ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੂਤਿਨ ਦਾ ਭਾਰਤ ਪੁੱਜਣ ’ਤੇ ਨਿੱਘਾ ਸਵਾਗਤ

ਮੋਦੀ ਨੇ ਹਵਾੲੀ ਅੱਡੇ ’ਤੇ ਗਲਵੱਕਡ਼ੀ ਪਾੲੀ; ਰਿਹਾਇਸ਼ ’ਤੇ ਰਾਤ ਦੇ ਖਾਣੇ ਦੀ ਦਾਅਵਤ ਦਿੱਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਦਿੱਲੀ ਦੇ ਪਾਲਮ ਹਵਾਈ ਅੱਡੇ ’ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਸਵਾਗਤ ਦੀ ਵੀਡੀਓ ਤੋਂ ਲਈ ਗਈ ਤਸਵੀਰ। -ਫੋਟੋ: ਪੀਟੀਆਈ
Advertisement

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਭਾਰਤ ਦੇ ਕਰੀਬ 27 ਘੰਟਿਆਂ ਦੇ ਦੌਰੇ ਲਈ ਅੱਜ ਰਾਤ ਇਥੇ ਪਹੁੰਚ ਗਏ। ਟੈਰਿਫ ਕਾਰਨ ਅਮਰੀਕਾ ਨਾਲ ਵਿਗੜੇ ਰਿਸ਼ਤਿਆਂ ਅਤੇ ਆਲਮੀ ਤਣਾਅ ਦੇ ਮਾਹੌਲ ਦਰਮਿਆਨ ਰੂਸੀ ਰਾਸ਼ਟਰਪਤੀ ਦਾ ਇਹ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ ਜਿਸ ’ਤੇ ਪੂਰੀ ਦੁਨੀਆ ਦੀ ਨਜ਼ਰ ਲੱਗੀ ਹੋਈ ਹੈ। ਇਸ ਦੌਰੇ ਦੀ ਅਹਿਮੀਅਤ ਇਸ ਗੱਲ ਤੋਂ ਪਤਾ ਲਗਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰੋਟੋਕਾਲ ਤੋੜ ਕੇ ਪਾਲਮ ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਪਹੁੰਚ ਗਏ। ਜਹਾਜ਼ ਤੋਂ ਉਤਰਨ ਮਗਰੋਂ ਪੂਤਿਨ ਤੇ ਮੋਦੀ ਨੇ ਗੱਲਵਕੜੀ ਪਾਈ ਅਤੇ ਚਾਰ ਸਾਲਾਂ ਮਗਰੋਂ ਭਾਰਤ ਆਉਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਪੂਤਿਨ ਅਤੇ ਮੋਦੀ ਇਕੋ ਕਾਰ ’ਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਰਵਾਨਾ ਹੋਏ ਜਿਥੇ ਰੂਸੀ ਰਾਸ਼ਟਰਪਤੀ ਨੂੰ ਦਾਅਵਤ ਦਿੱਤੀ ਗਈ। ਕਰੀਬ ਤਿੰਨ ਮਹੀਨੇ ਪਹਿਲਾਂ ਚੀਨੀ ਸ਼ਹਿਰ ਤਿਆਨਜਿਨ ’ਚ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਦੇ ਸਿਖਰ ਸੰਮੇਲਨ ਦੌਰਾਨ ਦੋਵੇਂ ਆਗੂਆਂ ਨੇ ਇਕੋ ਕਾਰ ’ਚ ਸਫ਼ਰ ਕੀਤਾ ਸੀ। ਪੂਤਿਨ ਅਤੇ ਮੋਦੀ ਭਲਕੇ 23ਵੇਂ ਭਾਰਤ-ਰੂਸ ਸਿਖਰ ਵਾਰਤਾ ਕਰਨਗੇ ਜਿਸ ’ਚ ਕਈ ਅਹਿਮ ਮੁੱਦਿਆਂ ’ਤੇ ਚਰਚਾ ਹੋਣ ਤੋਂ ਇਲਾਵਾ ਕਈ ਸਮਝੌਤਿਆਂ ’ਤੇ ਮੋਹਰ ਵੀ ਲੱਗ ਸਕਦੀ ਹੈ। ਪੂਤਿਨ ਦਾ ਭਲਕੇ ਰਾਸ਼ਟਰਪਤੀ ਭਵਨ ’ਚ ਰਸਮੀ ਤੌਰ ’ਤੇ ਸਵਾਗਤ ਕੀਤਾ ਜਾਵੇਗਾ। ਮੋਦੀ ਰੂਸੀ ਆਗੂ ਅਤੇ ਉਨ੍ਹਾਂ ਦੇ ਵਫ਼ਦ ਨੂੰ ਹੈਦਰਾਬਾਦ ਹਾਊਸ ’ਚ ਦੁਪਹਿਰ ਦੀ ਦਾਅਵਤ ਦੇਣਗੇ। ਪੂਤਿਨ ਭਲਕੇ ਸਵੇਰੇ ਰਾਜਘਾਟ ਦਾ ਦੌਰਾ ਵੀ ਕਰਨਗੇ।

Advertisement

ਸਿਖਰ ਵਾਰਤਾ ਦੌਰਾਨ ਭਾਰਤ ਵੱਲੋਂ ਰੂਸੀ ਕੱਚੇ ਤੇਲ ਦੀ ਖਰੀਦ ਕਾਰਨ ਵਪਾਰ ਘਾਟਾ ਵਧਣ ਦਾ ਮੁੱਦਾ ਚੁੱਕੇ ਜਾਣ ਦੀ ਸੰਭਾਵਨਾ ਹੈ। ਅਮਰੀਕਾ ਵੱਲੋਂ ਕੱਚੇ ਤੇਲ ਦੀ ਖਰੀਦ ’ਤੇ ਲਾਈ ਪਾਬੰਦੀ ਕਾਰਨ ਭਾਰਤ ’ਤੇ ਪੈਣ ਵਾਲੇ ਅਸਰ ਬਾਰੇ ਵੀ ਚਰਚਾ ਹੋ ਸਕਦੀ ਹੈ। ਵਾਰਤਾ ਦੌਰਾਨ ਪੂਤਿਨ ਵੱਲੋਂ ਮੋਦੀ ਨੂੰ ਯੂਕਰੇਨ ਜੰਗ ਖ਼ਤਮ ਕਰਨ ਲਈ ਅਮਰੀਕਾ ਦੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਦਿੱਤੇ ਜਾਣ ਦੀ ਸੰਭਾਵਨਾ ਹੈ। ਭਾਰਤ ਆਖਦਾ ਰਿਹਾ ਹੈ ਕਿ ਵਾਰਤਾ ਅਤੇ ਕੂਟਨੀਤੀ ਨਾਲ ਹੀ ਜੰਗ ਖ਼ਤਮ ਹੋ ਸਕਦੀ ਹੈ।

ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਰੂਸੀ ਹਮਰੁਤਬਾ ਆਂਦਰੇ ਬੋਲੋਸੋਵ ਦਾ ਦੇਸ਼ ਪੁੱਜਣ ’ਤੇ ਸਵਾਗਤ ਕੀਤਾ। ਦੋਵੇਂ ਮੰਤਰੀਆਂ ਨੇ ਵੀਰਵਾਰ ਨੂੰ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ ਜਿਸ ’ਚ ਐੱਸ-400 ਮਿਜ਼ਾਈਲ ਪ੍ਰਣਾਲੀ ਅਤੇ ਹੋਰ ਅਹਿਮ ਫੌਜੀ ਸਾਜ਼ੋ-ਸਾਮਾਨ ਰੂਸ ਤੋਂ ਖਰੀਦੇ ਜਾਣ ’ਤੇ ਧਿਆਨ ਕੇਂਦਰਤ ਕੀਤਾ ਗਿਆ। -ਪੀਟੀਆਈ

 

ਰੂਸ ਨਾਲ ਵਪਾਰ ਤਵਾਜ਼ਨ ਕਾਇਮ ਕਰਨ ਦੀ ਲੋੜ: ਪਿਊਸ਼

ਨਵੀਂ ਦਿੱਲੀ: ਵਣਜ ਅਤੇ ਸਨਅਤਾਂ ਬਾਰੇ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਚਾਲੇ ਦੁਵੱਲਾ ਵਪਾਰ ਵਧਾਉਣ ਅਤੇ ਇਸ ’ਚ ਵਧੇਰੇ ਤਵਾਜ਼ਨ ਕਾਇਮ ਕਰਨ ਦੀ ਲੋੜ ਹੈ। ਖਪਤਕਾਰ ਵਸਤਾਂ, ਖੁਰਾਕੀ ਉਤਪਾਦ, ਮੋਟਰ ਵਾਹਨ, ਟਰੈਕਟਰ, ਸਮਾਰਟਫੋਨ ਜਿਹੇ ਇਲੈਕਟ੍ਰਾਨਿਕ ਤੇ ਉਦਯੋਗਿਕ ਕਲਪੁਰਜ਼ੇ ਭਾਰਤ ਤੋਂ ਰੂਸ ਨੂੰ ਭੇਜੇ ਜਾ ਸਕਦੇ ਹਨ। ਭਾਰਤ-ਰੂਸ ਵਪਾਰ ਕਾਰੋਬਾਰੀਆਂ ਦੀ ਮੀਟਿੰਗ ’ਚ ਉਨ੍ਹਾਂ ਕਿਹਾ ਕਿ ਦੁਵੱਲਾ ਵਪਾਰ 70 ਅਰਬ ਡਾਲਰ ਤੋਂ ਪਾਰ ਹੋ ਗਿਆ ਹੈ।

ਵਿਦੇਸ਼ੀ ਮਹਿਮਾਨਾਂ ਨਾਲ ਮਿਲਣ ਨਹੀਂ ਦਿੱਤਾ ਜਾਂਦਾ: ਰਾਹੁਲ

ਨਵੀਂ ਦਿੱਲੀ, 4 ਦਸੰਬਰ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਵਿਦੇਸ਼ੀ ਮਹਿਮਾਨਾਂ ਨੂੰ ਵਿਰੋਧੀ ਨੇਤਾ ਨਾਲ ਨਹੀਂ ਮਿਲਣ ਦਿੰਦੀ, ਕਿਉਂਕਿ ਉਹ ਖ਼ੁਦ ਨੂੰ ‘ਅਸੁਰੱਖਿਅਤ’ ਮਹਿਸੂਸ ਕਰਦੀ ਹੈ। ਉਨ੍ਹਾਂ ਨੇ ਇਹ ਟਿੱਪਣੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਭਾਰਤ ਦੌਰੇ ਤੋਂ ਕੁਝ ਸਮਾਂ ਪਹਿਲਾਂ ਕੀਤੀ ਹੈ। ਸ੍ਰੀ ਗਾਂਧੀ ਨੇ ਕਿਹਾ ਕਿ ਇਹ ਰਵਾਇਤ ਹੈ ਕਿ ਵਿਦੇਸ਼ੀ ਮਹਿਮਾਨ (ਸ਼ਖਸੀਅਤਾਂ/ਆਗੂ) ਵਿਰੋਧੀ ਧਿਰ ਦੇ ਨੇਤਾ ਨੂੰ ਮਿਲਦੇ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰਾਲਾ ਇਸ ਨੇਮ ਦੀ ਪਾਲਣਾ ਨਹੀਂ ਕਰ ਰਹੇ। ਸ੍ਰੀ ਗਾਂਧੀ ਨੇ ਸੰਸਦ ਕੰਪਲੈਕਸ ’ਚ ਪੱਤਰਕਾਰਾਂ ਨੂੰ ਕਿਹਾ, ‘‘ਆਮ ਤੌਰ ’ਤੇ ਪਰੰਪਰਾ ਰਹੀ ਹੈ ਕਿ ਜੋ ਵਿਦੇਸ਼ੀ ਮਹਿਮਾਨ ਭਾਰਤ ਆਉਂਦੇ ਹਨ, ਉਨ੍ਹਾਂ ਦੀ ਵਿਰੋਧੀ ਧਿਰ ਦੇ ਨੇਤਾ ਨਾਲ ਮੁਲਾਕਾਤ ਹੁੰਦੀ ਹੈ। ਇਹ ਅਟਲ ਬਿਹਾਰੀ ਵਾਜਪਾਈ ਜੀ ਅਤੇ ਮਨਮੋਹਨ ਸਿੰਘ ਜੀ ਦੇ ਸਮੇਂ ਵੀ ਹੁੰਦਾ ਸੀ ਪਰ ਅੱਜ ਕੱਲ੍ਹ ਜਦੋਂ ਕੋਈ ਬਾਹਰੋਂ ਆਉਂਦਾ ਹੈ ਜਾਂ ਮੈਂ ਬਾਹਰ ਜਾਂਦਾ ਤਾਂ ਸਰਕਾਰ ਸੁਝਾਅ ਦਿੰਦੀ ਹੈ ਕਿ ਬਾਹਰ ਤੋਂ ਆਉਣ ਵਾਲੇ ਮਹਿਮਾਨ ਜਾਂ ਉਨ੍ਹਾਂ (ਰਾਹੁਲ) ਦੇ ਬਾਹਰ ਜਾਣ ’ਤੇ ਉਥੋਂ ਦੇ ਲੋਕ ਵਿਰੋਧੀ ਧਿਰ ਦੇ ਨੇਤਾ ਨਾਲ ਨਾ ਮਿਲਣ।’’

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਆਖਿਆ, ‘‘ਹਰ ਵਾਰ ਅਜਿਹਾ ਕਰਨਾ ਉਨ੍ਹਾਂ (ਸਰਕਾਰ) ਦੀ ਨੀਤੀ ਹੈ। ਭਾਰਤ ਦੀ ਨੁਮਾਇੰਦਗੀ ਅਸੀਂ ਵੀ ਕਰਦੇ ਹਾਂ, ਸਿਰਫ ਸਰਕਾਰ ਨਹੀਂ ਕਰਦੀ। ਸਰਕਾਰ ਨਹੀਂ ਚਾਹੁੰਦੀ ਕਿ ਵਿਰੋਧੀ ਧਿਰ ਦੇ ਨੇਤਾ ਵਿਦੇਸ਼ੀ ਆਗੂਆਂ ਨੂੰ ਮਿਲਣ। ਇਹ ਰਵਾਇਤ ਹੈ ਪਰ ਮੋਦੀ ਜੀ ਅਤੇ ਵਿਦੇਸ਼ ਮੰਤਰਾਲਾ ਇਸ ਦੀ ਪਾਲਣਾ ਨਹੀਂ ਕਰ ਰਹੇ।’’ -ਪੀਟੀਆਈ

Advertisement
Show comments