‘ਕਿਆ ਸੇ ਕਿਆ ਹੋ ਗਿਆ...’: ਨਵੀਂ ਅਮਰੀਕੀ ਰਾਸ਼ਟਰੀ ਸੁਰੱਖਿਆ ਰਣਨੀਤੀ ਦੇ ਮੱਦੇਨਜ਼ਰ ਕਾਂਰਗਸ ਦਾ ਮੋਦੀ ਸਰਕਾਰ ’ਤੇ ਨਿਸ਼ਾਨਾ
ਨਵੀਂ ਅਮਰੀਕੀ ਰਾਸ਼ਟਰੀ ਸੁਰੱਖਿਆ ਰਣਨੀਤੀ ਨੂੰ ਲੈ ਕੇ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਾਂਗਰਸ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਇਹ ਦਸਤਾਵੇਜ਼ ਪਾਕਿਸਤਾਨ ਪ੍ਰਤੀ ਅਮਰੀਕੀ ਪਹੁੰਚ ਵਿੱਚ ਇੱਕ ਜ਼ਿਕਰਯੋਗ ਤਬਦੀਲੀ ਨੂੰ ਦਰਸਾਉਂਦਾ ਹੈ। ਇਸ ਵਿੱਚ 2017 ਦੇ ਡੋਨਲਡ ਟਰੰਪ-ਯੁੱਗ ਦੀ ਰਣਨੀਤੀ ਦਸਤਾਵੇਜ਼ ਵਾਂਗ ਸਪੱਸ਼ਟ ਆਲੋਚਨਾ ਤੋਂ ਪਰਹੇਜ਼ ਕੀਤਾ ਗਿਆ ਹੈ, ਜਿਸ ਵਿੱਚ ਇਸਲਾਮਾਬਾਦ 'ਤੇ ਅਮਰੀਕੀ ਭਾਈਵਾਲਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਤਿਵਾਦੀਆਂ ਦਾ ਸਮਰਥਨ ਕਰਨ ਦਾ ਖੁੱਲ੍ਹੇਆਮ ਦੋਸ਼ ਲਗਾਇਆ ਗਿਆ ਸੀ।
ਵਿਰੋਧੀ ਪਾਰਟੀ ਨੇ ਇਹ ਵੀ ਇਸ਼ਾਰਾ ਕੀਤਾ ਕਿ ਦਸਤਾਵੇਜ਼ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਦਾਅਵੇ ਨੂੰ ਦੁਹਰਾਇਆ ਗਿਆ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਭਖ਼ਦੇ ਸੰਘਰਸ਼ ਦਾ ਨਿਪਟਾਰਾ ਕੀਤਾ ਸੀ।
ਕਾਂਗਰਸ ਦੇ ਸੰਚਾਰ ਵਿਭਾਗ ਦੇ ਇੰਚਾਰਜ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ 33 ਪੰਨਿਆਂ ਦੀ ਰਾਸ਼ਟਰੀ ਸੁਰੱਖਿਆ ਰਣਨੀਤੀ ਵ੍ਹਾਈਟ ਹਾਊਸ ਵੱਲੋਂ ਹੁਣੇ-ਹੁਣੇ ਜਾਰੀ ਕੀਤੀ ਗਈ ਹੈ।
ਰਮੇਸ਼ ਨੇ ਕਿਹਾ, “ਦਸਤਾਵੇਜ਼ ਦੀ ਆਪਣੀ ਜਾਣ-ਪਛਾਣ ਵਿੱਚ ਰਾਸ਼ਟਰਪਤੀ ਟਰੰਪ ਨੇ ਆਪਣੇ ਇਸ ਦਾਅਵੇ ਨੂੰ ਦੁਹਰਾਇਆ ਹੈ ਕਿ ਉਨ੍ਹਾਂ ਨੇ 'ਭਾਰਤ ਅਤੇ ਪਾਕਿਸਤਾਨ ਵਿਚਕਾਰ ਭਖ਼ਦੇ ਸੰਘਰਸ਼ ਦਾ ਨਿਪਟਾਰਾ' ਕੀਤਾ ਸੀ। ਇਹੀ ਦਾਅਵਾ ਪੰਨਾ 8 'ਤੇ ਵੀ ਦੁਹਰਾਇਆ ਗਿਆ ਹੈ।”
ਉਨ੍ਹਾਂ ਦਾਅਵਾ ਕੀਤਾ ਕਿ 2025 ਦੀ ਰਾਸ਼ਟਰੀ ਸੁਰੱਖਿਆ ਰਣਨੀਤੀ ਵੀ ਪਾਕਿਸਤਾਨ ਪ੍ਰਤੀ ਅਮਰੀਕਾ ਦੀ ਪਹੁੰਚ ਵਿੱਚ ਇੱਕ ਜ਼ਿਕਰਯੋਗ ਤਬਦੀਲੀ ਨੂੰ ਦਰਸਾਉਂਦੀ ਹੈ।
ਰਮੇਸ਼ ਨੇ ਕਿਹਾ, "ਇਹ ਉਸ ਸਪੱਸ਼ਟ ਆਲੋਚਨਾ ਤੋਂ ਪਰਹੇਜ਼ ਕਰਦਾ ਹੈ ਜੋ 2017 ਦੇ ਟਰੰਪ-ਯੁੱਗ ਦੇ ਰਣਨੀਤੀ ਦਸਤਾਵੇਜ਼ ਦੀ ਵਿਸ਼ੇਸ਼ਤਾ ਸੀ, ਜਿਸ ਵਿੱਚ ਪਾਕਿਸਤਾਨ 'ਤੇ ਅਮਰੀਕੀ ਭਾਈਵਾਲਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਤਿਵਾਦੀਆਂ ਦਾ ਖੁੱਲ੍ਹੇਆਮ ਸਮਰਥਨ ਕਰਨ ਦਾ ਦੋਸ਼ ਲਗਾਇਆ ਗਿਆ ਸੀ ਅਤੇ ਸਖ਼ਤ ਅੱਤਵਾਦ-ਰੋਕੂ ਕਾਰਵਾਈ ਦੀ ਮੰਗ ਕੀਤੀ ਗਈ ਸੀ। ਉਸ ਵਿੱਚ ਇਸਲਾਮਾਬਾਦ ’ਤੇ ਆਪਣੇ ਪਰਮਾਣੂ ਹਥਿਆਰਾਂ ਦਾ ਜ਼ਿੰਮੇਵਾਰ ਪ੍ਰਬੰਧਨ ਪ੍ਰਦਰਸ਼ਿਤ ਕਰਨ ਲਈ ਦਬਾਅ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਨਵੀਂ ਰਣਨੀਤੀ ਵਿੱਚ ਅਜਿਹੇ ਕਿਸੇ ਵੀ ਹਵਾਲੇ ਨੂੰ ਛੱਡ ਦਿੱਤਾ ਗਿਆ ਹੈ।
ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਹਿੰਦੀ ਵਿੱਚ ਕਿਹਾ, ‘‘ਕਿਆ ਸੇ ਕਿਆ ਹੋ ਗਿਆ, ਬੇਵਫ਼ਾ ਤੇਰੀ ਦੋਸਤੀ ਮੇਂ (ਕੀ ਤੋਂ ਕੀ ਹੋ ਗਿਆ, ਬੇਵਫ਼ਾ ਤੇਰੀ ਦੋਸਤੀ ਵਿੱਚ)।’’
ਕਾਂਗਰਸ ਦੇ ਜਨਰਲ ਸਕੱਤਰ ਨੇ ਦਸਤਾਵੇਜ਼ ਦੇ ਸਕ੍ਰੀਨਸ਼ਾਟ ਵੀ ਸਾਂਝੇ ਕੀਤੇ, ਜਿੱਥੇ ਮਈ ਵਿੱਚ ਭਾਰਤ-ਪਾਕਿਸਤਾਨ ਸੰਘਰਸ਼ ਨੂੰ ਰੋਕਣ ਬਾਰੇ ਟਰੰਪ ਦੇ ਦਾਅਵਿਆਂ ਦਾ ਜ਼ਿਕਰ ਕੀਤਾ ਗਿਆ ਹੈ। -ਪੀਟੀਆਈ
