‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਬਾਰੇ ਅਨੁਪਮ ਖੇਰ ਤੇ ਹੰਸਲ ਮਹਿਤਾ ਵਿਚਾਲੇ ਸ਼ਬਦੀ ਜੰਗ
ਨਵੀਂ ਦਿੱਲੀ, 28 ਦਸੰਬਰ
ਅਦਾਕਾਰ ਅਨੁਪਮ ਖੇਰ ਅਤੇ ਨਿਰਮਾਤਾ ਤੇ ਨਿਰਦੇਸ਼ਕ ਹੰਸਲ ਮਹਿਤਾ ਵਿਚਾਲੇ ਫਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਬਾਰੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਹੰਸਲ ਨੇ ਹਾਲ ਹੀ ਵਿੱਚ ਇੱਕ ਪੱਤਰਕਾਰ ਦੀ ਰਾਇ ਦਾ ਸਮਰਥਨ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ 2019 ਵਿੱਚ ਆਈ ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ‘ਝੂਠਾਂ’ ਨਾਲ ਭਰੀ ਹੋਈ ਹੈ। ਸੀਨੀਅਰ ਪੱਤਰਕਾਰ ਵੀਰ ਸਾਂਘਵੀ ਨੇ ਬੀਤੇ ਦਿਨ ਟਵੀਟ ਕਰਕੇ ਕਿਹਾ ਸੀ ਕਿ ‘ਇਹ ਫਿਲਮ ਹਿੰਦੀ ਦੀਆਂ ਸਭ ਤੋਂ ਮਾੜੀਆਂ ਫਿਲਮਾਂ ’ਚੋਂ ਇੱਕ ਹੈ।’ ਮਹਿਤਾ ਨੇ ਸਾਂਘਵੀ ਦੀ ਇਹ ਪੋਸਟ ਆਪਣੇ ਖਾਤੇ ’ਤੇ ਸਾਂਝੀ ਕੀਤੀ ਅਤੇ ਇਸ ਨਾਲ ਸਹਿਮਤੀ ਜਤਾਈ। ਇਸ ਤੋਂ ਪਹਿਲਾਂ ਪੋਸਟ ਵਿੱਚ ਫਿਲਮ ਨਿਰਮਾਤਾ ਨੇ ਮਨਮੋਹਨ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਮਹਿਤਾ ਵੱਲੋਂ ਸਾਂਘਵੀ ਦੇ ਪੋਸਟ ਦੇ ਕੀਤੇ ਗਏ ਸਮਰਥਨ ਤੋਂ ਅਨੁਪਮ ਖੇਰ ਭੜਕ ਗਿਆ ਅਤੇ ਉਸ ਨੇ ਫਿਲਮ ਨਿਰਮਾਤਾ ਨੂੰ ‘ਪਖੰਡੀ’ ਆਖਿਆ। ਉਸ ਨੇ ਇਹ ਵੀ ਦੱਸਿਆ ਕਿ ਮਹਿਤਾ ਨੇ ਫਿਲਮ ਦੇ ਰਚਨਾਤਮਕ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ। ਖੇਰ ਨੇ ਕਿਹਾ, ‘ਇਸ ਮਾਮਲੇ ਵਿੱਚ ਪਖੰਡੀ ਵੀਰ ਸਾਂਘਵੀ ਨਹੀਂ ਹੈ। ਉਸ ਨੂੰ ਫਿਲਮ ਨਾ ਪਸੰਦ ਕਰਨ ਦੀ ਪੂਰੀ ਆਜ਼ਾਦੀ ਹੈ ਪਰ ਹੰਸਲ ਮਹਿਤਾ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦਾ ਰਚਨਾਤਮਕ ਨਿਰਦੇਸ਼ਕ ਸੀ। ਉਹ ਫਿਲਮ ਦੀ ਸ਼ੂਟਿੰਗ ਦੌਰਾਨ ਮੌਕੇ ’ਤੇ ਮੌਜੂਦ ਸੀ। ਉਸ ਨੇ ਇਸ ਲਈ ਫੀਸ ਵੀ ਜ਼ਰੂਰ ਲਈ ਹੋਵੇਗੀ।
ਇਸ ਲਈ ਉਸ ਵੱਲੋਂ ਵੀਰ ਸਾਂਘਵੀ ਦੀ ਟਿੱਪਣੀ ਦਾ ਸਮਰਥਨ ਕਰਨਾ ਦੋਹਰਾ ਮਾਪਦੰਡ ਹੈ।’ ਇਸ ਦੇ ਜਵਾਬ ਵਿੱਚ ਮਹਿਤਾ ਨੇ ਕਿਹਾ ਕਿ ਉਸ ਨੇ ਹਮੇਸ਼ਾ ਗਲਤੀ ਮੰਨੀ ਹੈ। ਉਸ ਨੇ ਕਿਹਾ, ‘ਮੈਂ ਆਪਣੀ ਗਲਤੀ ਮੰਨਦਾ ਹਾਂ। ਕੀ ਮੈਂ ਅਜਿਹਾ ਨਹੀਂ ਕਰ ਸਕਦਾ? ਮੈਂ ਆਪਣਾ ਕੰਮ ਪੇਸ਼ੇ ਵਜੋਂ ਕੀਤਾ, ਜਿਵੇਂ ਕਿ ਮੈਨੂੰ ਕਰਨਾ ਚਾਹੀਦਾ ਸੀ। ਕੀ ਤੁਸੀਂ ਇਸ ਤੋਂ ਇਨਕਾਰ ਕਰ ਸਕਦੇ ਹੋ? ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਨੂੰ ਫਿਲਮ ਦਾ ਪੱਖ ਪੂਰਦੇ ਰਹਿਣਾ ਪਵੇਗਾ।’ -ਪੀਟੀਆਈ