ਕੀ ਟਰੰਪ ਦੇ ਜੰਗਬੰਦੀ ਦੇ ਦਾਅਵਿਆਂ, ਲੱਖਾਂ ਭਾਰਤੀ H1B ਧਾਰਕਾਂ ਦੇ ਫ਼ਿਕਰਾਂ ਬਾਰੇ ਕੁਝ ਬੋਲਣਗੇ ਮੋਦੀ: ਕਾਂਗਰਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸ਼ਾਮੀਂ ਪੰਜ ਵਜੇ ਰਾਸ਼ਟਰ ਨੂੰ ਸੰਬੋਧਨ ਤੋਂ ਪਹਿਲਾਂ, ਕਾਂਗਰਸ ਨੇ ਐਤਵਾਰ ਨੂੰ ਉਨ੍ਹਾਂ ’ਤੇ ਨਿਸ਼ਾਨਾ ਸੇਧਦੇ ਹੋਏ ਸਵਾਲ ਕੀਤਾ ਕਿ ਕੀ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਰਤ-ਪਾਕਿਸਤਾਨ ‘ਜੰਗਬੰਦੀ’ ਦੇ ਦਾਅਵਿਆਂ ਅਤੇ ਲੱਖਾਂ ਭਾਰਤੀ H1B ਵੀਜ਼ਾ ਧਾਰਕਾਂ ਦੀਆਂ ਫ਼ਿਕਰਾਂ ਨੂੰ ਸੰਬੋਧਿਤ ਕਰਨਗੇ ਜਾਂ ਨਵੀਆਂ GST ਦਰਾਂ ਬਾਰੇ ਉਹੀ ਪੁਰਾਣੀਆਂ ਗੱਲਾਂ ਦੁਹਰਾਉਣਗੇ। ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਮੋਦੀ ਐਤਵਾਰ ਸ਼ਾਮ 5 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦਾ ਇਹ ਸੰਬੋਧਨ ਨਵਰਾਤਿਆਂ ਦੀ ਪੂਰਬਲੀ ਸੰਧਿਆ ਮੌਕੇ ਹੋਵੇਗਾ। ਭਲਕ ਤੋਂ ਸੋਧੀਆਂ GST ਦਰਾਂ ਅਮਲ ਵਿਚ ਆਉਣਗੀਆਂ ਜਿਸ ਦਿਨ ਵੱਡੀ ਗਿਣਤੀ ਵਿੱਚ ਉਤਪਾਦਾਂ ਦੀਆਂ ਕੀਮਤਾਂ ਘਟਣਗੀਆਂ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਕਿਹਾ, ‘‘ਜਿਵੇਂ ਕਿ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਨ ਕਰਨ ਦੀ ਤਿਆਰੀ ਕਰ ਰਹੇ ਹਨ, ਵਾਸ਼ਿੰਗਟਨ ਡੀਸੀ ਵਿੱਚ ਉਨ੍ਹਾਂ ਦੇ ਚੰਗੇ ਦੋਸਤ (ਟਰੰਪ) ਨੇ ਇੱਕ ਵਾਰ ਫਿਰ ਉਨ੍ਹਾਂ ਦੀ ਗਰਜ ਚੋਰੀ ਕਰ ਲਈ ਹੈ ਅਤੇ 42ਵੀਂ ਵਾਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਅਮਰੀਕਾ ਨਾਲ ਵਧੇ ਹੋਏ ਵਪਾਰ ਨੂੰ ਲਾਭ ਵਜੋਂ ਵਰਤ ਕੇ ਆਪ੍ਰੇਸ਼ਨ ਸਿੰਧੂਰ ਨੂੰ ਰੋਕ ਦਿੱਤਾ ਹੈ।’’ ਰਮੇਸ਼ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਇਹ ਦਾਅਵੇ ਨਾ ਸਿਰਫ਼ ਅਮਰੀਕਾ ਵਿੱਚ ਬਲਕਿ ਸਾਊਦੀ ਅਰਬ, ਕਤਰ ਅਤੇ ਯੂਕੇ ਵਿੱਚ ਵੀ ਕੀਤੇ ਹਨ।
ਕਾਂਗਰਸ ਆਗੂ ਨੇ ਕਿਹਾ, ‘‘ਕੀ ਪ੍ਰਧਾਨ ਮੰਤਰੀ ਇਨ੍ਹਾਂ ਦਾਅਵਿਆਂ ’ਤੇ ਵੀ ਧਿਆਨ ਦੇਣਗੇ ਅਤੇ ਭਾਰਤ-ਅਮਰੀਕਾ ਦੇ ਵਧਦੇ ਤਣਾਅਪੂਰਨ ਸਬੰਧਾਂ ਬਾਰੇ ਗੱਲ ਕਰਨਗੇ? ਕੀ ਉਹ ਲੱਖਾਂ ਭਾਰਤੀ H1B ਧਾਰਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨਗੇ? ਕੀ ਉਹ ਉਨ੍ਹਾਂ ਕਰੋੜਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕੁਝ ਭਰੋਸਾ ਦੇਣਗੇ ਜੋ ਆਪਣੇ ਚੰਗੇ ਦੋਸਤ ਦੇ ਟੈਰਿਫਾਂ ਕਾਰਨ ਆਪਣੀ ਰੋਜ਼ੀ-ਰੋਟੀ ਗੁਆਉਣ ਲਈ ਖੜ੍ਹੇ ਹਨ? ਜਾਂ ਕੀ ਉਹ ਸਿਰਫ਼ ਉਹੀ ਦੁਹਰਾਉਣਗੇ ਜੋ ਅਸੀਂ ਸਾਰੇ ਜਾਣਦੇ ਹਾਂ ਕਿ ਨਵੀਆਂ GST ਦਰਾਂ, ਜੋ ਨਿਰਾਸ਼ਾ ਵਿੱਚ ਤਿਆਰ ਕੀਤੀਆਂ ਗਈਆਂ ਹਨ ਅਤੇ ਜੋ ਕੱਲ੍ਹ ਤੋਂ ਲਾਗੂ ਹੋਣਗੀਆਂ?’’