ਪੱਛਮੀ ਬੰਗਾਲ: ਬੱਸ ਅਤੇ ਟਰੱਕ ਦੀ ਟੱਕਰ; 10 ਸ਼ਰਧਾਲੂਆਂ ਦੀ ਮੌਤ, 35 ਜ਼ਖ਼ਮੀ
ਪੱਛਮੀ ਬੰਗਾਲ ਦੇ ਬਰਦਵਾਨ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਬੱਸ ਦੇ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਟਕਰਾਉਣ ਕਾਰਨ ਬਿਹਾਰ ਦੇ 10 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਮੋਤੀਹਾਰੀ ਦੇ ਰਹਿਣ ਵਾਲੇ ਸ਼ਰਧਾਲੂ ਦੱਖਣੀ 24 ਪਰਗਨਾ ਜ਼ਿਲੇ ਦੇ ਗੰਗਾਸਾਗਰ ਦੇ ਦਰਸ਼ਨ ਕਰਕੇ ਘਰ ਪਰਤ ਰਹੇ ਸਨ। ਇਹ ਹਾਦਸਾ ਪੂਰਬਾ ਬਰਧਮਾਨ ਜ਼ਿਲ੍ਹੇ ਦੇ ਫਾਗੁਈਪੁਰ ਨੇੜੇ NH-19 ’ਤੇ ਵਾਪਰਿਆ।
ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਅੱਠ ਪੁਰਸ਼ ਅਤੇ ਦੋ ਔਰਤਾਂ ਸ਼ਾਮਲ ਹਨ। ਛੇ ਬੱਚਿਆਂ ਸਮੇਤ ਜ਼ਖਮੀ ਲੋਕਾਂ ਨੂੰ ਬਰਦਵਾਨ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ, "ਲਗਜ਼ਰੀ ਬੱਸ ਵਿੱਚ 45 ਲੋਕ ਸਵਾਰ ਸਨ। ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।" ਉਨ੍ਹਾਂ ਕਿਹਾ, "ਤੀਰਥ ਯਾਤਰੀਆਂ ਨੇ 8 ਅਗਸਤ ਨੂੰ ਮੋਤੀਹਾਰੀ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ।
ਇਸ ਦੌਰਾਨ ਛੱਤੀਸਗੜ੍ਹ ਦੇ ਰਾਜਨੰਦ ਗਾਓਂ ਵਿਚ ਇੱਕ ਵੱਖਰੇ ਹਾਦਸੇ ਵਿਚ ਕਾਰ ਅਤੇ ਟਰੱਕ ਦੀ ਟੱਕਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ।
-ਪੀਟੀਆਈ