ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਵਿੱਚ ਕਣਕ ਦੀ ਬਿਜਾਈ ਪੱਛੜੀ

ਹੁਣ ਤੱਕ 86 ਫ਼ੀਸਦ ਰਕਬਾ ਹੋਇਆ ਕਵਰ; ਹੜ੍ਹਾਂ ਕਾਰਨ ਆਈਆਂ ਮੁਸ਼ਕਲਾਂ
ਪਿੰਡ ਠੂਠਿਆਂਵਾਲੀ ਵਿੱਚ ਜ਼ੀਰੋ ਡਰਿੱਲ ਮਸ਼ੀਨ ਨਾਲ ਕਣਕ ਦੀ ਬਿਜਾਈ ਕਰ ਰਿਹਾ ਕਿਸਾਨ। -ਫੋਟੋ: ਸੁਰੇਸ਼
Advertisement

ਪੰਜਾਬ ’ਚ ਐਤਕੀਂ ਕਣਕ ਦੀ ਬਿਜਾਈ ਪੱਛੜ ਗਈ ਹੈ ਅਤੇ ਹੁਣ ਬਿਜਾਈ ਦਾ ਕੰਮ ਅੰਤਿਮ ਪੜਾਅ ’ਤੇ ਪੁੱਜ ਗਿਆ ਹੈ। ਜਿਸ ਵਰ੍ਹੇ ਵੀ ਪੰਜਾਬ ਨੂੰ ਹੜ੍ਹਾਂ ਦੀ ਮਾਰ ਪਈ, ਸੂਬੇ ’ਚ ਕਣਕ ਦੀ ਬਿਜਾਈ ਪ੍ਰਭਾਵਿਤ ਹੋਈ ਹੈ। ਹੜ੍ਹ ਪ੍ਰਭਾਵਿਤ ਖ਼ਿੱਤਿਆਂ ’ਚ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰਨ ਵਾਸਤੇ ਕਾਫ਼ੀ ਜੱਦੋਜਹਿਦ ਕਰਨੀ ਪਈ ਹੈ। ਇਸ ਵਾਰ ਨਰਮਾ ਪੱਟੀ ਦੇ ਕੁੱਝ ਜ਼ਿਲ੍ਹਿਆਂ ’ਚ ਕਣਕ ਦੀ ਬਿਜਾਈ ਦਾ ਕੰਮ ਵੀ ਪਿੱਛੇ ਹੈ।

ਵੇਰਵਿਆਂ ਅਨੁਸਾਰ ਪੰਜਾਬ ’ਚ ਇਸ ਵਾਰ 35 ਲੱਖ ਹੈਕਟੇਅਰ ਰਕਬੇ ’ਚ ਕਣਕ ਦੀ ਬਿਜਾਈ ਦਾ ਟੀਚਾ ਹੈ ਅਤੇ ਹੁਣ ਤੱਕ 86 ਫ਼ੀਸਦੀ ਬਿਜਾਈ ਹੋ ਚੁੱਕੀ ਹੈ। ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਜ਼ਿਲ੍ਹੇ ’ਚ ਬਿਜਾਈ ਪਿੱਛੇ ਹੈ। ਇਨ੍ਹਾਂ ਜ਼ਿਲ੍ਹਿਆਂ ’ਚ ਨਰਮੇ ਹੇਠਲੇ ਰਕਬੇ ਕਰਕੇ ਫ਼ਸਲ ਪਛੜ ਜਾਂਦੀ ਹੈ। ਜਦੋਂ ਸਾਲ 2023 ’ਚ ਹੜ੍ਹ ਆਏ ਸਨ ਤਾਂ ਉਸ ਵਰ੍ਹੇ ਵੀ ਇਸ ਸਮੇਂ ਤੱਕ 86 ਫ਼ੀਸਦੀ ਫ਼ਸਲ ਦੀ ਬਿਜਾਈ ਹੋਈ ਸੀ। ਪੰਜਾਬ ਖੇਤੀ ’ਵਰਸਿਟੀ 15 ਨਵੰਬਰ ਤੱਕ ਸਮੇਂ ਨੂੰ ਕਣਕ ਦੀ ਬਿਜਾਈ ਲਈ ਢੁਕਵਾਂ ਮੰਨਦੀ ਹੈ।

Advertisement

ਰੁਝਾਨ ਦੇਖੀਏ ਤਾਂ ਅਕਸਰ ਦਸੰਬਰ ਮਹੀਨੇ ਤੱਕ ਕਣਕ ਦੀ ਬਿਜਾਈ ਦਾ ਕੰਮ ਚੱਲਦਾ ਰਹਿੰਦਾ ਹੈ। ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਕਿਸਮ ਪੀ ਬੀ ਡਬਲਿਊ ਆਰਐੱਸ-1 ਅਤੇ ਉੱਨਤ ਪੀ ਬੀ ਡਬਲਿਊ 550 ਦੀ ਬਿਜਾਈ ਨਵੰਬਰ ਦੇ ਅਖੀਰ ਤੱਕ ਹੋ ਸਕਦੀ ਹੈ, ਜਦਕਿ ਪੀ ਬੀ ਡਬਲਿਊ 771 ਅਤੇ ਪੀ ਬੀ ਡਬਲਿਊ 752 ਕਿਸਮ ਦੀ ਬਿਜਾਂਦ ਦਸੰਬਰ ਮਹੀਨੇ ਦੇ ਅਖੀਰ ਤੱਕ ਹੋ ਸਕਦੀ ਹੈ। ਇੱਥੋਂ ਤੱਕ ਕਿ ਪੀ ਬੀ ਡਬਲਿਊ 757 ਕਿਸਮ ਦੀ ਬਿਜਾਈ ਜਨਵਰੀ ’ਚ ਵੀ ਸਕਦੀ ਹੈ। ਪੰਜਾਬ ’ਚ ਗੰਨੇ ਦੀ ਪਿੜਾਈ ਦਾ ਕੰਮ ਵੀ ਇਨ੍ਹਾਂ ਦਿਨਾਂ ’ਚ ਹੀ ਸ਼ੁਰੂ ਹੁੰਦਾ ਹੈ। ਝੋਨੇ ਦੀ ਫ਼ਸਲ ਦੀ ਲੇਟ ਵਾਢੀ ਕਰਕੇ ਹੁਣ ਕਿਸਾਨ ਕਣਕ ਬੀਜਣ ਵਿੱਚ ਉਲਝੇ ਹੋਏ ਹਨ।

 

ਹੜ੍ਹਾਂ ਕਾਰਨ ਬਿਜਾਈ ਪੱਛੜੀ: ਡਾਇਰੈਕਟਰ

ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਕਣਕ ਦਾ ਮੁਫ਼ਤ ਬੀਜ ਦਿੱਤਾ ਹੈ। ਖੇਤੀ ਵਿਭਾਗ ਦੇ ਡਾਇਰੈਕਟਰ ਜਸਵੰਤ ਨੇ ਕਿਹਾ ਕਿ ਹੁਣ ਤੱਕ ਪੰਜਾਬ ’ਚ ਕਰੀਬ ਡੇਢ ਲੱਖ ਕੁਇੰਟਲ ਸਬਸਿਡੀ ਅਤੇ ਮੁਫ਼ਤ ਵਾਲਾ ਬੀਜ ਕਿਸਾਨਾਂ ਨੂੰ ਵੰਡਿਆ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਇਸ ਵਾਰ ਕਣਕ ਦੀ ਬਿਜਾਈ ਥੋੜ੍ਹੀ ਪਛੜੀ ਹੈ।

Advertisement
Show comments