ਅਸੀਂ ਭਾਰਤ ਅਤੇ ਰੂਸ ਨੂੰ ਗੁਆ ਬੈਠੇ ਹਾਂ: ਟਰੰਪ
ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਇੰਝ ਜਾਪਦਾ ਹੈ ਕਿ ਅਮਰੀਕਾ ਨੇ ਭਾਰਤ ਅਤੇ ਰੂਸ ਨੂੰ ‘ਖ਼ਤਰਨਾਕ’ ਚੀਨ ਦੇ ਹੱਥੋਂ ਗੁਆ ਦਿੱਤਾ ਹੈ। ਟਰੰਪ ਦਾ ਇਹ ਤਾਜ਼ਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਟੈਰਿਫ਼ ਕਾਰਨ ਭਾਰਤ ਅਤੇ ਅਮਰੀਕਾ ਦੇ ਸਬੰਧ ਸ਼ਾਇਦ ਬੀਤੇ ਦੋ ਦਹਾਕਿਆਂ ’ਚ ਸਭ ਤੋਂ ਮਾੜੇ ਦੌਰ ’ਚੋਂ ਗੁਜ਼ਰ ਰਹੇ ਹਨ। ਸੋਸ਼ਲ ਮੀਡੀਆ ’ਤੇ ਟਰੰਪ ਦੀ ਇਹ ਤਾਜ਼ਾ ਪੋਸਟ ਉਸ ਸਮੇਂ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਚੀਨ ਦੇ ਸ਼ਹਿਰ ਤਿਆਨਜਿਨ ’ਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਾਲੇ ਗਰਮਜੋਸ਼ੀ ਨਾਲ ਹੋਈ ਗੱਲਬਾਤ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਸੀ। ਅਮਰੀਕੀ ਰਾਸ਼ਟਰਪਤੀ ਨੇ ਟਰੁੱਥ ਸੋਸ਼ਲ ’ਤੇ ਲਿਖਿਆ, ‘‘ਜਾਪਦਾ ਹੈ ਕਿ ਅਸੀਂ ਭਾਰਤ ਅਤੇ ਰੂਸ ਨੂੰ ਸਭ ਤੋਂ ‘ਗੁੱਝੇ ਅਤੇ ਖ਼ਤਰਨਾਕ ਚੀਨ’ ਦੇ ਹੱਥੋਂ ਉਨ੍ਹਾਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਦਾ ਇਕੱਠਿਆਂ ਭਵਿੱਖ ਲੰਬਾ ਅਤੇ ਖੁਸ਼ਹਾਲ ਹੋਵੇ।’’ ਟਰੰਪ ਵੱਲੋਂ ਭਾਰਤੀ ਵਸਤਾਂ ’ਤੇ ਟੈਰਿਫ਼ 50 ਫ਼ੀਸਦ ਕੀਤੇ ਜਾਣ ਮਗਰੋਂ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚਾਲੇ ਸਬੰਧਾਂ ’ਚ ਨਿਘਾਰ ਆ ਗਿਆ ਹੈ। ਭਾਰਤ ਨੇ ਅਮਰੀਕੀ ਕਾਰਵਾਈ ਨੂੰ ਗਲਤ ਕਰਾਰ ਦਿੰਦਿਆਂ ਹੈਰਾਨੀ ਜਤਾਈ ਹੈ ਕਿ ਸਿਰਫ਼ ਉਸ ਨੂੰ ਹੀ ਸਜ਼ਾ ਕਿਉਂ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਨੇ ਚੀਨ ’ਤੇ ਕੋਈ ਵਾਧੂ ਟੈਰਿਫ਼ ਨਹੀਂ ਲਗਾਏ ਹਨ ਜਦਕਿ ਉਹ ਰੂਸੀ ਕੱਚੇ ਤੇਲ ਦਾ ਸਭ ਤੋਂ ਵੱਡਾ ਖ਼ਰੀਦਦਾਰ ਹੈ। ਪਿਛਲੇ ਕੁਝ ਦਿਨਾਂ ਤੋਂ ਵ੍ਹਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਸਮੇਤ ਟਰੰਪ ਪ੍ਰਸ਼ਾਸਨ ਦੇ ਕਈ ਅਧਿਕਾਰੀਆਂ ਨੇ ਭਾਰਤ ਨੂੰ ਨਿਸ਼ਾਨਾ ਬਣਾਉਂਦਿਆਂ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ। ਚੀਨ ਦੀ ਵਿਜੈ ਦਿਵਸ ਪਰੇਡ ’ਚ ਬੁੱਧਵਾਰ ਨੂੰ ਕਈ ਆਲਮੀ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਟਰੰਪ ਨੇ ਚੀਨੀ ਰਾਸ਼ਟਰਪਤੀ ’ਤੇ ਦੋਸ਼ ਲਾਇਆ ਕਿ ਉਹ ਪੂਤਿਨ ਅਤੇ ਉੱਤਰ ਕੋਰੀਆ ਦੇ ਕਿਮ ਜੌਂਗ ਉਨ ਨਾਲ ਮਿਲ ਕੇ ਅਮਰੀਕਾ ਖ਼ਿਲਾਫ਼ ਸਾਜ਼ਿਸ਼ ਘੜ ਰਹੇ ਹਨ।
ਪੂਤਿਨ ਨਾਲ ਛੇਤੀ ਗੱਲਬਾਤ ਕਰਾਂਗਾ: ਟਰੰਪ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਛੇਤੀ ਹੀ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਕਰਨਗੇ। ਤਕਨਾਲੋਜੀ ਕੰਪਨੀਆਂ ਦੇ ਮੁਖੀਆਂ ਨੂੰ ਦਿੱਤੇ ਗਏ ਰਾਤਰੀ ਭੋਜ ਦੌਰਾਨ ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਟਰੰਪ ਨੇ ਇਹ ਗੱਲ ਆਖੀ। ਪੱਤਰਕਾਰ ਨੇ ਪੁੱਛਿਆ ਸੀ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਗੱਲਬਾਤ ਕਰਨ ਮਗਰੋਂ ਨੇੜ ਭਵਿੱਖ ’ਚ ਉਨ੍ਹਾਂ ਆਪਣੇ ਰੂਸੀ ਹਮਰੁਤਬਾ ਨਾਲ ਵੀ ਗੱਲ ਕਰਨ ਦੀ ਕੋਈ ਯੋਜਨਾ ਬਣਾਈ ਹੈ ਜਾਂ ਨਹੀਂ। ਇਸ ’ਤੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਹਾਂ ਮੈਂ ਗੱਲਬਾਤ ਕਰਾਂਗਾ। ਸਾਡੀ ਬਹੁਤ ਵਧੀਆ ਗੱਲਬਾਤ ਹੋ ਰਹੀ ਹੈ।’’ ਵ੍ਹਾਈਟ ਹਾਊਸ ’ਚ ਟਰੰਪ ਦੇ ਨਾਲ ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਅਤੇ ਮੈਟਾ ਦੇ ਸੀਈਓ ਮਾਰਕ ਜ਼ਕਰਬਰਗ ਵੀ ਬੈਠੇ ਹੋਏ ਸਨ। ਮੇਲਾਨੀਆ ਨੇ ਵੀਰਵਾਰ ਦੁਪਹਿਰ ਵ੍ਹਾਈਟ ਹਾਊਸ ਦੀ ਨਵੀਂ ਮਸਨੂਈ ਬੌਧਿਕਤਾ ਸਿੱਖਿਆ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪਹਿਲਾਂ ਇਹ ਪ੍ਰੋਗਰਾਮ ਹੁਣੇ ਜਿਹੇ ਬਣੇ ਰੋਜ਼ ਗਾਰਡਨ ’ਚ ਹੋਣਾ ਸੀ ਪਰ ਮੀਂਹ ਕਾਰਨ ਇਸ ਨੂੰ ਵ੍ਹਾਈਟ ਹਾਊਸ ’ਚ ਕਰਵਾਇਆ ਗਿਆ। ਟਰੰਪ ਨੇ ਤਕਨਾਲੋਜੀ ਕੰਪਨੀਆਂ ਦੇ ਮਾਲਕਾਂ ਨੂੰ ਕਿਹਾ ਕਿ ਉਹ ਆਪਣੀਆਂ ਕੰਪਨੀਆਂ ਬਾਰੇ ਥੋੜ੍ਹੀ ਜਾਣਕਾਰੀ ਦਿੰਦਿਆਂ ਅਮਰੀਕਾ ’ਚ ਆਪਣੇ ਨਿਵੇਸ਼ ਬਾਰੇ ਗੱਲਬਾਤ ਕਰਨ। ਜ਼ਕਰਬਰਗ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ 2028 ਤੱਕ ਕਰੀਬ 600 ਅਰਬ ਡਾਲਰ ਨਿਵੇਸ਼ ਕਰੇਗੀ। -ਏਪੀ
ਭਾਰਤ ਵੱਲੋਂ ਟਰੰਪ ਦੇ ਬਿਆਨ ’ਤੇ ਟਿੱਪਣੀ ਤੋਂ ਇਨਕਾਰ
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ, ਰੂਸ ਅਤੇ ਚੀਨ ਸਬੰਧੀ ਦਿੱਤੇ ਬਿਆਨ ’ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਕਿਹਾ, ‘‘ਟਰੰਪ ਦੀ ਪੋਸਟ ’ਤੇ ਇਸ ਸਮੇਂ ਮੇਰੇ ਕੋਲ ਟਿੱਪਣੀ ਕਰਨ ਲਈ ਕੁਝ ਨਹੀਂ ਹੈ।’’ ਉਂਝ ਇਕ ਹੋਰ ਸਵਾਲ ਦੇ ਜਵਾਬ ’ਚ ਜੈਸਵਾਲ ਨੇ ਕਿਹਾ ਕਿ ਅਮਰੀਕਾ ਨਾਲ ਸੁਖਾਵੇਂ ਸਬੰਧ ਭਾਰਤ ਲਈ ਬਹੁਤ ਅਹਿਮ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਵਿਚਾਲੇ ਵਪਾਰ ਦੇ ਮੁੱਦੇ ’ਤੇ ਵਾਰਤਾ ਜਾਰੀ ਹੈ ਅਤੇ ਭਾਰਤ ਭਾਈਵਾਲੀ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਦੇ ਬਿਆਨ ਨੂੰ ਗਲਤ ਅਤੇ ਗੁਮਰਾਹਕੁਨ ਕਰਾਰ ਦਿੱਤਾ ਜਿਸ ’ਚ ਨਵਾਰੋ ਨੇ ਰੂਸੀ ਕੱਚਾ ਤੇਲ ਖ਼ਰੀਦਣ ਲਈ ਭਾਰਤ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। -ਏਐੱਨਆਈ
ਰੂਸ ਤੋਂ ਤੇਲ ਖਰੀਦਦੇ ਰਹਾਂਗੇ: ਸੀਤਾਰਮਨ
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਭਾਰਤ ਰੂਸ ਤੋਂ ਤੇਲ ਦੀ ਖਰੀਦ ਜਾਰੀ ਰੱਖੇਗਾ ਤੇ ਫ਼ੈਸਲੇ ਪੂਰੀ ਤਰ੍ਹਾਂ ਰਾਸ਼ਟਰ ਹਿੱਤ ’ਚ ਲਏ ਜਾਣਗੇ। ਉਨ੍ਹਾਂ ਕਿਹਾ, ‘ਭਾਵੇਂ ਰੂਸੀ ਤੇਲ ਹੋਵੇ ਜਾਂ ਕੋਈ ਹੋਰ ਚੀਜ਼, ਅਸੀਂ ਕੀਮਤ, ਢੋਆ-ਢੁਆਈ ਜਾਂ ਕਿਸੇ ਵੀ ਹੋਰ ਗੱਲ ਦੇ ਆਧਾਰ ’ਤੇ ਫ਼ੈਸਲਾ ਲਵਾਂਗੇ ਜੋ ਸਾਡੀਆਂ ਜ਼ਰੂਰਤਾਂ ਨਾਲ ਮੇਲ ਖਾਂਦਾ ਹੋਵੇ।’ -ਏਐੱਨਆਈ