ਜ਼ੂਬਿਨ ਨਾਲ ਆਖਰੀ ਸਮੇਂ ਜੋ ਹੋਇਆ, ਉਸ ਦੀ ਜਾਂਚ ਹੋਵੇ: ਗਰਿਮਾ
ਮਰਹੂਮ ਗਾਇਕ ਜ਼ੂਬਿਨ ਗਰਗ ਦੀ ਪਤਨੀ ਗਰਿਮਾ ਸੈਕੀਆ ਗਰਗ ਨੇ ਅੱਜ ਕਿਹਾ ਕਿ ਪਰਿਵਾਰ ਜਾਣਨਾ ਚਾਹੁੰਦਾ ਹੈ ਕਿ ਜ਼ੂਬਿਨ ਨਾਲ ਆਖਰੀ ਸਮੇਂ ’ਚ ਅਜਿਹਾ ਕੀ ਹੋਇਆ ਸੀ ਕਿ ਉਸ ਦੀ ਮੌਤ ਹੋ ਗਈ ਅਤੇ ਇਸ ਦੀ ਢੁੱਕਵੀਂ ਜਾਂਚ ਹੋਣੀ ਚਾਹੀਦੀ ਹੈ। ਉੱਧਰ ਅਸਾਮ ਸਰਕਾਰ ਨੇ ਜ਼ੂਬਿਨ ਗਰਗ ਦੀ ਮੌਤ ਦੇ ਮਾਮਲੇ ’ਚ ਸਿੰਗਾਪੁਰ ਨਾਲ ਆਪਸੀ ਕਾਨੂੰਨੀ ਸਹਾਇਤਾ ਸੰਧੀ (ਐੱਮ ਐੱਲ ਏ ਟੀ) ਲਾਗੂ ਕਰਨ ਲਈ ਗ੍ਰਹਿ ਮੰਤਰਾਲੇ ਨੂੰ ਰਸਮੀ ਪੱਤਰ ਭੇਜਿਆ ਹੈ।
ਜ਼ੂਬਿਨ ਦੀ ਪਤਨੀ ਗਰਿਮਾ ਸੈਕੀਆ ਨੇ ਕਿਹਾ, ‘ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਨ੍ਹਾਂ ਨਾਲ ਕੀ ਹੋਇਆ, ਅਜਿਹਾ ਕਿਉਂ ਹੋਇਆ ਅਤੇ ਲਾਪ੍ਰਵਾਹੀ ਕਿਵੇਂ ਹੋ ਸਕਦੀ ਹੈ? ਅਸੀਂ ਜਵਾਬ ਚਾਹੁੰਦੇ ਹਾਂ।’ ਉਨ੍ਹਾਂ ਕਿਹਾ ਕਿ ਜੋ ਲੋਕ ਉਨ੍ਹਾਂ ਨਾਲ ਬੇੜੀ ’ਤੇ (ਮੌਤ ਤੋਂ ਪਹਿਲਾਂ) ਅਤੇ ਘਟਨਾ ਸਥਾਨ ’ਤੇ ਸਨ, ਉਨ੍ਹਾਂ ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਸੰਧੀ (ਐੱਮ ਐੱਲ ਏ ਟੀ) ਲਾਗੂ ਹੋ ਜਾਣ ’ਤੇ ਸਿੰਗਾਪੁਰ ਦੇ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਯਕੀਨੀ ਹੋਵੇਗਾ। ਇਹ ਸੰਧੀ ਸਾਨੂੰ ਮਾਮਲੇ ਦੀ ਜਾਂਚ ਸਬੰਧੀ ਵਿਸਥਾਰ ਨਾਲ ਜਾਣਕਾਰੀ ਤੱਕ ਪਹੁੰਚ ਮੁਹੱਈਆ ਕਰਵਾਏਗੀ ਅਤੇ ਮੁਲਜ਼ਮਾਂ ਨੂੰ ਦੇਸ਼ ਅੰਦਰ ਲਿਆਉਣ ਤੇ ਨਿਆਂ ਯਕੀਨੀ ਬਣਾਉਣ ’ਚ ਮਦਦ ਮਿਲੇਗੀ।’ ਇਸੇ ਦੌਰਾਨ ਕਾਂਗਰਸ ਦੀ ਅਸਾਮ ਇਕਾਈ ਦੇ ਮੁਖੀ ਗੌਰਵ ਗੋਗੋਈ ਨੇ ਦੋਸ਼ ਲਾਇਆ ਜਾਂਚ ’ਚ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ ਤੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਦੀ ਭੂਮਿਕਾ ਬੇਹੱਦ ਸ਼ੱਕੀ ਹੈ।