ਭਾਰਤ ਨੇ ਜੰਗ ਲਈ ਮਜਬੂਰ ਕੀਤਾ ਤਾਂ ਪਿੱਛੇ ਨਹੀਂ ਹਟਾਂਗੇ: ਬਿਲਾਵਲ
ਸਿੰਧੀ ਸੰਤ ਸ਼ਾਹ ਅਬਦੁਲ ਲਤੀਫ ਭਿਟਾਈ ਦੀ ਦਰਗਾਹ ’ਤੇ ਸਾਲਾਨਾ ਸਮਾਰੋਹ ਨੂੰ ਸੰਬੋਧਨ ਕਰਦਿਆਂ ਬਿਲਾਵਲ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਸ਼ਾਂਤੀ ਦੀ ਵਕਾਲਤ ਕਰਦਾ ਹੈ ਪਰ ਜੇ ਭਾਰਤ ਵੱਲੋਂ ਇਸ ਨੂੰ ਜੰਗ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਦੇਸ਼ ਪਿੱਛੇ ਨਹੀਂ ਹਟੇਗਾ।
ਉਨ੍ਹਾਂ ਕਿਹਾ, “ਸ਼ਾਹ ਅਬਦੁਲ ਲਤੀਫ ਭਿਟਾਈ ਦੀ ਧਰਤੀ ਤੋਂ ਅਸੀਂ ਮੋਦੀ ਸਰਕਾਰ ਨੂੰ ਸੁਨੇਹਾ ਦੇਵਾਂਗੇ ਕਿ ਜੇ ਜੰਗ ਹੋਈ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ, ਅਸੀਂ ਝੁਕਾਂਗੇ ਨਹੀਂ, ਜੇ ਤੁਸੀਂ ਸਿੰਧੂ ਨਦੀ ’ਤੇ ਹਮਲਾ ਕਰਨ ਬਾਰੇ ਸੋਚਿਆ ਵੀ ਤਾਂ ਪਾਕਿਸਤਾਨ ਦੇ ਹਰ ਸੂਬੇ ਦੇ ਲੋਕ ਤੁਹਾਡਾ ਸਾਹਮਣਾ ਕਰਨ ਲਈ ਤਿਆਰ ਰਹਿਣਗੇ।”
ਪਹਿਲਗਾਮ ਵਿੱਚ 22 ਅਪਰੈਲ ਨੂੰ ਅਤਿਵਾਦੀ ਹਮਲੇ ਤੋਂ ਇੱਕ ਦਿਨ ਬਾਅਦ ਭਾਰਤ ਵੱਲੋਂ ਪਾਕਿਸਤਾਨ ਖ਼ਿਲਾਫ਼ ਕਈ ਸਖ਼ਤ ਕਦਮ ਚੁੱਕੇ, ਜਿਸ ਵਿੱਚ 1960 ਦੀ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨਾ ਵੀ ਸ਼ਾਮਲ ਹੈ।
ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਨੇ ਕਿਹਾ ਕਿ ਸਿੰਧੂ ਦਰਿਆ ਨਾ ਸਿਰਫ਼ ਦੇਸ਼ ਦੇ ਪਾਣੀ ਦਾ ਇਕਲੌਤਾ ਵੱਡਾ ਸੋਮਾ ਹੈ, ਸਗੋਂ ਇਹ ਆਪਣੇ ਲੋਕਾਂ ਦੇ ਸਮੁੱਚੇ ਇਤਿਹਾਸ ਨਾਲ ਵੀ ਡੂੰਘਾ ਜੁੜਿਆ ਹੋਇਆ ਹੈ। ਸਿੰਧੂ ਸੱਭਿਅਤਾ ਇਸ ਨਦੀ ਨਾਲ ਜੁੜੀ ਹੋਈ ਹੈ।
ਉਨ੍ਹਾਂ ਕਿਹਾ, ‘‘ਸਿੰਧੂ ਦਰਿਆ ’ਤੇ ਹਮਲਾ ਸਾਡੀ ਸੱਭਿਅਤਾ, ਸਾਡੇ ਇਤਿਹਾਸ ਅਤੇ ਸਾਡੀ ਵਿਰਾਸਤ ’ਤੇ ਹਮਲਾ ਹੈ।’’ ਬਿਲਾਵਲ ਨੇ ਕਿਹਾ ਕਿ 20 ਕਰੋੜ ਲੋਕਾਂ ਨੂੰ ਪਾਣੀ ਦੀ ਸਪਲਾਈ ਬੰਦ ਕਰਨ ਦੀਆਂ ਧਮਕੀਆਂ ਖ਼ਿਲਾਫ਼ ਪਾਕਿਸਤਾਨ ਦੀ ਆਵਾਜ਼ ਆਲਮੀ ਪੱਧਰ ’ਤੇ ਬੁਲੰਦ ਕੀਤੀ ਗਈ ਹੈ।
ਪਾਕਿਸਤਾਨ ਦੇ ਲੋਕਾਂ ਕੋਲ ਦੁਸ਼ਮਣ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਤੋਂ ਛੇ ਦਰਿਆਵਾਂ ਨੂੰ ਵਾਪਸ ਲੈਣ ਦੀ ਤਾਕਤ ਹੈ।
ਬ੍ਰਹਮੋਸ ਤੇ ‘ਸੁਨਾਮੀ’ ਨਾਲ ਜਵਾਬ ਦੇਵੇਗਾ ਭਾਰਤ: ਮਿਥੁਨ
ਕੋਲਕਾਤਾ: ਅਦਾਕਾਰ ਤੋਂ ਭਾਜਪਾ ਆਗੂ ਬਣੇ ਮਿਥੁਨ ਚੱਕਰਵਰਤੀ ਨੇ ਅੱਜ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਪ੍ਰਧਾਨ ਬਿਲਾਵਲ ਭੁੱਟੋ-ਜ਼ਰਦਾਰੀ ਵੱਲੋਂ ਸਿੰਧੂ ਜਲ ਸੰਧੀ ਬਾਰੇ ਕੀਤੀ ਟਿੱਪਣੀ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਨੂੰ ਬ੍ਰਹਮੋਸ ਮਿਜ਼ਾਈਲਾਂ ਦੇ ਲੜੀਵਾਰ ਹਮਲਿਆਂ ਨਾਲ ਜਵਾਬ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇੱਕ ਬੰਨ੍ਹ ਬਣਾਇਆ ਜਾਵੇਗਾ ਜਿਸ ਵਿੱਚ 140 ਕਰੋੜ ਭਾਰਤੀ ਪਿਸ਼ਾਬ ਕਰਨਗੇ। ਉਸ ਮਗਰੋਂ ਬੰਨ੍ਹ ਨੂੰ ਖੋਲ੍ਹ ਕੇ ਗੁਆਂਢੀ ਦੇਸ਼ ਵਿੱਚ ‘ਸੁਨਾਮੀ’ ਲਿਆਂਦੀ ਜਾਵੇਗੀ। ਹਾਲਾਂਕਿ, ਮਿਥੁਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਪਾਕਿਸਤਾਨ ਦੇ ਆਮ ਲੋਕਾਂ ਨਾਲ ਕੋਈ ਨਾਰਾਜ਼ਗੀ ਨਹੀਂ ਹੈ, ਜੋ ਸ਼ਾਂਤੀਪਸੰਦ ਹਨ ਤੇ ਜੰਗ ਨਹੀਂ ਚਾਹੁੰਦੇ ਅਤੇ ਉਨ੍ਹਾਂ ਦਾ ਰੋਸ ਸਿਰਫ਼ ਪਾਕਿਸਤਾਨੀ ਸ਼ਾਸਕਾਂ ਖ਼ਿਲਾਫ਼ ਹੈ। -ਪੀਟੀਆਈ