ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਿੰਮੇਵਾਰ ਕੌਣ: ਪੰਜਾਬ ਸਰਕਾਰ ਦੇ ਮੈਮੋਰੰਡਮ ਦਾ ਪੇਚ ਫਸਿਆ

ਹਡ਼੍ਹਾਂ ਕਾਰਨ ਹੋਏ ਨੁਕਸਾਨ ਦੇ ਵੇਰਵੇ ਨਹੀਂ ਹੋਏ ਤਿਆਰ
Advertisement

ਪੰਜਾਬ ਸਰਕਾਰ ਵੱਲੋਂ ਸੂਬੇ ’ਚ ਭਿਆਨਕ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਤਿਆਰ ਕੀਤੇ ਜਾਣ ਵਾਲੇ ਮੈਮੋਰੰਡਮ ਦਾ ਪੇਚ ਕਸੂਤਾ ਫਸ ਗਿਆ ਜਾਪਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਖ ਚੁੱਕੇ ਹਨ ਕਿ ਪੰਜਾਬ ਸਰਕਾਰ ਤਰਫ਼ੋਂ ਹੜ੍ਹਾਂ ਨਾਲ ਹੋਈ ਤਬਾਹੀ ਬਾਰੇ ਕੋਈ ਮੈਮੋਰੰਡਮ ਨਹੀਂ ਦਿੱਤਾ ਗਿਆ ਹੈ। ਇੱਧਰ, ਪੰਜਾਬ ਸਰਕਾਰ ਹਾਲੇ ਤੱਕ ਇਹ ਮੈਮੋਰੰਡਮ ਤਿਆਰ ਨਹੀਂ ਕਰ ਸਕੀ ਹੈ। ਮੁੱਖ ਸਕੱਤਰ ਕੇ ਏ ਪੀ ਸਿਨਹਾ ਨੇ ਕੇਂਦਰ ਨੂੰ ਭੇਜੇ ਜਾਣ ਵਾਲੇ ਮੈਮੋਰੰਡਮ ਨੂੰ ਅੰਤਿਮ ਛੋਹਾਂ ਦੇਣ ਲਈ 8 ਅਕਤੂਬਰ ਨੂੰ 13 ਵਿਭਾਗਾਂ ਦੀ ਮੁੜ ਮੀਟਿੰਗ ਸੱਦੀ ਹੈ। ਦੱਸਣਯੋਗ ਹੈ ਕਿ ਸੂਬਾ ਸਰਕਾਰ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ 13,832 ਕਰੋੜ ਦੇ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕਰ ਚੁੱਕੀ ਹੈ। ਸੂਤਰਾਂ ਨੇ ਦੱਸਿਆ ਕਿ ਬੀਤੇ ਦਿਨੀਂ ਮੁੱਖ ਸਕੱਤਰ ਵੱਲੋਂ ਮੈਮੋਰੰਡਮ ਤਿਆਰ ਕਰਨ ਵਾਸਤੇ ਜੋ ਰੀਵਿਊ ਮੀਟਿੰਗ ਕੀਤੀ ਗਈ, ਉਸ ’ਚ ਕੇਂਦਰ ਤੋਂ ਮੰਗੇ ਗਏ ਵਿਸ਼ੇਸ਼ ਰਾਹਤ ਪੈਕੇਜ ਵਾਲੇ ਅੰਕੜੇ ਨਾਲ ਮੀਟਿੰਗ ’ਚ ਪੇਸ਼ ਅੰਕੜੇ ਮੇਲ ਨਹੀਂ ਖਾ ਰਹੇ ਸਨ। ਇਸ ਕਰਕੇ ਭਲਕੇ ਬੁੱਧਵਾਰ ਨੂੰ ਮੁੜ ਮੀਟਿੰਗ ਸੱਦੀ ਗਈ ਹੈ।

ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨੂੰ ਜ਼ੁਬਾਨੀ ਤੌਰ ’ਤੇ ਆਪੋ ਆਪਣੇ ਵਿਭਾਗ ਦੀ ਮੰਗ ਨੂੰ ਰਿਵਾਈਜ਼ ਕਰਨ ਲਈ ਕਿਹਾ ਗਿਆ ਹੈ। ਪ੍ਰਬੰਧਕੀ ਸਕੱਤਰਾਂ ਵੱਲੋਂ ਸੋਧੇ ਅਨੁਮਾਨਾਂ ਵਾਲੀ ਰਿਪੋਰਟ ਅੱਜ ਦੁਪਹਿਰ 2 ਵਜੇ ਤੱਕ ਦਿੱਤੀ ਜਾਣੀ ਸੀ। ਭਲਕੇ ਮੀਟਿੰਗ ’ਚ ਮੈਮੋਰੰਡਮ ਨੂੰ ਆਖ਼ਰੀ ਰੂਪ ਦਿੱਤਾ ਜਾਣਾ ਹੈ ਜੋ ਕੇਂਦਰੀ ਅੰਤਰ-ਮੰਤਰਾਲਾ ਟੀਮ ਨੂੰ ਸੌਂਪਿਆ ਜਾਵੇਗਾ। ਖੇਤੀ ਮਹਿਕਮੇ ਨੂੰ ਚੀਨੀ ਵਾਇਰਸ ਨਾਲ ਹੋਏ ਫ਼ਸਲੀ ਨੁਕਸਾਨ ਦੀ ਪੂਰਤੀ ਦੇ ਮਾਮਲੇ ਨੂੰ ਵੀ ਮੈਮੋਰੰਡਮ ’ਚ ਸ਼ਾਮਲ ਕੀਤੇ ਜਾਣ ਬਾਰੇ ਕਿਹਾ ਗਿਆ ਹੈ। ਸਿੱਖਿਆ ਵਿਭਾਗ ਨੂੰ ਸਕੂਲਾਂ ਦੇ ਹਰ ਤਰ੍ਹਾਂ ਦੇ ਹੋਏ ਨੁਕਸਾਨ ਨੂੰ ਮੈਮੋਰੰਡਮ ’ਚ ਸ਼ਾਮਲ ਕਰਨ ਵਾਸਤੇ ਕਿਹਾ ਗਿਆ ਹੈ। ਪੰਜਾਬ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਮੈਮੋਰੰਡਮ ਫਾਈਨਲ ਕਰ ਲਿਆ ਗਿਆ ਹੈ ਅਤੇ ਜਲਦੀ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ ਪ੍ਰੰਤੂ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਦਸਤਾਵੇਜ਼ਾਂ ਅਨੁਸਾਰ ਹਾਲੇ ਮੈਮੋਰੰਡਮ ਨੂੰ ਅੰਤਿਮ ਛੋਹ ਦਿੱਤੀ ਜਾਣੀ ਬਾਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 30 ਸਤੰਬਰ ਨੂੰ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਇਹ ਗੱਲ ਉੱਭਰੀ ਸੀ ਕਿ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਕੇਂਦਰ ਨੂੰ ਮੈਮੋਰੰਡਮ ਹੀ ਨਹੀਂ ਭੇਜਿਆ ਗਿਆ ਹੈ। ਮੁੱਖ ਮੰਤਰੀ ਦੀ ਮਿਲਣੀ ਨੂੰ ਕਰੀਬ ਹਫ਼ਤਾ ਬੀਤ ਚੁੱਕਾ ਹੈ ਪਰ ਅਧਿਕਾਰੀਆਂ ਵੱਲੋਂ ਹਾਲੇ ਤੱਕ ਮੈਮੋਰੰਡਮ ਤਿਆਰ ਨਹੀਂ ਕੀਤਾ ਜਾ ਸਕਿਆ ਹੈ। ਮੈਮੋਰੰਡਮ ਭੇਜੇ ਜਾਣ ਦੀ ਢਿੱਲ-ਮੱਠ ਨੇ ਪੰਜਾਬ ਭਾਜਪਾ ਨੂੰ ਸਿਆਸੀ ਹੱਲਾ ਬੋਲਣ ਦਾ ਮੌਕਾ ਦੇ ਦਿੱਤਾ ਹੈ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੈਮੋਰੰਡਮ ਨਾ ਭੇਜੇ ਜਾਣ ਦੇ ਮਾਮਲੇ ’ਤੇ ‘ਆਪ’ ਸਰਕਾਰ ਨੂੰ ਘੇਰਿਆ। ਦੂਸਰੀ ਤਰਫ਼ ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਵੀ ਜੁਆਬੀ ਹਮਲਾ ਕਰਦਿਆਂ ਹੜ੍ਹ ਰਾਹਤ ਫ਼ੰਡਾਂ ਨੂੰ ਲੈ ਕੇ ਕੇਂਦਰੀ ਵਿਤਕਰੇ ਦੀ ਗੱਲ ਰੱਖੀ ਹੈ।

Advertisement

»

 

ਪੰਜਾਬ ਸਰਕਾਰ ਲਈ ਮੈਮੋਰੰਡਮ ਤਰਜੀਹੀ: ਵਰਮਾ

ਵਧੀਕ ਮੁੱਖ ਸਕੱਤਰ (ਮਾਲ) ਅਨੁਰਾਗ ਵਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਲਈ ਹੜ੍ਹਾਂ ਦੇ ਨੁਕਸਾਨ ਲਈ ਤਿਆਰ ਕੀਤਾ ਜਾ ਰਿਹਾ ਖਰੜਾ ਤਰਜੀਹੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਵਿਭਾਗਾਂ ਤਰਫ਼ੋਂ ਢੁਕਵੇਂ ਫਾਰਮੈਟ ’ਚ ਪੂਰੀ ਸੂਚਨਾ ਨਹੀਂ ਦਿੱਤੀ ਗਈ ਸੀ ਜਿਸ ਕਰਕੇ ਭਲਕੇ ਮੁੜ ਮੀਟਿੰਗ ਕੀਤੀ ਜਾ ਰਹੀ ਹੈ।

Advertisement
Show comments