ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਨਾਲ ਸਾਡੇ ਚੰਗੇ ਸਬੰਧ: ਅਮਰੀਕਾ
ਦੁਨੀਆ ਭਰ ਵਿੱਚ ਕਈ ਸੰਘਰਸ਼ਾਂ ਨੂੰ ਖਤਮ ਕਰਨ ਵਿੱਚ ਮਦਦ ਕਰਨ ਦਾ ਸਿਹਰਾ ਟਰੰਪ ਨੂੰ ਜਾਂਦਾ ਹੈ: ਮਾਰਕ ਰੁਬੀਓ
Advertisement
ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕਾ ਦੇ ਭਾਰਤ ਅਤੇ ਪਾਕਿਸਤਾਨ ਦੋਵਾਂ ਨਾਲ ਸਬੰਧ ‘ਚੰਗੇ’ ਹਨ ਅਤੇ ਰਾਜਦੂਤ ‘ਦੋਵਾਂ ਦੇਸ਼ਾਂ ਪ੍ਰਤੀ ਵਚਨਬੱਧ’ ਹਨ। ਵਿਦੇਸ਼ ਮੰਤਰਾਲੇ ਦੀ ਬੁਲਾਰਾ ਟੈਮੀ ਬਰੂਸ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਅਮਰੀਕਾ ਦਾ ਦੋਵਾਂ ਦੇਸ਼ਾਂ ਨਾਲ ਮਿਲ ਕੇ ਕੰਮ ਕਰਨਾ ਖੇਤਰ ਅਤੇ ਵਿਸ਼ਵ ਲਈ ਚੰਗੀ ਗੱਲ ਹੈ ਅਤੇ ਇਸ ਨਾਲ ਲਾਭਕਾਰੀ ਭਵਿੱਖ ਬਣ ਸਕੇਗਾ। ਬਰੂਸ ਨੇ ਕਿਹਾ, ‘‘ਦੋਵਾਂ ਦੇਸ਼ਾਂ ਨਾਲ ਸਾਡੇ ਰਿਸ਼ਤੇ ਪਹਿਲਾਂ ਵਾਂਗ ਹੀ ਬਣੇ ਹੋਏ ਹਨ, ਜੋ ਕਿ ਚੰਗੀ ਗੱਲ ਹੈ ਅਤੇ ਇਹ ਇੱਕ ਅਜਿਹੇ ਰਾਸ਼ਟਰਪਤੀ ਹੋਣ ਦਾ ਫਾਇਦਾ ਹੈ ਜੋ ਸਭ ਨੂੰ ਜਾਣਦੇ ਹਨ, ਸਭ ਨਾਲ ਗੱਲ ਕਰਦੇ ਹਨ...। ਇਸ ਲਈ ਇਹ ਸਪੱਸ਼ਟ ਹੈ ਕਿ ਇੱਥੋਂ ਦੇ ਰਾਜਦੂਤ ਦੋਵਾਂ ਦੇਸ਼ਾਂ ਪ੍ਰਤੀ ਵਚਨਬੱਧ ਹਨ।”
ਉਨ੍ਹਾਂ ਨੇ ਇਹ ਟਿੱਪਣੀ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਟਰੰਪ ਨਾਲ ਮੁਲਾਕਾਤ ਤੋਂ ਬਾਅਦ ਹਥਿਆਰਾਂ ਦੀ ਵਿਕਰੀ ਦੇ ਮਾਮਲੇ ਵਿੱਚ ਪਾਕਿਸਤਾਨ ਲਈ ਅਮਰੀਕੀ ਸਹਾਇਤਾ ਵਿੱਚ ਵਾਧੇ ਦੀ ਸੰਭਾਵਨਾ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਕੀਤੀ। ਉਨ੍ਹਾਂ ਤੋਂ ਇਹ ਵੀ ਸਵਾਲ ਕੀਤਾ ਗਿਆ ਸੀ ਕਿ ਕੀ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟਰੰਪ ਦੇ ਸਬੰਧਾਂ ਦੀ ਕੀਮਤ ’ਤੇ ਹੋ ਰਿਹਾ ਹੈ। ਬਰੂਸ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਈ ਵਿੱਚ ਹੋਏ ਫੌਜੀ ਸੰਘਰਸ਼ ਦਾ ਜ਼ਿਕਰ ਕਰਦਿਆਂ ਕਿਹਾ, ‘‘ਸਾਨੂੰ ਪਾਕਿਸਤਾਨ ਅਤੇ ਭਾਰਤ ਵਿਚਾਲੇ ਉਸ ਸੰਘਰਸ਼ ਦਾ ਸਪੱਸ਼ਟ ਰੂਪ ਨਾਲ ਅਨੁਭਵ ਹੈ ਜੋ ਕਾਫ਼ੀ ਭਿਆਨਕ ਹੋ ਸਕਦਾ ਸੀ।”
ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ, ਉਪ ਰਾਸ਼ਟਰਪਤੀ ਜੇਡੀ ਵਾਂਸ ਅਤੇ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਜੋ ਕੁਝ ਵਾਪਰ ਰਿਹਾ ਸੀ, ਉਸ ਨਾਲ ਨਜਿੱਠਣ ਲਈ ‘‘ਤੁਰੰਤ ਚਿੰਤਾ ਜ਼ਾਹਰ ਕੀਤੀ ਅਤੇ ਤੁਰੰਤ ਕਾਰਵਾਈ ਕੀਤੀ... ਅਸੀਂ ਫ਼ੋਨ ਕਾਲਾਂ ਬਾਰੇ ਜਾਣਕਾਰੀ ਦਿੱਤੀ, ਹਮਲਿਆਂ ਨੂੰ ਰੋਕਣ ਲਈ ਸਾਡੇ ਦੁਆਰਾ ਕੀਤੇ ਗਏ ਕੰਮ ਅਤੇ ਫਿਰ ਦੋਵਾਂ ਪੱਖਾਂ ਨੂੰ ਇਕੱਠਾ ਕਰਨ ਬਾਰੇ ਦੱਸਿਆ ਤਾਂ ਜੋ ਅਸੀਂ ਕੁਝ ਅਜਿਹਾ ਕਰ ਸਕੀਏ ਜੋ ਸਥਾਈ ਹੋਵੇ।”
ਬਰੂਸ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਦੇ ਚੋਟੀ ਦੇ ਨੇਤਾ ‘‘ਉਸ ਸੰਭਾਵਿਤ ਤਬਾਹੀ ਨੂੰ ਰੋਕਣ’’ ਦੇ ਯਤਨਾਂ ਵਿੱਚ ਸ਼ਾਮਲ ਸਨ। ਉਧਰ ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਅਤੇ ਉਸਦੀਆਂ ਫੌਜੀ ਕਾਰਵਾਈਆਂ ਅਮਰੀਕਾ ਦੀ ਕਿਸੇ ਵਿਚੋਲਗੀ ਤੋਂ ਬਿਨਾਂ ਅਤੇ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਸਿੱਧੀ ਗੱਲਬਾਤ ਤੋਂ ਬਾਅਦ ਰੋਕੀਆਂ ਗਈਆਂ ਸਨ।
ਬਰੂਸ ਨੇ ਕਿਹਾ ਕਿ ‘‘ਕੰਬੋਡੀਆ ਅਤੇ ਥਾਈਲੈਂਡ, ਇਜ਼ਰਾਈਲ ਅਤੇ ਈਰਾਨ, ਰਵਾਂਡਾ ਅਤੇ ਕਾਂਗੋ ਲੋਕਤੰਤਰੀ ਗਣਰਾਜ, ਭਾਰਤ ਅਤੇ ਪਾਕਿਸਤਾਨ, ਮਿਸਰ ਅਤੇ ਇਥੋਪੀਆ ਅਤੇ ਸਰਬੀਆ ਅਤੇ ਕੋਸੋਵੋ ਵਿਚਕਾਰ ਗੱਲਬਾਤ ਨਾਲ ਸ਼ਾਂਤੀ ਸਥਾਪਿਤ ਹੋਣ ਤੋਂ ਬਾਅਦ’’ ਆਰਮੀਨੀਆ ਅਤੇ ਅਜ਼ਰਬਾਈਜਾਨ ਵਿਚਕਾਰ ਹਾਲ ਹੀ ਵਿੱਚ ਸ਼ਾਂਤੀ ਸਮਝੌਤਾ ਹੋਇਆ ਹੈ। ਇਸ ਦੌਰਾਨ ਰੂਬੀਓ ਨੇ ਵੀ ਮੰਗਲਵਾਰ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਕਿ ਦੁਨੀਆ ਭਰ ਵਿੱਚ ਕਈ ਸੰਘਰਸ਼ਾਂ ਨੂੰ ਖਤਮ ਕਰਨ ਵਿੱਚ ਮਦਦ ਕਰਨ ਦਾ ਸਿਹਰਾ ਟਰੰਪ ਨੂੰ ਜਾਂਦਾ ਹੈ। -ਪੀਟੀਆਈ
Advertisement
Advertisement