ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੇਂਦਰ ਨੂੰ ਇੱਕ ਵੀ ਰਾਸ਼ਨ ਕਾਰਡ ਰੱਦ ਨਹੀਂ ਕਰਨ ਦਿਆਂਗੇ: ਮਾਨ

ਮੋਦੀ ਸਰਕਾਰ ’ਤੇ ਪਹਿਲਾਂ ਵੋਟ ਚੋਰੀ ਅਤੇ ਹੁਣ ਰਾਸ਼ਨ ਚੋਰੀ ਦਾ ਲਾਇਆ ਦੋਸ਼
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।
Advertisement

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਕਿਸੇ ਵੀ ਘਰ ਦਾ ਚੁੱਲ੍ਹਾ ਬੁਝਣ ਨਹੀਂ ਦੇਣਗੇ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਕੌਮੀ ਖ਼ੁਰਾਕ ਸੁਰੱਖਿਆ ਐਕਟ ਯੋਜਨਾ ’ਚੋਂ ਪੰਜਾਬ ਦੇ ਲੱਖਾਂ ਲਾਭਪਾਤਰੀ ਹਟਾਏ ਜਾਣ ਦੇ ਦਿੱਤੇ ਨਿਰਦੇਸ਼ਾਂ ਨੂੰ ਦਰਕਿਨਾਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਇੱਕ ਵੀ ਰਾਸ਼ਨ ਕਾਰਡ ਨਹੀਂ ਕੱਟੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੇ ਨਿਰਦੇਸ਼ਾਂ ਨੂੰ ਮੰਨੀਏ ਤਾਂ ਸੂਬੇ ਦੇ ਲੱਖਾਂ ਲੋਕ ਪ੍ਰਭਾਵਿਤ ਹੋਣਗੇ ਪ੍ਰੰਤੂ ਉਹ ਅਜਿਹਾ ਨਹੀਂ ਹੋਣ ਦੇਣਗੇ। ਦੱਸਣਯੋਗ ਹੈ ਕਿ ‘ਪੰਜਾਬੀ ਟ੍ਰਿਬਿਊਨ’ ਵੱਲੋਂ ਵੀਰਵਾਰ ਨੂੰ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ 11 ਲੱਖ ਸ਼ੱਕੀ ਲਾਭਪਾਤਰੀਆਂ ਨੂੰ ਹਟਾਉਣ ਦੀ ਖ਼ਬਰ ਪ੍ਰਮੁੱਖਤਾ ਨਾਲ ਛਾਪੀ ਗਈ ਸੀ। ਕੇਂਦਰ ਨੇ ਕਿਹਾ ਸੀ ਕਿ ਇਹ ਲਾਭਪਾਤਰੀ ਯੋਗਤਾ ਮਾਪਦੰਡ ਪੂਰੇ ਨਹੀਂ ਕਰਦੇ ਹਨ। ਮੁੱਖ ਮੰਤਰੀ ਨੇ ਅੱਜ ਇਨ੍ਹਾਂ ਰਾਸ਼ਨ ਕਾਰਡਾਂ ਦੇ ਹਵਾਲੇ ਨਾਲ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਲੋਕ ਪੱਖੀ ਅਖਵਾਉਣ ਵਾਲੀ ਭਾਜਪਾ ਇਕੱਲੀ ਵੋਟ ਚੋਰ ਨਹੀਂ ਸਗੋਂ ਹੁਣ ਤਾਂ ਉਹ ਰਾਸ਼ਨ ਚੋਰ ਵੀ ਹੈ। ਉਨ੍ਹਾਂ ਕਿਹਾ, ‘‘ਭਾਜਪਾ ਵੋਟ ਚੋਰ ਵੀ ਹੈ, ਡੇਟਾ ਚੋਰ ਵੀ ਹੈ ਅਤੇ ਹੁਣ ਰਾਸ਼ਨ ਚੋਰ ਵੀ ਹੈ। ਅਸੀਂ ਕੇਂਦਰ ਤੋਂ ਸ਼ੱਕੀ ਲਾਭਪਾਤਰੀਆਂ ਦੀ ਜਾਂਚ ਲਈ ਛੇ ਮਹੀਨੇ ਦਾ ਸਮਾਂ ਮੰਗਿਆ ਹੈ। ਸੂਬਾ ਸਰਕਾਰ ਖ਼ੁਦ ਜਾਂਚ ਕਰੇਗੀ, ਨਾ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤਹਿਤ ਗ਼ਰੀਬਾਂ ਦਾ ਚੁੱਲ੍ਹਾ ਠੰਢਾ ਕਰੇਗੀ।’’ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਆਖ ਰਹੀ ਹੈ ਕਿ ਪੰਜਾਬ ਦੇ ਲਾਭਪਾਤਰੀਆਂ ਕੋਲ ਕਾਰਾਂ ਹਨ ਅਤੇ ਉਹ ਟੈਕਸ ਭਰਦੇ ਹਨ। ਭਗਵੰਤ ਮਾਨ ਨੇ ਮਿਸਾਲ ਦਿੱਤੀ ਕਿ ਜੇ ਦੋ ਭਰਾਵਾਂ ਦਾ ਇਕੱਠਾ ਪਰਿਵਾਰ ਹੈ ਅਤੇ ਇੱਕ ਭਰਾ ਕੋਲ ਕਾਰ ਹੈ ਤੇ ਉਹ ਸਰਕਾਰੀ ਨੌਕਰੀ ਵੀ ਕਰਦਾ ਹੈ ਜਦਕਿ ਦੂਸਰੇ ਭਰਾ ਕੋਲ ਕੋਈ ਆਮਦਨ ਦਾ ਸਰੋਤ ਨਹੀਂ ਤਾਂ ਕੀ ਉਸ ਭਰਾ ਨੂੰ ਰਾਸ਼ਨ ਦੇਣਾ ਬੰਦ ਕਰ ਦਿੱਤਾ ਜਾਵੇਗਾ? ਉਨ੍ਹਾਂ ਸੁਆਲ ਕੀਤਾ ਕਿ ਕੀ ਭਾਜਪਾ ਵਾਲੇ ਹੁਣ ਆਪਣੇ ਕੈਂਪਾਂ ’ਚ ਦੱਸਣਗੇ ਕਿ ਕੇਂਦਰ ਨੇ 8 ਲੱਖ ਰਾਸ਼ਨ ਕਾਰਡ ਹਟਾਉਣ ਦੇ ਹੁਕਮ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮਾਪਦੰਡ ਅਜਿਹੇ ਹਨ ਜੋ ਪੰਜਾਬ ਦੇ ਅਨੁਕੂਲ ਨਹੀਂ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਉੱਜਵਲਾ ਸਕੀਮ ਤਹਿਤ ਕੇਂਦਰ ਗੈਸ ਚੁੱਲ੍ਹਾ ਦੇ ਰਿਹਾ ਹੈ ਅਤੇ ਦੂਸਰੇ ਪਾਸੇ ਉਸੇ ਪਰਿਵਾਰ ਨੂੰ ਕੇਂਦਰੀ ਆਵਾਸ ਯੋਜਨਾ ਦੇ ਅਯੋਗ ਮੰਨ ਰਿਹਾ ਹੈ ਕਿਉਂਕਿ ਉਸ ਕੋਲ ਗੈਸ ਚੁੱਲ੍ਹਾ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਤੋਂ ਛੇ ਮਹੀਨਿਆਂ ਦਾ ਸਮਾਂ ਮੰਗਿਆ ਹੈ ਅਤੇ ਸੂਬਾ ਸਰਕਾਰ ਕੇਂਦਰ ਨੂੰ ਇਸ ਬਾਰੇ ਪੱਤਰ ਵੀ ਲਿਖੇਗੀ। ਉਨ੍ਹਾਂ ਕਿਹਾ ਕਿ ਭਾਜਪਾ ਕੈਂਪ ਲਗਾ ਕੇ ਲੋਕਾਂ ਦਾ ਨਿੱਜੀ ਡੇਟਾ ਇਕੱਠਾ ਕਰ ਰਹੀ ਹੈ ਅਤੇ ਇਹ ਨਿੱਜਤਾ ’ਤੇ ਸਿੱਧਾ ਵਾਰ ਹੈ।

ਹੜ੍ਹਾਂ ਤੋਂ ਬਚਾਅ ਦਾ ਸਥਾਈ ਹੱਲ ਲੱਭਣਾ ਪਵੇਗਾ: ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਦੀ ਸਥਿਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਹੜ੍ਹਾਂ ਦੀ ਮਾਰ ਨਾਲ ਹੋਣ ਵਾਲੇ ਨੁਕਸਾਨ ਦੇ ਮੱਦੇਨਜ਼ਰ ਇਸ ਦਾ ਸਥਾਈ ਹੱਲ ਲੱਭਣਾ ਪਵੇਗਾ। ਉਨ੍ਹਾਂ ਕਿਹਾ ਕਿ ਨਦੀਆਂ ਨੂੰ ਚੈਨੇਲਾਈਜ਼ ਕਰਨਾ ਪਵੇਗਾ। ਐਤਕੀਂ ਪੌਂਗ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਿਹਾ ਹੈ ਜਿਸ ਕਰਕੇ ਬਿਆਸ ’ਚ ਪਾਣੀ ਛੱਡਣਾ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਜਦੋਂ ਪੰਜਾਬ ਹੜ੍ਹਾਂ ਨੂੰ ਝੱਲ ਰਿਹਾ ਹੈ ਤਾਂ ਹਰਿਆਣਾ ਅਤੇ ਰਾਜਸਥਾਨ ਪਾਣੀ ਕਿਉਂ ਨਹੀਂ ਲੈ ਰਹੇ ਹਨ?

Advertisement

Advertisement