ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੰਮੂ ਕਸ਼ਮੀਰ ਦਾ ਸੂਬੇ ਵਜੋਂ ਦਰਜਾ ਬਹਾਲ ਕਰਾਉਣ ਲਈ ਦਬਾਅ ਪਾਵਾਂਗੇ: ਰਾਹੁਲ

ਦਿੱਲੀ ਤੋਂ ਨਹੀਂ ਸਗੋਂ ਸਥਾਨਕ ਲੋਕਾਂ ਦੀ ਸਰਕਾਰ ਚਾਹੁੰਦੇ ਹਾਂ: ਕਾਂਗਰਸ ਆਗੂ; ਫਾਰੂਕ ਅਬਦੁੱਲਾ ਨਾਲ ਚੋਣ ਰੈਲੀ ਨੂੰ ਕੀਤਾ ਸੰਬੋਧਨ
ਸੂਰਨਕੋਟ ਵਿੱਚ ਰੈਲੀ ਦੌਰਾਨ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨਾਲ ਕੋਈ ਨੁਕਤਾ ਸਾਂਝਾ ਕਰਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

ਸੂਰਨਕੋਟ, 23 ਸਤੰਬਰ

ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕਾਂਗਰਸ ਜੰਮੂ ਕਸ਼ਮੀਰ ’ਚ ਦਿੱਲੀ ਦੀ ਨਹੀਂ, ਸਗੋਂ ਸਥਾਨਕ ਲੋਕਾਂ ਦੀ ਸਰਕਾਰ ਚਾਹੁੰਦੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਪਾਰਟੀ ਵਿਧਾਨ ਸਭਾ ਚੋਣਾਂ ਮਗਰੋਂ ਕੇਂਦਰ ’ਤੇ ਜੰਮੂ ਕਸ਼ਮੀਰ ਦਾ ਸੂਬੇ ਵਜੋਂ ਦਰਜਾ ਬਹਾਲ ਕਰਾਉਣ ਲਈ ਦਬਾਅ ਬਣਾਏਗੀ। ਪੁਣਛ ਜ਼ਿਲ੍ਹੇ ਦੇ ਸੂਰਨਕੋਟ ਵਿਧਾਨ ਸਭਾ ਹਲਕੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਦਾਅਵਾ ਕੀਤਾ ਕਿ ‘ਇੰਡੀਆ ਬਲਾਕ’ ਨੇ ਲੋਕ ਸਭਾ ਚੋਣਾਂ ਮਗਰੋਂ ਉਨ੍ਹਾਂ ਦੀ ਮਾਨਸਿਕਤਾ ਨੂੰ ਤੋੜ ਦਿੱਤਾ ਹੈ। ‘ਉਹ 56 ਇੰਚ ਦੀ ਛਾਤੀ ਹੋਣ ਦਾ ਦਾਅਵਾ ਕਰਦੇ ਸਨ ਪਰ ਹੁਣ ਉਨ੍ਹਾਂ ’ਚ ਉਹ ਦਮ ਨਹੀਂ ਰਿਹਾ।’ ਲੋਕ ਸਭਾ ਮੈਂਬਰ ਨੇ ਭਾਜਪਾ ਤੇ ਆਰਐੱਸਐੱਸ ’ਤੇ ਮੁਲਕ ’ਚ ਨਫ਼ਰਤ ਅਤੇ ਹਿੰਸਾ ਫੈਲਾਉਣ ਅਤੇ ਜਾਤ, ਪਾਤ, ਧਰਮ, ਖ਼ਿੱਤੇ ਤੇ ਭਾਸ਼ਾ ਦੇ ਨਾਮ ’ਤੇ ਲੋਕਾਂ ਨੂੰ ਵੰਡਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਪਹਿਲੀ ਵਾਰ ਹੋਇਆ ਕਿ ਕਿਸੇ ਸੂਬੇ (ਜੰਮੂ ਕਸ਼ਮੀਰ) ਦੇ ਦਰਜੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਬਦਲ ਦਿੱਤਾ ਗਿਆ ਅਤੇ ਤੁਹਾਡੇ ਜਮਹੂਰੀ ਹੱਕਾਂ ਨੂੰ ਖੋਹ ਲਿਆ ਗਿਆ।’’ ਰੈਲੀ ’ਚ ਕਾਂਗਰਸ ਦੀ ਭਾਈਵਾਲ ਪਾਰਟੀ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਵੀ ਹਾਜ਼ਰ ਸਨ। ਰਾਹੁਲ ਨੇ ਲੋਕਾਂ ਨੂੰ ਕਿਹਾ ਕਿ ਉਹ ਸੰਸਦ ’ਚ ਉਨ੍ਹਾਂ ਦੀ ਆਵਾਜ਼ ਬਣਨਗੇ ਅਤੇ ਜਦੋਂ ਵੀ ਆਖਣਗੇ ਉਹ ਹਾਜ਼ਰ ਹੋ ਜਾਣਗੇ। ਬੇਰੁਜ਼ਗਾਰੀ ਦੇ ਮੁੱਦੇ ’ਤੇ ਮੋਦੀ ਉਪਰ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਡਾਨੀ ਅਤੇ ਅੰਬਾਨੀ ਵਰਗੇ 25 ਵੱਡੇ ਕਾਰੋਬਾਰੀਆਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿੱਤੇ ਹਨ ਪਰ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਨੂੰ ਖ਼ਤਮ ਕਰ ਦਿੱਤਾ ਹੈ। -ਪੀਟੀਆਈ

Advertisement

‘ਮੋਦੀ ਜਾਤੀ ਜਨਗਣਨਾ ਬੋਲਣ ਤੋਂ ਵੀ ਡਰਦੇ ਨੇ’

ਨਵੀਂ ਦਿੱਲੀ:

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਰਾਖਵੇਂਕਰਨ ਦੇ ਮੁੱਦੇ ’ਤੇ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਬਹੁਜਨ ਵਿਰੋਧੀ ਭਾਜਪਾ ਭਾਵੇਂ ਕਿੰਨਾ ਵੀ ਝੂਠ ਫੈਲਾਅ ਲਵੇ ਪਰ ਕਾਂਗਰਸ ਪਾਰਟੀ ਰਾਖਵੇਂਕਰਨ ਨੂੰ ਪ੍ਰਭਾਵਿਤ ਨਹੀਂ ਹੋਣ ਦੇਵੇਗੀ। ‘ਐਕਸ’ ’ਤੇ ਇਕ ਪੋਸਟ ’ਚ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਤੀ ਜਨਗਣਨਾ ਬੋਲਣ ਤੋਂ ਵੀ ਡਰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਨਹੀਂ ਚਾਹੁੰਦੇ ਕਿ ਬਹੁਜਨ ਨੂੰ ਉਨ੍ਹਾਂ ਦਾ ਹੱਕ ਮਿਲੇ। ਰਾਹੁਲ ਨੇ ਰਾਖਵੇਂਕਰਨ ਦੀ 50 ਫ਼ੀਸਦੀ ਸੀਮਾ ਹਟਾਉਣ ਦੀ ਪੈਰਵੀ ਕਰਦਿਆਂ ਕਿਹਾ ਕਿ ਬਹੁਜਨ ਨੂੰ ਨਿਆਂ ਦਿਵਾਉਣਾ ਉਨ੍ਹਾਂ ਦੇ ਜੀਵਨ ਦਾ ਮਿਸ਼ਨ ਹੈ। -ਪੀਟੀਆਈ

Advertisement
Tags :
CongresJammu and KashmirPM Narendra ModiPunjabi khabarPunjabi NewsRahul GandhiRestore rank