ਅਸੀਂ ਚੀਨ ਕਰਕੇ ਭਾਰਤ ਤੇ ਰੂਸ ਦੀ ਦੋਸਤੀ ਹਾਰੇ: ਟਰੰਪ
ਭਾਰਤ-ਅਮਰੀਕਾ ਸਬੰਧਾਂ ਵਿੱਚ ਨਵੇਂ ਨਿਘਾਰ ਦਾ ਸੰਕੇਤ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਭਾਰਤ ‘ਸਭ ਤੋਂ ਡੂੰਘੇ ਹਨੇਰੇ ਚੀਨ ਵਿੱਚ ਗੁਆਚ ਗਿਆ ਹੈ’।
ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਇੱਕ ਤਸਵੀਰ ਸਾਂਝੀ ਕੀਤੀ, ਜੋ ਚੀਨ ਵਿੱਚ SCO ਨੇਤਾਵਾਂ ਦੇ ਸੰਮੇਲਨ ਦੌਰਾਨ ਮੁਲਾਕਾਤ ਦੀ ਹੈ।
ਟਰੰਪ ਨੇ ਪੋਸਟ ਵਿੱਚ ਕਿਹਾ, ‘‘ਲੱਗਦਾ ਹੈ ਕਿ ਅਸੀਂ ਭਾਰਤ ਅਤੇ ਰੂਸ ਦੀ ਦੋਸਤੀ ਨੂੰ ਸਭ ਤੋਂ ਗੁੰਝਲਦਾਰ ਚੀਨ ਅੱਗੇ ਗੁਆ ਦਿੱਤਾ ਹੈ। ਉਨ੍ਹਾਂ ਦਾ ਇਕੱਠਿਆਂ ਇੱਕ ਲੰਮਾ ਅਤੇ ਖੁਸ਼ਹਾਲ ਭਵਿੱਖ ਹੋਵੇ।’’
ਪੋਸਟ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਤਰਜ਼ਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਸਾਡੇ ਕੋਲ ਦੇਣ ਲਈ ਕੋਈ ਜਵਾਬ ਨਹੀਂ ਹੈ।’’
ਉਨ੍ਹਾਂ ਕਿਹਾ, ‘‘ਇਹ ਭਾਈਵਾਲੀ ਕਈ ਤਬਦੀਲੀਆਂ ਵਿੱਚੋਂ ਨਿਕਲੀ ਹੈ। ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਅਸੀਂ ਉਸ ਠੋਸ ਏਜੰਡੇ ’ਤੇ ਕੇਂਦਰਿਤ ਰਹਿੰਦੇ ਹਾਂ ਜਿਸ ਲਈ ਸਾਡੇ ਦੋਵਾਂ ਦੇਸ਼ਾਂ ਨੇ ਵਚਨਬੱਧਤਾ ਪ੍ਰਗਟਾਈ ਹੈ ਅਤੇ ਸਾਨੂੰ ਉਮੀਦ ਹੈ ਕਿ ਸਾਡੇ ਸਬੰਧ ਆਪਸੀ ਸਤਿਕਾਰ ਅਤੇ ਸਾਂਝੇ ਹਿੱਤਾਂ ਦੇ ਆਧਾਰ ’ਤੇ ਅੱਗੇ ਵਧਦੇ ਰਹਿਣਗੇ।’’
ਰੂਸ-ਯੂਕਰੇਨ ਯੁੱਧ ’ਚ ਸ਼ਾਂਤੀ ਬਹਾਲੀ ਦੀ ਕੋਸ਼ਿਸ਼ ਤਹਿਤ ਟਰੰਪ ਨੇ 15 ਅਗਸਤ ਨੂੰ ਅਲਾਸਕਾ ਵਿੱਚ ਪੁਤਿਨ ਨਾਲ ਮੁਲਾਕਾਤ ਕੀਤੀ ਸੀ।