ਜਦੋਂ ਕਰੀਮ ਲਾਲਾ ਨੇ ਹੈਲੇਨ ਨੂੰ ਘਰ ਵਾਪਸ ਦਿਵਾਇਆ
ਬੌਲੀਵੁੱਡ ਦੀ ਮਸ਼ਹੂਰ ਡਾਂਸਰ ਬਣਨ ਤੋਂ ਪਹਿਲਾਂ ਅਦਾਕਾਰਾ ਹੈਲੇਨ ਨੂੰ ਆਪਣੀ ਜ਼ਿੰਦਗੀ ’ਚ ਅਜਿਹਾ ਸਮਾਂ ਵੀ ਦੇਖਣਾ ਪਿਆ ਜਦੋਂ ਉਸ ਦੇ ਪਹਿਲੇ ਪਤੀ ਫਿਲਮਸਾਜ਼ ਪੀ ਐੱਨ ਅਰੋੜਾ ਨੇ ਉਸ ਨੂੁੰ ਉਸ ਦੇ ਹੀ ਘਰ ਤੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਇਸ ਮਗਰੋਂ ਹੈਲੇਨ ਨੂੁੰ ਮੁੰਬਈ ਦੇ ਅੰਡਰਵਰਲਡ ਦੀ ਮਦਦ ਲੈਣ ਲਈ ਮਜਬੂਰ ਹੋਣਾ ਪਿਆ। ਇਹ ਖੁਲਾਸਾ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਰਾਕੇਸ਼ ਮਾਰੀਆ ਦੀ ਨਵੀਂ ਕਿਤਾਬ ‘ਵੈੱਨ ਇਟ ਆਲ ਬਿਗੇਨ: ਦਿ ਅਨਟੋਲਡ ਸਟੋਰੀਜ਼ ਆਫ ਦਿ ਅੰਡਰਵਰਲਡ’ ਰਾਹੀਂ ਹੋਇਆ ਹੈ। ਕਿਤਾਬ ਵਿੱਚ ਮੁੰਬਈ ਦੇ ਅੰਡਰਵਰਲਡ ਦੀ ਚੜ੍ਹਤ ਅਤੇ ਨਿਘਾਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਤੋਂ ਇਲਾਵਾ ਡੌਨਾਂ ਦੀ ਪਹਿਲੀ ਪੀੜ੍ਹੀ ਜਿਵੇਂ ਕਰੀਮ ਲਾਲਾ, ਹਾਜੀ ਮਸਤਾਨ ਤੇ ਦਿਲੀਪ ਅਜ਼ੀਜ਼ ਬਾਰੇ ਜਾਣਕਾਰੀ ਵੀ ਸ਼ਾਮਲ ਹੈ। ਇਸ ’ਚ ਹੈਲੇਨ ਨੂੰ ਆਪਣਾ ਘਰ ਵਾਪਸ ਲੈਣ ’ਚ ਕਰੀਮ ਲਾਲਾ ਵੱਲੋਂ ਮਦਦ ਕਰਨ ਵਾਲੀ ਘਟਨਾ ਦਾ ਜ਼ਿਕਰ ਵੀ ਹੈ। ਇਸ ਕਿਤਾਬ ’ਚ ਜ਼ਿਕਰ ਹੈ ਕਿ ਰੰਗੂਨ ਵਿੱਚ ਜੰਮੀ ਹੈਲੇਨ ਜੋ ਇਸ ਮਹੀਨੇ 87 ਵਰ੍ਹਿਆਂ ਦੀ ਹੋ ਗਈ ਹੈ, ਕਿਵੇਂ ਬਰਮਾ ਦੀ ਜੰਗ ’ਚੋਂ ਬਚਦਿਆਂ ਮੁੰਬਈ ਪੁੱਜੀ। ਵਿੱਤੀ ਤੰਗੀ ਕਾਰਨ ਉਸ ਨੂੰ ਫਿਲਮਾਂ ’ਚ ਕੰਮ ਕਰਨਾ ਪਿਆ ਜੋ 1950 ਦੇ ਦੌਰ ਤੇ ਮਗਰੋਂ ਬੌਲੀਵੁੱਡ ਦੀ ਮਸ਼ਹੂਰ ਡਾਂਸਰ ਬਣ ਗਈ।
ਕਿਤਾਬ ਮੁਤਾਬਕ ਹੈਲੇਨ ਦਾ ਆਪਣੀ ਉਮਰ ਤੋਂ ਕਾਫ਼ੀ ਵੱਡੇ ਅਰੋੜਾ ਨਾਲ ਰਿਸ਼ਤਾ ਸੀ ਤੇ ਉਸ ਨੇ ਆਪਣੇ ਪੈਸੇ, ਇੱਥੋਂ ਤੱਕ ਕਿ ਸਾਰੀ ਜਾਇਦਾਦ ਦਾ ਕੰਟਰੋਲ ਉਸ ਨੂੰ ਦੇ ਦਿੱਤਾ ਸੀ। ਅਰੋੜਾ ਆਪਣੇ ਕਰੀਅਰ ’ਚ ਕੁਝ ਚੰਗਾ ਨਹੀਂ ਸੀ ਕਰ ਰਿਹਾ, ਉਸ ਨੇ ਹੈਲੇਨ ਨਾਲ ਮਾੜਾ ਵਰਤਾਓ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਸਭ ਚੁੱਪ-ਚਾਪ ਸਹਿੰਦੀ ਰਹੀ। ਆਖ਼ਰਕਾਰ ਅਰੋੜਾ ਨੇ ਹੈਲੇਨ ਨੂੰ ਉਸ ਦੀ ਹੀ ਜਾਇਦਾਦ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇੱਕ ਦਿਨ ਉਸ ਨੁੂੰ ਆਪਣੇ ਹੀ ਘਰੋਂ ਬਾਹਰ ਕੱਢ ਦਿੱਤਾ। ਹੈਲੇਨ ਨੇ ਅਦਾਕਾਰ ਦਿਲੀਪ ਕੁਮਾਰ ਅਤੇ ਲੇਖਕ ਸਲੀਮ ਖਾਨ ਤੋਂ ਮਦਦ ਮੰਗੀ ਜੋ ਉਸ ਦੇ ਕਾਫ਼ੀ ਚੰਗੇ ਦੋਸਤ ਸਨ। ਦਿਲੀਪ ਕੁਮਾਰ ਨੇ ਲਾਲਾ ਨਾਲ ਖ਼ੁਦ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਅਜਿਹਾ ਨਾ ਹੋ ਸਕਿਆ ਤਾਂ ਉਨ੍ਹਾਂ ਨੋਟ ਲਿਖ ਕੇ ਹੈਲੇਨ ਨੂੰ ਦਿੰਦਿਆਂ ਲਾਲਾ ਕੋਲ ਜਾਣ ਲਈ ਕਿਹਾ। ਕਰੀਮ ਲਾਲਾ ਦੇ ਦਰਬਾਰ ’ਚ ਪੁੱਜਣ ਮਗਰੋਂ ਜਦੋਂ ਹੈਲੇਨ ਨੇ ਉਸ ਨੂੰ ਹੱਡਬੀਤੀ ਸੁਣਾਈ ਤਾਂ ਉਸ ਨੇ ਉਸ ਨੂੰ ਉਸ ਦਾ ਘਰ ਵਾਪਸ ਦਿਵਾਉਣ ਦਾ ਵਾਅਦਾ ਕੀਤਾ। ਕਿਤਾਬ ਮੁਤਾਬਕ ਜਦੋਂ ਉਹ ਘਰ ਪੁੱਜੀ, ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਉਦੋਂ ਤੱਕ ਅਰੋੜਾ ਘਰ ਛੱਡ ਕੇ ਜਾ ਚੁੱਕਾ ਸੀ ਤੇ ਘਰ ਦੀਆਂ ਚਾਬੀਆਂ ਗਾਰਡ ਕੋਲ ਸਨ। ਇਹ ਕਿਤਾਬ ਭਲਕੇ ਮੁੰਬਈ ਵਿੱਚ ਰਿਲੀਜ਼ ਹੋ ਰਹੀ ਹੈ, ਇਹ ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਪ੍ਰਕਾਸ਼ਿਤ ਕੀਤੀ ਹੈ।
