ਵੋਟ ਚੋਰੀ ’ਤੇ ਭਵਿੱਖ ’ਚ ਹੋਰ ਵੀ ‘ਧਮਾਕਾਖੇਜ਼ ਸਬੂਤ’ ਦੇਵਾਂਗੇ: ਰਾਹੁਲ
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਭਾਜਪਾ ’ਤੇ ਵੋਟ ਚੋਰੀ ਦੇ ਦੋਸ਼ ਦੁਹਰਾਉਂਦਿਆਂ ਦਾਅਵਾ ਕੀਤਾ ਕਿ ਭਵਿੱਖ ’ਚ ਉਹ ਇਸ ਸਬੰਧ ’ਚ ਹੋਰ ਵੀ ‘ਧਮਾਕਾਖੇਜ਼ ਸਬੂਤ’ ਪੇਸ਼ ਕਰਨਗੇ।
ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਪੜਤਾਲ (ਐੱਸ ਆਈ ਆਰ) ਦੇ ਮੁੱਦੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਆਗੂ ਨੇ ਕਿਹਾ, ‘‘ਮਹਾਰਾਸ਼ਟਰ, ਹਰਿਆਣਾ ਅਤੇ ਕਰਨਾਟਕ ਦੀਆਂ ਚੋਣਾਂ ’ਚ ਵੋਟਾਂ ਚੋਰੀ ਹੋਈਆਂ ਹਨ। ਅਸੀਂ ‘ਬਲੈਕ ਐਂਡ ਵ੍ਹਾਈਟ’ ਸਬੂਤ ਦਿੱਤੇ ਹਨ। ਆਉਂਦੇ ਸਮੇਂ ’ਚ ਅਸੀਂ ਹੋਰ ਜ਼ੋਰਦਾਰ ਅਤੇ ਧਮਾਕਾਖੇਜ਼ ਸਬੂਤ ਦੇਵਾਂਗੇ।’’ ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ‘ਵੋਟ ਚੋਰ, ਗੱਦੀ ਛੋੜ’ ਦਾ ਨਾਅਰਾ ਹੁਣ ਪੂਰੇ ਮੁਲਕ ’ਚ ਗੂੰਜ ਰਿਹਾ ਹੈ ਅਤੇ ਵੋਟ ਚੋਰੀ ਕਰਕੇ ਸਰਕਾਰਾਂ ਬਣਾਈਆਂ ਜਾ ਰਹੀਆਂ ਹਨ। ਭਾਜਪਾ ਆਗੂਆਂ ’ਤੇ ਵਿਅੰਗ ਕਰਦਿਆਂ ਰਾਹੁਲ ਨੇ ਕਿਹਾ, ‘‘ਭਾਜਪਾ ਆਗੂ ਘਬਰਾਉਣ ਨਾ। ਜਦੋਂ ਹਾਈਡਰੋਜਨ ਬੰਬ ਆਵੇਗਾ ਤਾਂ ਸਾਰਾ ਕੁਝ ਸਾਫ਼ ਹੋ ਜਾਵੇਗਾ।’’ ਇਸ ਦੌਰਾਨ ਰਾਹੁਲ ਗਾਂਧੀ ਨੇ ਰਾਏਬਰੇਲੀ ’ਚ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ ਦੀ ਮੀਟਿੰਗ ’ਚ ਵੀ ਹਿੱਸਾ ਲਿਆ।