ਭਾਖੜਾ ਤੇ ਪੌਂਗ ਡੈਮ ਤੋਂ ਪਾਣੀ ਛੱਡਿਆ, ਫ਼ਸਲਾਂ ਡੁੱਬੀਆਂ
ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨ ਭਾਰੀ ਮੀਂਹ ਪੈਣ ਸਬੰਧੀ ਦਿੱਤੀ ਚਿਤਾਵਨੀ ਦੇ ਮੱਦੇਨਜ਼ਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਨੇ ਅੱਜ ਭਾਖੜਾ ਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ। ਫਲੱਡ ਗੇਟ ਖੋਲ੍ਹਣ ਦੇ ਨਾਲ ਹੀ ਦੋਵਾਂ ਡੈਮਾਂ ਵਿੱਚੋਂ ਸਤਲੁਜ ਤੇ ਬਿਆਸ ਦਰਿਆ ਵਿੱਚ ਪਹਿਲਾਂ ਦੇ ਮੁਕਾਬਲੇ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ। ਦੋਵਾਂ ਦਰਿਆਣਾ ਵਿੱਚ ਪਾਣੀ ਵਧਣ ਕਰਕੇ ਸਤਲੁਜ ਅਤੇ ਬਿਆਸ ਕੰਢੇ ਰਹਿਣ ਵਾਲੇ ਲੋਕ ਸਹਿਮ ਗਏ ਹਨ, ਜੋ ਪਹਿਲਾਂ ਹੀ ਹੜ੍ਹਾਂ ਕਰਕੇ ਹੋਏ ਖ਼ਰਾਬੇ ਤੋਂ ਉੱਭਰ ਨਹੀਂ ਸਕੇ ਹਨ। ਉਨ੍ਹਾਂ ਨੂੰ ਮੁੜ ਤੋਂ ਹੜ੍ਹਾਂ ਦਾ ਖ਼ਤਰਾ ਸਤਾਉਣ ਲੱਗ ਪਿਆ ਹੈ। ਇਸ ਦੇ ਨਾਲ ਹੀ ਸਤਲੁਜ ਦਰਿਆ ਦੇ ਕੰਢੇ ਸਥਿਤ ਦਰਜਨਾਂ ਪਿੰਡਾਂ ਦੇ ਖੇਤਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ 12 ਵਜੇ ਬੀ ਬੀ ਐੱਮ ਬੀ ਵੱਲੋਂ ਭਾਖੜਾ ਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ ਗਏ। ਇਸ ਤੋਂ ਪਹਿਲਾਂ ਭਾਖੜਾ ਡੈਮ ਵਿੱਚੋਂ 36 ਹਜ਼ਾਰ ਕਿਊਸਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਸੀ, ਜਦੋਂ ਕਿ ਇਸ ਵਿੱਚ 7 ਹਜ਼ਾਰ ਕਿਊਸਕ ਦਾ ਵਾਧਾ ਕੀਤਾ ਗਿਆ। ਇਸ ਸਮੇਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1672.31 ਫੁੱਟ ਹੈ ਜੋ ਖਤਰੇ ਦੇ ਨਿਸ਼ਾਨ ਤੋਂ 7.69 ਫੁੱਟ ਹੇਠਾਂ ਹੈ। ਭਾਖੜਾ ਡੈਮ ਵਿੱਚੋਂ ਸਤਲੁਜ ਵਿੱਚ ਪਾਣੀ ਛੱਡੇ ਜਾਣ ਕਰਕੇ ਪਿੰਡ ਬੇਲਾ ਧਿਆਨੀ, ਭਨਾਮ, ਹਰਸਾ ਬੇਲਾ, ਪੱਤੀ ਦੁਲਚੀ ਸਣੇ ਦਰਜਨਾਂ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਦਾਖਲ ਹੋ ਗਿਆ। ਇਸ ਦੌਰਾਨ ਕਿਸਾਨਾਂ ਦੀ ਪੱਕੀ ਹੋਈ ਫ਼ਸਲ ਮੁੜ ਪਾਣੀ ਵਿੱਚ ਡੁੱਬ ਗਈ ਹੈ। ਦੂਜੇ ਪਾਸੇ ਪੌਂਗ ਡੈਮ ਵਿੱਚੋਂ ਸਵੇਰ ਸਮੇਂ ਪਾਣੀ 17 ਹਜ਼ਾਰ ਕਿਊਸਕ ਛੱਡਿਆ ਜਾ ਰਿਹਾ ਸੀ ਪਰ ਮੌਸਮ ਵਿਭਾਗ ਦੀ ਚਿਤਾਵਨੀ ਨੂੂੰ ਵੇਖਦਿਆਂ ਸ਼ਾਮ 5 ਵਜੇ 49 ਹਜ਼ਾਰ ਕਿਊਸਕ ਛੱਡਿਆ ਗਿਆ। ਇਸ ਸਮੇਂ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1388.02 ਫੁੱਟ ਦਰਜ ਕੀਤਾ ਗਿਆ ਹੈ। ਪੌਂਗ ਡੈਮ ਵਿੱਚੋਂ ਪਾਣੀ ਛੱਡੇ ਜਾਣ ਕਰਕੇ ਬਿਆਸ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸੇ ਤਰ੍ਹਾਂ ਰਣਜੀਤ ਸਿੰਘ ਸਾਗਰ ਡੈਮ ਵਿੱਚੋਂ ਸ਼ਾਮ 5 ਵਜੇ ਦੇ ਕਰੀਬ ਪਾਣੀ 33 ਹਜ਼ਾਰ ਕਿਊਸਕ ਛੱਡਿਆ ਗਿਆ ਜਦੋਂ ਕਿ ਪਾਣੀ ਦੀ ਆਮਦ ਸਿਰਫ਼ 565 ਕਿਊਸਕ ਹੋ ਰਹੀ ਹੈ।
ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਉੱਤਰ ਭਾਰਤ ਦੇ ਕੁਝ ਹਿੱਸਿਆ ਵਿੱਚ 5 ਤੋਂ 7 ਅਕਤੂਬਰ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 5 ਤੇ 6 ਅਕਤੂਬਰ ਲਈ ਓਰੈਂਜ ਜਦਕਿ 7 ਅਕਤੂਬਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਗੁਆਂਢੀ ਸੂਬੇ ਹਰਿਆਣਾ ਵਿੱਚ 6 ਅਕਤੂਬਰ ਨੂੰ ਓਰੈਂਜ ਅਤੇ 5 ਤੇ 7 ਅਕਤੂਬਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਭਾਰੀ ਮੀਂਹ ਪਵੇਗਾ।
ਕਿਸਾਨਾਂ ਦੇ ਸਾਹ ਸੂਤੇ
ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਅਗਲੇ ਤਿੰਨ ਦਿਨ ਭਾਰੀ ਮੀਂਹ ਪੈਣ ਸਬੰਧੀ ਜਾਰੀ ਕੀਤੀ ਚਿਤਾਵਨੀ ਤੋਂ ਬਾਅਦ ਲੋਕਾਂ ਦੇ ਸਾਹ ਸੂਤ ਗਏ ਹਨ ਜੋ ਪਹਿਲਾਂ ਹੀ ਹੜ੍ਹਾਂ ਦੀ ਮਾਰ ਤੋਂ ਹਾਲੇ ਤੱਕ ਉੱਭਰ ਨਹੀਂ ਸਕੇ ਹਨ। ਉਨ੍ਹਾਂ ਨੂੰ ਮੁੜ ਤੋਂ ਹੜ੍ਹਾਂ ਦਾ ਡਰ ਸਤਾਉਣ ਲੱਗ ਪਿਆ ਹੈ। ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਹਨ, ਜਿਨ੍ਹਾਂ ਦੀਆਂ ਫ਼ਸਲਾਂ ਪੱਕ ਚੁੱਕੀਆਂ ਹਨ ਅਤੇ ਵਾਢੀ ਦੇ ਨਜ਼ਦੀਕ ਹਨ। ਉਨ੍ਹਾਂ ਨੂੰ ਮੁੜ ਤੋਂ ਹੜ੍ਹਾਂ ਦਾ ਡਰ ਸਤਾ ਰਿਹਾ ਹੈ। ਕਈ ਇਲਾਕਿਆਂ ਵਿੱਚ ਕਿਸਾਨਾਂ ਨੇ ਝੋਨੇ ਦੀ ਫ਼ਸਲ ਦੀ ਵਾਢੀ ਤੇਜ਼ ਕਰ ਦਿੱਤੀ ਹੈ। ਸੂਬਾ ਸਰਕਾਰ ਨੇ ਤਿੰਨ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਮੰਡੀਆਂ ਵਿੱਚ ਫ਼ਸਲਾਂ ਦੀ ਸੰਭਾਲ ਲਈ ਚਾਰਾਜੋਈ ਤੇਜ਼ ਕਰ ਦਿੱਤੀ ਹੈ।