੀ ਚਾਹੀਦੀ ਹੈ; ਜੇ ਇਹ ਸੌਦੇ ਤਹਿਤ ਹੋਣਾ ਹੈ ਤਾਂ ਭਾਜਪਾ ਇਸ ਨੂੰ ਇਮਾਨਦਾਰੀ ਨਾਲ ਲੋਕਾਂ ਸਾਹਮਣੇ ਉਜਾਗਰ ਕਰੇ, ਕਿਉਂਕਿ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ, ਸੰਸਦ ਤੇ ਸੁਪਰੀਮ ਕੋਰਟ ਵਿੱਚ ਆਪਣੇ ਵਾਅਦੇ ਅਨੁਸਾਰ ਕਦੇ ਨਹੀਂ ਕਿਹਾ ਕਿ ਰਾਜ ਦਾ ਦਰਜਾ ਬਹਾਲ ਕਰਨਾ ਭਾਜਪਾ ਦਾ ਇੱਥੇ ਸੱਤਾ ਵਿੱਚ ਹੋਣ ’ਤੇ ਨਿਰਭਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਉਨ੍ਹਾਂ ਨੂੰ ਖੁੱਲ੍ਹ ਕੇ ਦੱਸੇ ਕਿ ਜਦੋਂ ਤੱਕ ਇੱਥੇ ਭਾਜਪਾ ਦੀ ਸਰਕਾਰ ਨਹੀਂ ਹੈ, ਉਦੋਂ ਤੱਕ ਰਾਜ ਦਾ ਦਰਜਾ ਬਹਾਲ ਨਹੀਂ ਹੋ ਸਕਦਾ। ਇਸ ਮਗਰੋਂ ਉਨ੍ਹਾਂ ਦੀ ਪਾਰਟੀ ਅਗਲਾ ਫ਼ੈਸਲਾ ਲਵੇਗੀ।

ਪ੍ਰੈੱਸ ਕਾਨਫ਼ਰੰਸ ਦੌਰਾਨ ਗੱਠਜੋੜ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਅਬਦੁੱਲ੍ਹਾ ਨੇ ਕਿਹਾ ਕਿ ਭਾਜਪਾ ਨਾਲ ਗੱਠਜੋੜ ਕਰਨ ਬਾਰੇ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਦੋਸ਼ ਲਾਇਆ ਕਿ 2015 ਵਿੱਚ ਭਾਜਪਾ ਅਤੇ ਪੀ ਡੀ ਪੀ ਦੇ ਹੋਏ ਗੱਠਜੋੜ ਦਾ ਸੰਤਾਪ ਜੰਮੂ ਕਸ਼ਮੀਰ ਹਾਲੇ ਤੱਕ ਭੁਗਤ ਰਿਹਾ ਹੈ। ਉਸ ਵੇਲੇ ਭਾਜਪਾ ਤੇ ਪੀ ਡੀ ਪੀ ਦੇ ਗੱਠਜੋੜ ਮੌਕੇ ਹੋਈ ਤਬਾਹੀ ਨੂੰ ਉਹ ਪਹਿਲਾਂ ਹੀ ਦੇਖ ਚੁੱਕੇ ਹਨ। ਭਵਿੱਖ ਵਿੱਚ ਅਜਿਹੀ ਗ਼ਲਤੀ ਦੁਹਰਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। -ਪੀਟੀਆਈ

Advertisement
Show comments