ਸਰ ਕਰੀਕ ’ਚ ਪਾਕਿਸਤਾਨ ਦੀ ਕੋਝੀ ਹਰਕਤ ਦਾ ਫ਼ੈਸਲਾਕੁਨ ਜਵਾਬ ਦੇਣ ਦੀ ਚਿਤਾਵਨੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਦਾ ਮਕਸਦ ਜੰਗ ਛੇੜਨਾ ਨਹੀਂ ਸੀ। ਭਾਰਤੀ ਫੌਜ ਨੇ ਅਪਰੇਸ਼ਨ ਸਿੰਧੂਰ ਦੇ ਸਾਰੇ ਟੀਚੇ ਹਾਸਲ ਕਰ ਲਏ ਹਨ ਪਰ ਸਰਹੱਦ ਪਾਰੋਂ ਅਤਿਵਾਦ ਖ਼ਿਲਾਫ਼ ਮੁਲਕ ਦੀ ਲੜਾਈ ਜਾਰੀ ਰਹੇੇਗੀ। ਸਿੰਘ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨੇ ਲੇਹ ਤੋਂ ਲੈ ਕੇ ਸਰ ਕਰੀਕ ਤੱਕ ਭਾਰਤ ਦੀ ਰੱਖਿਆ ਪ੍ਰਣਾਲੀ ਵਿਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ। ਪਰ ਭਾਰਤੀ ਫੌਜ ਨੇ ਪਾਕਿਸਤਾਨੀ ਹਵਾਈ ਸੈਨਾ ਦੇ ਰੱਖਿਆ ਤਾਣੇ-ਬਾਣੇ ਨੂੰ ‘ਬੇਨਕਾਬ’ ਕਰ ਦਿੱਤਾ ਤੇ ਕੁੱਲ ਆਲਮ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਰਵਾਇਤੀ ਵਿਰੋਧੀ ਨੂੰ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ। ਰੱਖਿਆ ਮੰਤਰੀ ਨੇ ਗੁਜਰਾਤ ਦੇ ਭੁਜ ਵਿਚ ਫੌਜੀ ਹਵਾਈ ਅੱਡੇ ’ਤੇ ਜਵਾਨਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਜਵਾਨਾਂ ਨਾਲ ਦਸਹਿਰਾ ਮਨਾਇਆ ਤੇ ‘ਸ਼ਸਤਰ ਪੂਜਾ’ ਵੀ ਕੀਤੀ। ਇਸ ਮੌਕੇ ਰੱਖਿਆ ਮੰਤਰੀ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਸਰ ਕਰੀਕ ਸੈਕਟਰ ’ਚ ਇਸਲਾਮਾਬਾਦ ਦੀ ਕਿਸੇ ਵੀ ਕੋਝੀ ਹਰਕਤ ਦਾ ‘ਫ਼ੈਸਲਾਕੁਨ ਜਵਾਬ ਦਿੱਤਾ ਜਾਵੇਗਾ, ਜੋ ਇਤਿਹਾਸ ਤੇ ਭੂਗੋਲ’ ਦੋਵਾਂ ਨੂੰ ਬਦਲ ਦੇਵੇਗਾ। ਭੁਜ ’ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਫੌਜ ਦੇ ਅੱਡੇ ’ਤੇ ਉਨ੍ਹਾਂ ਨੇ ਇਹ ਟਿੱਪਣੀ ਗੁਆਂਢੀ ਮੁਲਕ ਵੱਲੋਂ ਵਿਵਾਦਤ ਇਲਾਕੇ ਸੈਨਿਕ ਬੁਨਿਆਦੀ ਢਾਂਚਾ ਵਧਾਉਣ ਦੇ ਸਬੰਧ ’ਚ ਕੀਤੀ ਹੈ।
ਮੰਤਰੀ ਨੇ ਕਿਹਾ, ‘‘ਅਪਰੇਸ਼ਨ ਸਿੰਧੂਰ ਦੌਰਾਨ ਭਾਰਤ ਨੇ ਸੰਜਮ ਨਾਲ ਕੰਮ ਲਿਆ ਕਿਉਂਕਿ ਉਸ ਦੀ ਫੌਜੀ ਕਾਰਵਾਈ ਅਤਿਵਾਦ ਖ਼ਿਲਾਫ਼ ਸੀ। ਭਾਰਤੀ ਫੌਜ ਨੇ ਅਪਰੇਸ਼ਨ ਸਿੰਧੂਰ ਦੇ ਸਾਰੇ ਟੀਚੇ ਹਾਸਲ ਕਰ ਲਏ ਹਨ ਤੇ ਉਸ ਦਾ ਮਕਸਦ ਤਣਾਅ ਵਧਾ ਕੇ ਪਾਕਿਸਤਾਨ ਨਾਲ ਜੰਗ ਛੇੜਨਾ ਨਹੀਂ ਸੀ। ਸਾਡੀ ਅਤਿਵਾਦ ਖ਼ਿਲਾਫ਼ ਲੜਾਈ ਜਾਰੀ ਹੈ।’’ ਉਨ੍ਹਾਂ ਕਿਹਾ, ‘‘1965 ਦੀ ਜੰਗ ’ਚ ਭਾਰਤੀ ਫੌਜ ਲਾਹੌਰ ਤੱਕ ਪਹੁੰਚੀ ਸੀ। ਅੱਜ 2025 ਵਿੱਚ ਪਾਕਿਸਤਾਨ ਇਹ ਯਾਦ ਰੱਖੇ ਕਿ ਕਰਾਚੀ ਜਾਣ ਦਾ ਰਾਹ ਵੀ ਇਸ ਕਰੀਕ ਵਿਚੋਂ ਦੀ ਲੰਘਦਾ ਹੈ।’’ ਦੱਸਣਯੋਗ ਹੈ ਕਿ ਸਰ ਕਰੀਕ ਗੁਜਰਾਤ ’ਚ ਕੱਛ ਦੇ ਰਣ ਅਤੇ ਪਾਕਿਸਤਾਨ ਵਿਚਾਲੇ 96 ਕਿਲੋਮੀਟਰ ਲੰਬਾ ਮੁਹਾਨਾ ਹੈ। ਦੋਵਾਂ ਧਿਰਾਂ ਵੱਲੋਂ ਸਮੁੰਦਰੀ ਰੇਖਾਵਾਂ ਨੂੰ ਵੱਖ-ਵੱਖ ਦਰਸਾਉਣ ਕਾਰਨ ਇਹ ਵਿਵਾਦਤ ਇਲਾਕਾ ਮੰਨਿਆ ਜਾਂਦਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਪਾਕਿਸਤਾਨ ਸਰ ਕਰੀਕ ਸੈਕਟਰ ’ਚ ‘ਵਿਵਾਦ ਖੜ੍ਹੇ’ ਕਰਦਾ ਰਹਿੰਦਾ ਹੈ ਜਦਕਿ ਭਾਰਤ ਇਹ ਮੁੱਦਾ ਗੱਲਬਾਤ ਰਾਹੀਂ ਹੱਲ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰ ਕਰੀਕ ਨਾਲ ਲੱਗਦੇ ਇਲਾਕਿਆਂ ’ਤੇ ਉਸ (ਪਾਕਿਸਤਾਨ) ਦੇ ਬੁਨਿਆਦੀ ਢਾਂਚੇ ਦਾ ਹਾਲੀਆ ਵਿਸਤਾਰ ਉਸ ਦੀ ਨੀਅਤ ਨੂੰ ਦਰਸਾਉਂਦਾ ਹੈ ਪਰ ਉਸ ਦੀ ਇਸ ਇਲਾਕੇ ’ਚ ਕਿਸੇ ਵੀ ਮਾੜੀ ਹਰਕਤ ਦਾ ਫ਼ੈਸਲਾਕੁਨ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਰਾਜਨਾਥ ਸਿੰਘ ਨੇ ਸੈਕਟਰ ’ਚ ‘ਟਾਈਡਲ ਬਰਥਿੰਗ’ ਸਹੂਲਤ ਅਤੇ ਸਾਂਝੇ ਕੰਟਰੋਲ ਕੇਂਦਰ (ਜੇ ਸੀ ਸੀ) ਦਾ ਵਰਚੁਅਲੀ ਉਦਘਾਟਨ ਵੀ ਕੀਤਾ।