ਬਿਹਾਰ ਵਿੱਚ ਰੱਖਿਆ ਲਾਂਘਾ ਬਣਾਵਾਂਗੇ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੌਮੀ ਜਮਹੂਰੀ ਗੱਠਜੋੜ (ਐੱਨ ਡੀ ਏ) ਸਰਕਾਰ ਬਣਨ ’ਤੇ ਬਿਹਾਰ ਵਿੱਚ ਰੱਖਿਆ ਲਾਂਘਾ (ਡਿਫੈਂਸ ਕੋਰੀਡੋਰ) ਬਣਾਇਆ ਜਾਵੇਗਾ ਅਤੇ ਹਰ ਜ਼ਿਲ੍ਹੇ ਵਿੱਚ ਫੈਕਟਰੀਆਂ ਲਾਈਆਂ ਜਾਣਗੀਆਂ। ਸ਼ਿਵਹਰ, ਸੀਤਾਮੜੀ ਅਤੇ ਮਧੂਬਨੀ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਭਰੋਸਾ ਪ੍ਰਗਟਾਇਆ ਕਿ 14 ਨਵੰਬਰ ਨੂੰ ਦੁਪਹਿਰ 1 ਵਜੇ ਤੱਕ, ਜਦੋਂ ਚੋਣ ਨਤੀਜੇ ਐਲਾਨੇ ਜਾਣਗੇ, ਰਾਸ਼ਟਰੀ ਜਨਤਾ ਦਲ (ਆਰਜੇਡੀ)-ਕਾਂਗਰਸ ਗੱਠਜੋੜ ਦਾ ਸਫ਼ਾਇਆ ਹੋ ਜਾਵੇਗਾ ਅਤੇ ਬਿਹਾਰ ਵਿੱਚ ਐੱਨ ਡੀ ਏ ਦੀ ਮੁੜ ਸਰਕਾਰ ਬਣੇਗੀ।
ਸ਼ਾਹ ਨੇ ਕਿਹਾ, ‘‘ਸਮਰਾਟ ਚੰਦਰਗੁਪਤ ਮੌਰਿਆ ਕਾਲ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਲ ਤੱਕ ਗੰਡਕ, ਕੋਸੀ ਅਤੇ ਗੰਗਾ ਨਦੀਆਂ ਨੇ ਬਿਹਾਰ ਵਿੱਚ ਹੜ੍ਹਾਂ ਨਾਲ ਤਬਾਹੀ ਮਚਾਈ ਹੈ। ਐੱਨ ਡੀ ਏ ਦੀ ਸਰਕਾਰ ਬਣਨ ’ਤੇ ਸੂਬੇ ਨੂੰ ਹੜ੍ਹ ਮੁਕਤ ਬਣਾਉਣ ਲਈ ਕਮਿਸ਼ਨ ਗਠਿਤ ਕੀਤਾ ਜਾਵੇਗਾ।’’ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਸ਼ਾਹ ਨੇ ਦਾਅਵਾ ਕੀਤਾ, ‘‘ਪਹਿਲਾਂ ਅਤਿਵਾਦੀਆਂ ਨੂੰ ਬਰਿਆਨੀ ਪਰੋਸੀ ਜਾਂਦੀ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲਗਾਮ ਹਮਲੇ ਦੇ 10 ਦਿਨਾਂ ਦੇ ਅੰਦਰ ‘ਅਪਰੇਸ਼ਨ ਸਿੰਧੂਰ’ ਚਲਾ ਕੇ ਅਤਿਵਾਦੀਆਂ ਦਾ ਸਫ਼ਾਇਆ ਕਰ ਦਿੱਤਾ।’’
ਸ੍ਰੀ ਸ਼ਾਹ ਨੇ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਭਾਰਤ ਸੁਰੱਖਿਅਤ ਹੈ ਅਤੇ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਬਿਹਾਰ ਵਿੱਚੋਂ ਨਕਸਲਵਾਦ ਖ਼ਤਮ ਹੋ ਗਿਆ ਹੈ।
