ਜਦੋਂ ‘ਬੈੱਡਰੂਮ ਜੇਹਾਦੀਆਂ’ ਨੇ ਸੁਰੱਖਿਆ ਬਲਾਂ ਨੂੰ ਵਖ਼ਤ ਪਾਇਆ
ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਏਜੰਸੀਆਂ ‘ਬੈੱਡਰੂਮ ਜੇਹਾਦੀਆਂ’ ਦੇ ਰੂਪ ਵਿੱਚ ਇੱਕ ਨਵੇਂ ਅਤੇ ਘਾਤਕ ਖ਼ਤਰੇ ਨਾਲ ਜੂਝ ਰਹੀਆਂ ਹਨ। ਇਹ ਲੋਕ ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਫੈਲਾ ਰਹੇ ਹਨ ਤੇ ਗਲਤ ਜਾਣਕਾਰੀ ਸਾਂਝੀ ਕਰ ਕੇ ਨਫਰਤ ਪੈਦਾ ਕਰ ਰਹੇ ਹਨ। ਸੁਰੱਖਿਆ ਬਲਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਖਤਰਾ ਜੰਗਲਾਂ ਤੇ ਮੋਰਚਿਆਂ ਵਿਚ ਨਹੀਂ ਬਲਕਿ ਘਰਾਂ ਵਿਚੋਂ ਪੈਦਾ ਹੋ ਰਿਹਾ ਹੈ। ਉਨ੍ਹਾਂ ਅਨੁਸਾਰ ਇਹ ਨੌਜਵਾਨਾਂ ਨੂੰ ਫਿਰਕੂ ਰੰਗਤ ਦੇ ਕੇ ਕੁਰਾਹੇ ਪਾ ਰਹੇ ਹਨ। ਸੁਰੱਖਿਆ ਬਲਾਂ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕੇ ਸੋਸ਼ਲ ਮੀਡੀਆ ਹੈਂਡਲਾਂ ਦੇ ਇੱਕ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਨੂੰ ਦਹਿਸ਼ਤਗਰਦ ਸਮੂਹਾਂ ਅਤੇ ਪਾਕਿਸਤਾਨ ਵਿੱਚ ਉਨ੍ਹਾਂ ਦੇ ਹਮਾਇਤੀਆਂ ਵਲੋਂ ਚਲਾਇਆ ਜਾ ਰਿਹਾ ਹੈ ਜੋ ਸਥਾਨਕ ਡਿਜੀਟਲ ਸਪੇਸ ਵਿੱਚ ਸਰਗਰਮੀ ਨਾਲ ਘੁਸਪੈਠ ਕਰ ਰਹੇ ਹਨ। ਇਹ ਭੜਕਾਊ ਸਮੱਗਰੀ ਫੈਲਾ ਰਹੇ ਹਨ ਜਿਸ ਦਾ ਸਪਸ਼ਟ ਉਦੇਸ਼ ਕਸ਼ਮੀਰ ਵਾਦੀ ਵਿੱਚ ਅਸ਼ਾਂਤੀ ਫੈਲਾਉਣਾ ਹੈ। ਜ਼ਿਕਰਯੋਗ ਹੈ ਕਿ ਇਹ ਰੁਝਾਨ 2017 ਵਿੱਚ ਸ਼ੁਰੂ ਹੋਇਆ ਸੀ ਪਰ 2019 ਵਿੱਚ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਤੋਂ ਬਾਅਦ ਤੇ ਇੰਟਰਨੈੱਟ ’ਤੇ ਪਾਬੰਦੀਆਂ ਲਾਉਣ ਨਾਲ ਇਸ ਨੂੰ ਖਤਮ ਕਰ ਦਿੱਤਾ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਸਫਲਤਾਪੂਰਵਕ ਸੰਪੰਨ ਹੋਣ ਤੋਂ ਬਾਅਦ ‘ਬੈੱਡਰੂਮ ਜੇਹਾਦੀ’ ਮੁੜ ਸਾਹਮਣੇ ਆਏ ਹਨ। ਇਹ ਸੰਭਵ ਤੌਰ ’ਤੇ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰ ਕੇ ਅਸ਼ਾਂਤੀ ਫੈਲਾਉਣਾ ਚਾਹੁੰਦੇ ਹਨ। ਸੁਰੱਖਿਆ ਏਜੰਸੀਆਂ ਨੇ ਦਹਿਸ਼ਤਗਰਦਾਂ ਦੀ ਇਸ ਯੋਜਨਾ ਦਾ ਪਰਦਾਫਾਸ਼ ਕੀਤਾ ਹੈ ਜਿਸ ਸਬੰਧੀ ਕਈ ਹਫ਼ਤਿਆਂ ਤੋਂ ਜਾਂਚ ਚੱਲ ਰਹੀ ਸੀ। ਇਸ ਦੌਰਾਨ ਜਾਂਚ ਏਜੰਸੀਆਂ ਨੂੰ ਹਜ਼ਾਰਾਂ ਸੋਸ਼ਲ ਮੀਡੀਆ ਪੋਸਟਾਂ, ਟਿੱਪਣੀਆਂ ਅਤੇ ਨਿੱਜੀ ਸੰਦੇਸ਼ ਮਿਲੇ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸ਼ੀਆ ਭਾਈਚਾਰੇ ਵਲੋਂ ਮਨਾਏ ਗਏ ਮੁਹੱਰਮ ਦੇ ਦਿਨਾਂ ਦੌਰਾਨ ਇੱਕ ਪੋਸਟ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੇ ਦੋ ਫਿਰਕਿਆਂ ਵਿਚਕਾਰ ਤਣਾਅ ਪੈਦਾ ਹੋ ਗਿਆ ਸੀ ਪਰ ਸ੍ਰੀਨਗਰ ਪੁਲੀਸ ਨੇ ਇਸ ਮਾਮਲੇ ਨੂੰ ਤੂਲ ਨਾ ਫੜਨ ਦਿੱਤਾ।
ਹਥਿਆਰਾਂ ਦੀ ਥਾਂ ਸ਼ਬਦਾਂ ਨਾਲ ਜੰਗ ਲੜਦੇ ਹਨ ‘ਬੈੱਡਰੂਮ ਜੇਹਾਦੀ’
ਅਧਿਕਾਰੀਆਂ ਨੇ ‘ਬੈੱਡਰੂਮ ਜੇਹਾਦੀ’ ਸ਼ਬਦ ਉਨ੍ਹਾਂ ਲੋਕਾਂ ਲਈ ਵਰਤਿਆ ਹੈ ਜੋ ਹਥਿਆਰਾਂ ਦੀ ਥਾਂ ਸ਼ਬਦਾਂ ਨਾਲ ਜੰਗ ਲੜਦੇ ਹਨ ਤੇ ਉਨ੍ਹਾਂ ਦੇ ਸ਼ਬਦ ਨੌਜਵਾਨ ਮਨਾਂ ’ਤੇ ਡੂੰਘਾ ਅਸਰ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਬਿਸਤਰੇ ਜਾਂ ਸੋਫੇ ’ਤੇ ਬੈਠ ਕੇ ਸੋਸ਼ਲ ਮੀਡੀਆ ਰਾਹੀਂ ਝੂਠੀ ਖਬਰ ਫੈਲਾ ਸਕਦਾ ਹੈ ਜਿਸ ਨਾਲ ਪੂਰੇ ਖੇਤਰ ਵਿਚ ਫਿਰਕੂ ਵੰਡੀਆਂ ਪੈ ਸਕਦੀਆਂ ਹਨ। -ਪੀਟੀਆਈ