ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਵਾਈ ਅੱਡਿਆਂ ’ਚ ਬਣਨਗੇ ‘ਵਾਰ ਰੂਮ’

ਸੰਘਣੀ ਧੁੰਦ ਪੈਣ ਕਰਕੇ ਉਡਾਣਾਂ ਵਿੱਚ ਦੇਰੀ
ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਮੰਗਲਵਾਰ ਨੂੰ ਛਾਈ ਸੰਘਣੀ ਧੁੰਦ ਦੌਰਾਨ ਖੜ੍ਹੇ ਜਹਾਜ਼। -ਫੋਟੋ: ਏਐੱਨਆਈ
Advertisement

* ਸਿੰਧੀਆ ਨੇ ਅੱਧੀ ਰਾਤ ਨੂੰ ਅਧਿਕਾਰੀਆਂ ਨਾਲ ਮੀਿਟੰਗ ਦੌਰਾਨ ਿਦੱਤੇ ਹੁਕਮ

* ਯਾਤਰੀਆਂ ਵੱਲੋਂ ਹਵਾਈ ਪੱਟੀ ’ਤੇੇ ਖਾਣਾ ਖਾਣ ਦਾ ਲਿਆ ਨੋਟਿਸ

Advertisement

* ਇੰਡੀਗੋ ਤੇ ਮੁੰਬਈ ਦੇ ਹਵਾਈ ਅੱਡਾ ਅਪਰੇਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ

ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 16 ਜਨਵਰੀ

ਸੰਘਣੀ ਧੁੰਦ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਉੱਤਰੀ ਭਾਰਤ ਦੇ ਹੋਰਨਾਂ ਹਵਾਈ ਅੱਡਿਆਂ ਤੋਂ ਉਡਾਣਾਂ ਵਿਚ ਦੇਰੀ ਕਰਕੇ ਪੂਰੇ ਦੇਸ਼ ’ਚ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਰਮਿਆਨ ਸਰਕਾਰ ਨੇ ਅੱਜ ਦਿੱਲੀ ਤੇ ਮੁੰਬਈ ਸਣੇ ਮੈਟਰੋ ਸ਼ਹਿਰਾਂ ਵਿਚਲੇ ਹੋਰਨਾਂ ਹਵਾਈ ਅੱਡਿਆਂ ’ਤੇ ‘ਵਾਰ ਰੂਮ’ ਸਥਾਪਤ ਕਰਨ ਅਤੇ ਸਿਫ਼ਰ ਦਿਸਣ ਹੱਦ ਵਿੱਚ ਜਹਾਜ਼ਾਂ ਦੀ ਲੈਂਡਿੰਗ ਲਈ ਰਨਵੇਅ ’ਤੇ ਕੈਟ-3 ਸਿਸਟਮ ਚਾਲੂ ਕਰਨ ਸਣੇ ਹੋਰ ਕਈ ਉਪਰਾਲਿਆਂ ਦਾ ਐਲਾਨ ਕੀਤਾ ਹੈ। ਕਾਬਿਲੇਗੌਰ ਹੈ ਕਿ ਉਡਾਣਾਂ ਵਿੱਚ ਦੇਰੀ ਕਰਕੇ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਣ ਲੱਗਾ ਹੈ। ਗੁੱਸੇ ਵਿੱਚ ਭਰੇ ਪੀਤੇ ਇੱਕ ਯਾਤਰੀ ਵੱਲੋਂ ਜਹਾਜ਼ ਦੇ ਸਹਿ-ਪਾਇਲਟ ’ਤੇ ਹਮਲਾ ਤੇ ਯਾਤਰੀਆਂ ਵੱਲੋਂ ਹਵਾਈ ਪੱਟੀ ’ਤੇ ਖਾਣਾ ਖਾਧੇ ਜਾਣ ਦੀਆਂ ਵੀਡੀਓਜ਼ ਮਗਰੋਂ ਸਰਕਾਰ ਹਰਕਤ ਵਿੱਚ ਆ ਗਈ ਹੈ। ਉਧਰ ਮੌਸਮ ਵਿਭਾਗ ਨੇ ਅਗਲੇ ਪੰਜ ਦਿਨ ਸੰਘਣੀ ਧੁੰਦ ਅਤੇ ਠੰਢ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੁੰਬਈ ਹਵਾਈ ਅੱਡੇ ’ਤੇ ਕੁਝ ਯਾਤਰੀਆਂ ਵੱਲੋਂ ਹਵਾਈ ਪੱਟੀ ’ਤੇ ਖਾਣਾ ਖਾਂਦਿਆਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਨੇ ਮੰਗਲਵਾਰ ਰਾਤ ਕਰੀਬ 12:30 ਵਜੇ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋੜੀਂਦੀਆਂ ਹਦਾਇਤਾਂ ਕੀਤੀਆਂ। ਬੈਠਕ ਤੋਂ ਫੌਰੀ ਮਗਰੋਂ ਏਵੀਏਸ਼ਨ ਨਿਗਰਾਨ ਬੀਸੀਏਐੱਸ ਨੇ ਇੰਡੀਗੋ ਤੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਐੱਮਆਈਏਐੱਲ) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਇੰਡੀਗੋ ਦੀ ਉਡਾਣ 6ਈ 2195, ਜੋ ਡਾਇਵਰਟ ਕੀਤੇ ਜਾਣ ਮਗਰੋਂ ਐਤਵਾਰ ਰਾਤ 23:21 ਵਜੇ ਮੁੰਬਈ ਹਵਾਈ ਅੱਡੇ ’ਤੇ ਪੁੱਜੀ ਸੀ, ਨੂੰ ਲੈ ਕੇ ਏਅਰਲਾਈਨ ਏਵੀਏਸ਼ਨ ਸੁਰੱਖਿਆ ਪ੍ਰਕਿਰਿਆ ਦੀ ਪਾਲਣਾ ਕਰਨ ਵਿਚ ਨਾਕਾਮ ਰਹੀ। ਨੋਟਿਸ ਮੁਤਾਬਕ ਇੰਡੀਗੋ ਨੇ ਯਾਤਰੀਆਂ ਨੂੰ ਪਹਿਲਾਂ ਜਹਾਜ਼ ਵਿਚੋਂ ਉਤਾਰ ਕੇ ਪਾਰਕਿੰਗ ਵਾਲੀ ਥਾਂ ਖੜ੍ਹਾਇਆ ਤੇ ਮਗਰੋਂ ਉਡਾਣ 6ਈ 2091 ’ਤੇ ਚੜ੍ਹਾਇਆ ਤੇ ਇਸ ਦੌਰਾਨ ਸਕਿਓਰਿਟੀ ਸਕਰੀਨਿੰਗ ਦੇ ਅਮਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਹੀ ਨਹੀਂ ਏਅਰਲਾਈਨ ਨੇ ਇਸ ਪੂਰੀ ਘਟਨਾ ਬਾਰੇ ਬੀਸੀਏਐੱਸ ਨੂੰ ਵੀ ਰਿਪੋਰਟ ਨਹੀਂ ਕੀਤਾ। ਸਿੰਧੀਆ ਨੇ ਅੱਜ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਸੰਘਣੀ ਧੁੰਦ ਕਰਕੇ ਹਵਾਈ ਉਡਾਣਾਂ ਵਿੱਚ ਦੇਰੀ ਦਰਮਿਆਨ ਦਿੱਲੀ, ਮੁੰਬਈ, ਹੈਦਰਾਬਾਦ, ਬੰਗਲੂਰੂ, ਚੇਨੱਈ ਤੇ ਕੋਲਕਾਤਾ ਦੇ ਹਵਾਈ ਅੱਡਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅਜਿਹੀਆਂ ਘਟਨਾਵਾਂ ਬਾਰੇ ਦਿਨ ’ਚ ਤਿੰਨ ਵਾਰ ਰਿਪੋਰਟ ਦੇਣ ਅਤੇ ਹਵਾਈ ਅੱਡੇ ਤੇ ਏਅਰਲਾਈਨਾਂ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ‘ਵਾਰ ਰੂਮ’ ਸਥਾਪਤ ਕਰਨ।’’ ਸਿੰਧੀਆ ਨੇ ਕਿਹਾ ਕਿ ਹਵਾਈ ਅੱਡਿਆਂ ’ਤੇ ਉਚਿਤ ਸੀਆਈਐੱਸਐੱਫ ਅਮਲੇ ਦੀ 24 ਘੰਟੇ ਤਾਇਨਾਤੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਘੜੀ ਵਿਚ ਉਨ੍ਹਾਂ ਦਾ ਸਾਥ ਦੇਣ। ਮੰਤਰੀ ਨੇ ਕਿਹਾ ਕਿ ਰਨਵੇਅ ’ਤੇ ਕੈਟ 3 ਸਿਸਟਮ ਚਾਲੂ ਕਰ ਦਿੱਤਾ ਗਿਆ ਹੈ।

ਦਿੱਲੀ ਦੇ ਹਵਾਈ ਖੇਤਰ ’ਚ 11 ਦਿਨ ਰਹੇਗੀ ਪਾਬੰਦੀ

ਬਠਿੰਡਾ ’ਚ ਮੰਗਲਵਾਰ ਨੂੰ ਕੜਾਕੇ ਦੀ ਠੰਢ ਤੋਂ ਬਚਣ ਲਈ ਧੂਣੀ ਸੇਕਦੇ ਹੋਏ ਲੋਕ। -ਫੋਟੋ: ਪਵਨ ਸ਼ਰਮਾ

ਨਵੀਂ ਦਿੱਲੀ: ਗਣਤੰਤਰ ਦਿਵਸ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਦਿੱਲੀ ਵਿੱਚ 19 ਜਨਵਰੀ ਤੋਂ ਗਿਆਰਾਂ ਦਿਨਾਂ ਲਈ ਹਵਾਈ ਪਾਬੰਦੀਆਂ ਜਾਰੀ ਰਹਿਣਗੀਆਂ। ਇਕ ਅਧਿਕਾਰੀ ਨੇ ਦੱਸਿਆ ਕਿ ਗੈਰ ਸੂਚੀਬੱਧ ਅਤੇ ਚਾਰਟਰਡ ਉਡਾਣਾਂ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1.15 ਵਜੇ ਤਕ ਉਡਾਣ ਭਰਨ ਅਤੇ ਉਤਰਨ ਦੀ ਇਜਾਜ਼ਤ ਨਹੀਂ ਹੋਵੇਗੀ। ਆਮ ਕਮਰਸ਼ੀਅਲ ਉਡਾਣਾਂ ਦੇ ਪ੍ਰੋਗਰਾਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸ਼ਹਿਰੀ ਹਵਾਬਾਜ਼ੀ ਅਥਾਰਿਟੀ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ 26 ਜਨਵਰੀ ਤੋਂ 29 ਜਨਵਰੀ ਤਕ ਇਹ ਪਾਬੰਦੀਆਂ ਸਵੇਰੇ 6 ਵਜੇ ਤੋਂ 9 ਵਜੇ ਤਕ ਜਾਰੀ ਰਹਿਣਗੀਆਂ।

ਨਵਾਂ ਸ਼ਹਿਰ ’ਚ ਦੂਜੇ ਦਿਨ ਵੀ ਮਨਫ਼ੀ ਰਿਹਾ ਤਾਪਮਾਨ

ਚੰਡੀਗੜ੍ਹ (ਆਤਿਸ਼ ਗੁਪਤਾ): ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਕਾਰਨ ਜਿੱਥੇ ਅੱਜ ਸਾਰੇ ਉੱਤਰੀ ਭਾਰਤੀ ਰਾਜਾਂ ’ਚ ਆਮ ਜੀਵਨ ਪ੍ਰਭਾਵਿਤ ਰਿਹਾ ਉੱਥੇ ਪੰਜਾਬ ’ਚ ਅੱਜ ਲਗਾਤਾਰ ਦੂਜੇ ਦਿਨ ਘੱਟੋ ਘੱਟ ਤਾਪਮਾਨ ਮਨਫੀ ਤੋਂ ਹੇਠਾਂ ਰਿਹਾ। ਅੱਜ ਪੰਜਾਬ ਦਾ ਨਵਾਂ ਸ਼ਹਿਰ ਤੇ ਹਰਿਆਣਾ ਦਾ ਮਹਿੰਦਰਗੜ੍ਹ ਸਭ ਤੋਂ ਠੰਢੇ ਸ਼ਹਿਰ ਰਹੇ ਹਨ। ਨਵਾਂ ਸ਼ਹਿਰ ਦੇ ਬੱਲੋਵਾਲ ਸੌਂਖੜੀ (ਮਨਫੀ 0.4) ਵਿੱਚ ਘੱਟੋ ਘੱਟ ਤਾਪਮਾਨ ਲਗਾਤਾਰ ਦੂਜੇ ਦਿਨ ਮਨਫ਼ੀ ਰਿਹਾ ਅਤੇ ਮਹਿੰਦਰਗੜ੍ਹ ਵਿੱਚ ਘੱਟੋ ਘੱਟ ਤਾਪਮਾਨ 0.7 ਡਿਗਰੀ ਦਰਜ ਕੀਤਾ ਹੈ। ਮੌਸਮ ਵਿਭਾਗ ਨੇ 17 ਤੇ 18 ਜਨਵਰੀ ਨੂੰ ਵੀ ਪੰਜਾਬ ਵਿੱਚ ਸੰਘਣੀ ਧੁੰਦ ਤੇ ਠੰਢ ਦਾ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਤਾਪਮਾਨ 3.5 ਡਿਗਰੀ ਦਰਜ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਘਣੀ ਧੁੰਦ ਕਾਰਨ ਕਈ ਸ਼ਹਿਰਾਂ ’ਚ ਦਿਖਣ ਹੱਦ 50 ਮੀਟਰ ਤੋਂ ਵੀ ਘੱਟ ਦਰਜ ਕੀਤੀ ਗਈ ਜਿਸ ਕਾਰਨ ਸੜਕੀ, ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ। ਉਂਝ ਪੰਜਾਬ ’ਚ ਕਈ ਥਾਵਾਂ ’ਤੇ ਅੱਜ ਸੰਘਣੀ ਧੁੰਦ ਤੋਂ ਬਾਅਦ ਦੁਪਹਿਰ ਸਮੇਂ ਨਿਕਲੀ ਧੁੱਪ ਨੇ ਲੋਕਾਂ ਨੂੰ ਕੜਾਕੇ ਦੀ ਠੰਢ ਤੋਂ ਮਾਮੂਲੀ ਰਾਹਤ ਜ਼ਰੂਰ ਦਿੱਤੀ ਹੈ।

ਮੌਸਮ ਵਿਭਾਗ ਨੇ 17 ਜਨਵਰੀ ਨੂੰ ਪੰਜਾਬ ਤੇ ਹਰਿਆਣਾ ਵਿੱਚ ਸੰਘਣੀ ਧੁੰਦ ਤੇ ਠੰਢ ਦਾ ਰੈੱਡ ਅਲਰਟ ਅਤੇ 18 ਜਨਵਰੀ ਲਈ ਸੰਤਰੀ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਏਕੇ ਸਿੰਘ ਨੇ ਕਿਹਾ ਕਿ ਅਗਲੇ 4-5 ਦਿਨ ਪੰਜਾਬ ਵਿੱਚ ਠੰਢ ਦਾ ਜ਼ੋਰ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਲੋਕ ਸੰਘਣੀ ਧੁੰਦ ਦੌਰਾਨ ਬਿਨਾਂ ਤੋਂ ਘਰੋਂ ਬਾਹਰ ਨਿਲਣ ਤੋਂ ਗੁਰੇਜ਼ ਕਰਨ। ਦੂਜੇ ਪਾਸੇ ਖੇਤੀ ਮਾਹਿਰ ਠੰਢ ਨੂੰ ਕਣਕ ਦੀ ਫਸਲ ਲਈ ਲਾਹੇਵੰਦ ਦਸ ਰਹੇ ਹਨ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 2.7 ਡਿਗਰੀ, ਅਮ੍ਰਿਤਸਰ ਵਿੱਚ 5.4, ਲੁਧਿਆਣਾ ਵਿੱਚ 3.3, ਪਟਿਆਲਾ ਵਿੱਚ 3.1, ਪਠਾਨਕੋਟ ਵਿੱਚ 4, ਬਠਿੰਡਾ ਵਿੱਚ 3, ਫਰੀਦਕੋਟ ਤੇ ਗੁਰਦਾਸਪੁਰ ਵਿੱਚ 3.5, ਬਰਨਾਲਾ ਵਿੱਚ 5.1 ਤੇ ਰੋਪੜ ਵਿੱਚ 4.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਉੱਧਰ ਜੰਮੂ ਕਸ਼ਮੀਰ ਦੀਆਂ ਬਹੁਤੀਆਂ ਥਾਵਾਂ ’ਤੇ ਘੱਟੋ ਘੱਟ ਤਾਪਮਾਨ ਮਨਫੀ ਤੋਂ ਕਈ ਅੰਕ ਹੇਠਾਂ ਚੱਲ ਰਿਹਾ ਹੈ।

ਸੰਘਣੀ ਧੁੰਦ ਕਰਕੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਮੁਹਾਲੀ ਤੋਂ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਅੱਜ ਮੁਹਾਲੀ ਹਵਾਈ ਅੱਡੇ ਤੋਂ 5 ਉਡਾਣਾਂ ਰੱਦ ਕਰ ਦਿੱਤੀਆਂ, ਜਦਕਿ ਇਕ ਦਰਜਨ ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਸਨ। ਉੱਧਰ ਦਿੱਲੀ ਹਵਾਈ ਅੱਡੇ ’ਤੇ ਪੰਜ ਉਡਾਣਾਂ ਦਾ ਰਾਹ ਤਬਦੀਲ ਕੀਤਾ ਗਿਆ ਜਦਕਿ ਸੌ ਤੋਂ ਵਧ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ।

Advertisement
Show comments