ਕੌਣ ਹੋਵੇਗਾ ਦਲਾਈ ਲਾਮਾ ਦਾ ਜਾਨਸ਼ੀਨ?
ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 29 ਜੂਨ
ਮੈਕਲੋਡਗੰਜ ਵਿੱਚ ਤਿੱਬਤੀ ਅਧਿਆਤਮਕ ਆਗੂ ਦਲਾਈਲਾਮਾ ਦੇ 6 ਜੁਲਾਈ ਦਾ 90ਵਾਂ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਚੱਲਦੀਆਂ ਹੋਣ ਕਾਰਨ ਇਹ ਜਗ੍ਹਾ ਖਿੱਚ ਦਾ ਕੇਂਦਰ ਬਣੀ ਹੋਈ ਹੈ। ਚੀਨ ਵੱਲੋਂ ਇਸ ਪਵਿੱਤਰ ਰਵਾਇਤ ਨੂੰ ਹਾਈਜੈਕ ਕੀਤੇ ਜਾਣ ਦੀਆਂ ਚਿੰਤਾਵਾਂ ਦਰਮਿਆਨ ਇਸ ਗੱਲ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ ਹੈ ਕਿ ਨੋਬੇਲ ਪੁਰਸਕਾਰ ਜੇਤੂ ਇਸ ਦੌਰਾਨ ਆਪਣੇ ਪੁਨਰਜਨਮ ਅਤੇ ਜਾਨਸ਼ੀਨ ਯੋਜਨਾ ਬਾਰੇ ਸੰਕੇਤ ਦੇ ਸਕਦੇ ਹਨ।
ਦੁਨੀਆ ਭਰ ਤੋਂ ਬੋਧੀ ਵਿਦਵਾਨ ਅਤੇ ਭਿਕਸ਼ੂ 2 ਜੁਲਾਈ ਨੂੰ ਮੈਕਲੋਡਗੰਜ ਜਿਸ ਨੂੰ ‘ਲਿਟਲ ਲਹਾਸਾ’ ਵੀ ਕਿਹਾ ਜਾਂਦਾ ਹੈ, ਵਿੱਚ ਤਿੰਨ ਦਿਨਾਂ ਦੀ ਕਾਨਫ਼ਰੰਸ ਲਈ ਇਕੱਠੇ ਹੋਣਗੇ। ਇੱਥੇ 14ਵੇਂ ਦਲਾਈਲਾਮਾ ਤੇਨਜ਼ਿਨ ਗਿਆਤਸੋ ਦੇ ਜਾਨਸ਼ੀਨ ਦੇ ਮਹੱਤਵਪੂਰਨ ਮੁੱਦੇ ਬਾਰੇ ਕੁਝ ਸਪੱਸ਼ਟਤਾ ਹੋ ਸਕਦੀ ਹੈ, ਜਿਸ ਦਾ ਆਲਮੀ ਭਾਈਚਾਰਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।
ਮਸ਼ਹੂਰ ਫਰਾਂਸੀਸੀ ਤਿੱਬਤ ਵਿਗਿਆਨੀ ਕਲੌਡ ਆਰਪੀ ਨੇ ਕਿਹਾ, ‘‘ਦਲਾਈਲਾਮਾ ਵੱਲੋਂ ਆਪਣੀ ਨਵੀਂ ਕਿਤਾਬ ‘ਵੁਆਇਸ ਫਾਰ ਦਿ ਵੁਆਇਸਲੈੱਸ’ ਵਿੱਚ ਕਿਹਾ ਗਿਆ ਹੈ ਕਿ ਉਹ ਇੱਕ ਆਜ਼ਾਦ ਦੇਸ਼ ਵਿੱਚ ਪੈਦਾ ਹੋਣਗੇ, ਸ਼ਾਇਦ ਭਾਰਤ ਵਿੱਚ ਅਤੇ ਯਕੀਨਨ ਚੀਨ ਵਿੱਚ ਨਹੀਂ, ਨੇ ਕਮਿਊਨਿਸਟ ਸ਼ਾਸਨ ਨੂੰ ਨਾਰਾਜ਼ ਕਰ ਦਿੱਤਾ ਹੈ। ਅਜਿਹੇ ਵਿੱਚ, ਚੀਨੀ ਕਮਿਊਨਿਸਟ ਸ਼ਾਸਨ ਵੱਲੋਂ ਦਲਾਈ ਲਾਮਾ ਦੇ ਪੁਨਰਜਨਮ ਨੂੰ ਲੱਭਣ ਦੀ ਤਿੱਬਤੀ ਅਧਿਆਤਮਕ ਰਵਾਇਤ ਨੂੰ ਹਾਈਜੈਕ ਕੀਤੇ ਜਾਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਚੀਨ ਵੱਲੋਂ ਉਨ੍ਹਾਂ ਦੇ ਜਾਨਸ਼ੀਨ ਨੂੰ ਲੱਭਣ ਦੇ ਮੁੱਦੇ ਨੂੰ ਹਾਈਜੈਕ ਕੀਤੇ ਜਾਣ ਸਬੰਧੀ ਦਲਾਈਲਾਮਾ ਦੀਆਂ ਚਿੰਤਾਵਾਂ ਨੂੰ ਦੁਹਰਾਇਆ। ਉਨ੍ਹਾਂ ਕਿਹਾ, ‘‘ਦਲਾਈਲਾਮਾ ਇਸ ਖਤਰੇ ਬਾਰੇ ਕਾਫੀ ਖੁੱਲ੍ਹ ਕੇ ਬੋਲ ਰਹੇ ਹਨ ਅਤੇ ਉਨ੍ਹਾਂ ਨੇ ਜਨਤਕ ਤੌਰ ’ਤੇ ਆਪਣੇ ਲੋਕਾਂ ਨੂੰ ਚੀਨ ਵੱਲੋਂ ਨਿਯੁਕਤ ਦਲਾਈਲਾਮਾ ਨੂੰ ਸਵੀਕਾਰ ਨਾ ਕਰਨ ਲਈ ਕਿਹਾ ਹੈ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਲਾਈਲਾਮਾ ਦਾ ਕਿਸੇ ਕਮਿਊਨਿਸਟ ਪ੍ਰਣਾਲੀ ਵਿੱਚ ਵਾਪਸ ਜਾਣ ਦਾ ਕੋਈ ਇਰਾਦਾ ਨਹੀਂ ਹੈ ਜੋ ਕਿ ਪੁਨਰਜਨਮ ਦੇ ਬੁਨਿਆਦੀ ਆਧਾਰ ਨੂੰ ਰੱਦ ਕਰਦੀ ਹੈ।
ਲੋਕ ਸਭਾ ਸਪੀਕਰ ਅੱਜ ਦਲਾਈ ਲਾਮਾ ਨਾਲ ਕਰਨਗੇ ਮੁਲਾਕਾਤ
ਨਵੀਂ ਦਿੱਲੀ: ਲੋਕ ਸਭਾ ਸਪੀਕਰ ਓਮ ਬਿਰਲਾ ਭਲਕੇ ਰਾਸ਼ਟਰਮੰਡਲ ਸੰਸਦੀ ਐਸੋਸੀਏਸ਼ਨ (ਸੀਪੀਏ) ਦੇ ਖੇਤਰੀ ਸੰਮੇਲਨ ਦਾ ਉਦਘਾਟਨ ਕਰਨ ਲਈ ਆਪਣੀ ਧਰਮਸ਼ਾਲਾ ਯਾਤਰਾ ਦੌਰਾਨ ਤਿੱਬਤ ਦੇ ਧਾਰਮਿਕ ਆਗੂ ਦਲਾਈ ਲਾਮਾ ਨਾਲ ਗੱਲਬਾਤ ਕਰਨਗੇ। ਸੀਪੀਏ ਦੇ ਜ਼ੋਨ-2 ਵਿੱਚ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸੂਬੇ ਅਤੇ ਦਿੱਲੀ ਤੇ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਹਨ। ਦੋ ਰੋਜ਼ਾ ਸੰਮੇਲਨ ਦੌਰਾਨ ਕਈ ਅਹਿਮ ਸੈਸ਼ਨ ਹੋਣਗੇ ਅਤੇ ਕਈ ਅਹਿਮ ਕਾਨੂੰਨੀ ਤੇ ਸੰਵਿਧਾਨਕ ਮੁੱਦਿਆਂ ’ਤੇ ਚਰਚਾ ਹੋਵੇਗੀ। -ਪੀਟੀਆਈ