ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਵਾਧੂ ਮੀਂਹ ਪੈਣ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵਧਿਆ
ਹਿਮਾਚਲ ਪ੍ਰਦੇਸ਼ ਵਿੱਚ ਬਿਆਸ ਦਰਿਆ ’ਤੇ ਬਣੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਨਿਰਧਾਰਤ ਸੀਮਾ ਤੋਂ ਕੁੱਝ ਇੰਚ ਉੱਤੇ ਰਹਿਣ ਤੋਂ ਬਾਅਦ ਹੁਣ ਦੋ ਫੁੱਟ ਵਧ ਗਿਆ ਹੈ।
ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸੋਮਵਾਰ ਸਵੇਰੇ ਪੌਂਗ ਡੈਮ ਵਿਖੇ ਪਾਣੀ ਦਾ ਪੱਧਰ 1392.48 ਫੁੱਟ ਦਰਜ ਕੀਤਾ ਗਿਆ, ਜਦੋਂ ਕਿ ਉਪਰਲੀ ਸੀਮਾ 1390 ਫੁੱਟ ਹੈ। ਇਸ ਵਿੱਚ ਜਲ ਭੰਡਾਰ ਵਿੱਚ ਪਾਣੀ ਦਾ ਪ੍ਰਵਾਹ 64,964 ਕਿਊਸਿਕ ਅਤੇ ਬਾਹਰ ਦਾ ਪ੍ਰਵਾਹ 49,899 ਕਿਊਸਿਕ ਸੀ।
ਇਸ ਸਾਲ ਪੌਂਗ ਡੈਮ ਵਿੱਚ ਅਗਸਤ-ਸਤੰਬਰ ਦੌਰਾਨ ਇਸ ਦੇ ਜਲ ਭੰਡਾਰ ਵਿੱਚ ਪਾਣੀ ਦਾ ਵਹਾਅ ਦੇਖਿਆ ਗਿਆ, ਜੋ ਕਿ 2.25 ਲੱਖ ਕਿਊਸਿਕ ਨੂੰ ਤੱਕ ਚਲਾ ਗਿਆ, ਜਿਸ ਨਾਲ ਵਾਧੂ ਪਾਣੀ ਨੂੰ ਕੱਢਣ ਲਈ ਕਈ ਦਿਨਾਂ ਤੱਕ 1 ਲੱਖ ਕਿਊਸਿਕ ਦਾ ਨਿਕਾਸ ਬਣਾਏ ਰੱਖਿਆ ਗਿਆ।
ਡੈਮ ਦੇ ਕੈਚਮੈਂਟ ਖੇਤਰ ਦੇ ਕੁਝ ਹਿੱਸਿਆਂ ਵਿੱਚ ਪਾਣੀ ਦਾ ਪੱਧਰ ਵਧਣ ਦਾ ਕਾਰਨ ਮੀਂਹ ਦੱਸਿਆ ਜਾ ਰਿਹਾ ਹੈ।
ਹਿਮਾਚਲ ਵਿੱਚ ਰੋਹਤਾਂਗ ਪਾਸ ਦੇ ਨੇੜਿਓਂ ਨਿਕਲਣ ਤੋਂ ਬਾਅਦ ਬਿਆਸ ਪੰਜਾਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਕੁੱਲੂ, ਮੰਡੀ ਅਤੇ ਕਾਂਗੜਾ ਜ਼ਿਲ੍ਹਿਆਂ ਵਿੱਚੋਂ ਲੰਘਦੀ ਹੈ। ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਮੰਡੀ ਵਿੱਚ 566 ਪ੍ਰਤੀਸ਼ਤ ਅਤੇ ਕਾਂਗੜਾ ਵਿੱਚ 207 ਪ੍ਰਤੀਸ਼ਤ ਜ਼ਿਆਦਾ ਮੀਂਹ ਪਿਆ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਕੁੱਲੂ ਵਿੱਚ 36 ਪ੍ਰਤੀਸ਼ਤ ਦੀ ਘਾਟ ਰਹੀ ਹੈ।
ਭਾਖੜਾ ਡੈਮ, ਜੋ ਕਿ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਸਤਲੁਜ ਨਦੀ ’ਤੇ ਸਥਿਤ ਹੈ, ਵਿੱਚ ਪਾਣੀ ਦਾ ਪੱਧਰ ਸੋਮਵਾਰ ਸਵੇਰੇ 1676.16 ਫੁੱਟ ਸੀ, ਜੋ ਉਪਰਲੀ ਸੀਮਾ ਤੋਂ ਲਗਪਗ ਚਾਰ ਫੁੱਟ ਘੱਟ ਹੈ। BBMB ਅਨੁਸਾਰ ਜਲ ਭੰਡਾਰ ਵਿੱਚ ਪਾਣੀ ਦਾ ਪ੍ਰਵਾਹ 40,999 ਅਤੇ ਬਾਹਰ ਦਾ ਪ੍ਰਵਾਹ 55,000 ਕਿਊਸਿਕ ਸੀ।
ਮੌਸਮ ਵਿਭਾਗ ਨੇ 21 ਸਤੰਬਰ ਤੱਕ ਪੂਰੇ ਹਿਮਾਚਲ ਪ੍ਰਦੇਸ਼ ਵਿੱਚ ਵੱਖ ਵੱਖ ਖੇਤਰਾਂ ਵਿਚ ਟੁੱਟਵਾਂ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। 16 ਸਤੰਬਰ ਨੂੰ ਕਾਫ਼ੀ ਵਿਆਪਕ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ ਹੈ, ਜਿਸ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।