ਘੁਸਪੈਠੀਆਂ ਦਾ ਪਤਾ ਲਗਾਕੇ ਦੇਸ਼ ਤੋਂ ਬਾਹਰ ਕੱਢਾਂਗੇ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਹਾਰ ਵਿੱਚ ਚੋਣ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (SIR) ਦਾ ਵਿਰੋਧ ਕਰਨ ਲਈ INDIA ਗਠਜੋੜ ਦੀ ਨਿੰਦਾ ਕੀਤੀ, ਅਤੇ ਕਿਹਾ ਕਿ ਹਰੇਕ ਘੁਸਪੈਠੀਏ ਦਾ ਪਤਾ ਲਗਾ ਕੇ ਉਨ੍ਹਾਂ ਦੇ ਦੇਸ਼ਾਂ ਵਿੱਚ ਭੇਜ ਦਿੱਤਾ ਜਾਵੇਗਾ।
ਖਗੜੀਆ ਜ਼ਿਲ੍ਹੇ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਇਹ ਵਿਧਾਨ ਸਭਾ ਚੋਣਾਂ ਇਹ ਤੈਅ ਕਰਨਗੀਆਂ ਕਿ ਬਿਹਾਰ ਵਿੱਚ ‘ਜੰਗਲ ਰਾਜ’ ਵਾਪਸ ਆਵੇਗਾ ਜਾਂ ਸੂਬਾ ਵਿਕਾਸ ਦੇ ਰਾਹ ’ਤੇ ਚੱਲਦਾ ਰਹੇਗਾ।
ਉਨ੍ਹਾਂ ਕਿਹਾ ,“ ਰਾਹੁਲ ਗਾਂਧੀ ਨੂੰ ਇਨ੍ਹਾਂ ਘੁਸਪੈਠੀਆਂ ਨੂੰ ਬਚਾਉਣ ਲਈ ਯਾਤਰਾਵਾਂ ਸ਼ੁਰੂ ਕਰਨ ਦਿਓ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਹ ਘੁਸਪੈਠੀ ਬਚਾਓ ਯਾਤਰਾ’ ਕੱਢ ਕੇ ਘੁਸਪੈਠੀਆਂ ਨੂੰ ਨਹੀਂ ਬਚਾ ਸਕਦੇ। ਹਰੇਕ ਘੁਸਪੈਠੀਏ ਦਾ ਪਤਾ ਲਗਾਇਆ ਜਾਵੇਗਾ, (ਵੋਟਰ ਸੂਚੀ ਵਿੱਚੋਂ) ਹਟਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਦੇਸ਼ਾਂ ਨੂੰ ਭੇਜ ਦਿੱਤਾ ਜਾਵੇਗਾ।”
ਇਸ ਦੇ ਨਾਲ ਹੀ ਉਨ੍ਹਾਂ ਨੇ RJD ਸੁਪਰੀਮੋ ਲਾਲੂ ਪ੍ਰਸਾਦ ’ਤੇ ਸਿਰਫ਼ ਆਪਣੇ ਪਰਿਵਾਰ ਦੀ ਖੁਸ਼ਹਾਲੀ ’ਤੇ ਧਿਆਨ ਕੇਂਦਰਿਤ ਕਰਨ ਦਾ ਦੋਸ਼ ਲਗਾਇਆ।
ਸ਼ਾਹ ਨੇ ਦਾਅਵਾ ਕੀਤਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਜੀ ਬਿਹਾਰ ਦਾ ਸਮੁੱਚਾ ਵਿਕਾਸ ਚਾਹੁੰਦੇ ਹਨ, ਪਰ ਲਾਲੂ ਪ੍ਰਸਾਦ ਸਿਰਫ਼ ਆਪਣੇ ਪਰਿਵਾਰ ਦਾ ਵਿਕਾਸ (ਖੁਸ਼ਹਾਲੀ) ਚਾਹੁੰਦੇ ਹਨ। ਲੋਕ ਸੂਬੇ ਵਿੱਚ ‘ਜੰਗਲ ਰਾਜ’ ਦੀ ਵਾਪਸੀ ਨਹੀਂ ਚਾਹੁੰਦੇ।”
