‘ਵਾਂਗਚੁਕ ਨੂੰ ਬਦਲਾਖੋਰੀ ਕਾਰਨ ਦੇਸ਼ ਵਿਰੋਧੀ ਗਰਦਾਨਿਆ ਜਾ ਰਿਹੈ’
ਸਿੱਖਿਆ ਸੁਧਾਰਕ ਅਤੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਐਂਗਮੋ ਨੇ ਕਿਹਾ ਕਿ ਉਸ ਦੇ ਪਤੀ ਖ਼ਿਲਾਫ਼ ਬੇਬੁਨਿਆਦ ਬਿਰਤਾਂਤ ਘੜਿਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਬਦਲਾਖੋਰੀ ਤਹਿਤ ਸੋਨਮ ਨੂੰ ਦੇਸ਼ ਵਿਰੋਧੀ ਗਰਦਾਨਿਆ ਜਾ ਰਿਹਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਂਗਮੋ ਨੇ ਸੋਨਮ ’ਤੇ ਪਾਕਿਸਤਾਨ ਨਾਲ ਸਬੰਧਾਂ ਦੇ ਲਾਏ ਗਏ ਦੋਸ਼ਾਂ ਸਮੇਤ ਹੋਰ ਸਾਰੇ ਮੁੱਦਿਆਂ ’ਤੇ ਅਧਿਕਾਰੀਆਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਸੀਬੀਆਈ ਤੋਂ ਲੈ ਕੇ ਆਮਦਨ ਕਰ ਵਿਭਾਗ ਤੱਕ ਨੂੰ ਸਾਰੇ ਦਸਤਾਵੇਜ਼ ਸੌਂਪੇ ਗਏ ਹਨ ਪਰ ਫਿਰ ਵੀ ਬਦਲਾਖੋਰੀ ਤਹਿਤ ਕੰਮ ਕੀਤਾ ਜਾ ਰਿਹਾ ਤਾਂ ਜੋ ਸੋਨਮ ਵਾਂਗਚੁਕ ਸੰਵਿਧਾਨ ਦੀ ਛੇਵੀਂ ਸੂਚੀ ਲਈ ਕੀਤੇ ਜਾ ਰਹੇ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ। ਲੱਦਾਖ ਨੂੰ ਸੂਬੇ ਦਾ ਦਰਜਾ ਦਿਵਾਉਣ ਲਈ ਅੰਦੋਲਨ ਕਰ ਰਹੇ ਵਾਂਗਚੁਕ ਨੂੰ ਗ੍ਰਿਫ਼ਤਾਰ ਕਰਕੇ ਕੌਮੀ ਸੁਰੱਖਿਆ ਐਕਟ ਤਹਿਤ ਜੋਧਪੁਰ ਜੇਲ੍ਹ ਭੇਜ ਦਿੱਤਾ ਗਿਆ ਸੀ। ਉਸ ’ਤੇ 24 ਸਤੰਬਰ ਨੂੰ ਲੇਹ ’ਚ ਹਿੰਸਕ ਪ੍ਰਦਰਸ਼ਨ ਕਰਨ ਲਈ ਲੋਕਾਂ ਨੂੰ ਭੜਕਾਉਣ ਦੇ ਦੋਸ਼ ਲੱਗੇ ਹਨ ਜਿਸ ’ਚ ਚਾਰ ਵਿਅਕਤੀ ਮਾਰੇ ਗਏ ਸਨ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਸੋਨਮ ਵਾਂਗਚੁਕ ਨੂੰ ਮੈਗਸੇਸੇ ਐਵਾਰਡ ਮਿਲਣ ’ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਮੈਗਸੇਸੇ ਐਵਾਰਡ ਨੂੰ ਮਾੜਾ ਕਿਉਂ ਸਮਝਿਆ ਜਾ ਰਿਹਾ ਹੈ ਜਦਕਿ ਵਿਨੋਭਾ ਭਾਵੇ, ਸੱਤਿਆਜੀਤ ਰੇਅ, ਐੱਮ ਐੱਸ ਸੁੱਭੂਲਕਸ਼ਮੀ ਅਤੇ ਐੱਮ ਐੱਸ ਸਵਾਮੀਨਾਥਨ ਸਮੇਤ ਕਰੀਬ 60 ਭਾਰਤੀਆਂ ਨੂੰ ਇਹ ਪੁਰਸਕਾਰ ਮਿਲ ਚੁੱਕਿਆ ਹੈ। ਗੀਤਾਂਜਲੀ ਨੇ ਕਿਹਾ ਕਿ ਜੇ ਉਸ ਦਾ ਪਤੀ ਦੇਸ਼ ਵਿਰੋਧੀ ਹੈ ਤਾਂ ਫਿਰ ਸਰਕਾਰ ਉਸ ਨੂੰ ਇੰਨੇ ਪੁਰਸਕਾਰ ਕਿਉਂ ਦੇ ਰਹੀ ਹੈ? ਉਨ੍ਹਾਂ ਕਿਹਾ ਕਿ ਜੇ ਲੋਕਾਂ ਨੂੰ ਵਧੀਆ ਕੰਮ ਲਈ ਲਤਾੜਿਆ ਜਾਵੇਗਾ ਤਾਂ ਫਿਰ ਭਾਰਤ ‘ਵਿਸ਼ਵਗੁਰੂ’ ਕਿਵੇਂ ਬਣੇਗਾ। ਉਨ੍ਹਾਂ ਕਿਹਾ ਕਿ ਹਿਮਾਲਿਅਨ ਇੰਸਟੀਚਿਊਟ ਆਫ਼ ਆਲਟਰਨੇਟਿਵ ਲੱਦਾਖ ਕੈਂਪਸ ਦੇ ਆਲੇ-ਦੁਆਲੇ ਵੀ ਸੁਰੱਖਿਆ ਬਲ ਤਾਇਨਾਤ ਹਨ।
ਕਾਰਗਿਲ ਡੈਮੋਕਰੈਟਿਕ ਅਲਾਇੰਸ ਵੀ ਕੇਂਦਰ ਨਾਲ ਨਹੀਂ ਕਰੇਗਾ ਗੱਲਬਾਤ
ਨਵੀਂ ਦਿੱਲੀ: ਲੱਦਾਖ ਨੂੰ ਸੂਬੇ ਦਾ ਦਰਜਾ ਦਿਵਾਉਣ ਦੀ ਮੰਗ ਪੂਰੀ ਹੋਣ ਤੱਕ ਲੇਹ ਅਪੈਕਸ ਬਾਡੀ ਵੱਲੋਂ ਕੇਂਦਰ ਨਾਲ ਗੱਲਬਾਤ ਨਾ ਕਰਨ ਦੇ ਐਲਾਨ ਮਗਰੋਂ ਕਾਰਗਿਲ ਡੈਮੋਕਰੈਟਿਕ ਅਲਾਇੰਸ ਨੇ ਵੀ ਕਿਹਾ ਹੈ ਕਿ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਅਤੇ ਹੋਰਾਂ ਦੀ ਰਿਹਾਈ ਤੱਕ ਉਹ ਵੀ ਕਿਸੇ ਤਰ੍ਹਾਂ ਦੀ ਵਾਰਤਾ ’ਚ ਸ਼ਾਮਲ ਨਹੀਂ ਹੋਣਗੇ। ਅਲਾਇੰਸ ਦੇ ਸਹਿ-ਚੇਅਰਮੈਨ ਅਸਗਰ ਅਲੀ ਕਰਬਲਾਈ ਨੇ ਕਿਹਾ ਕਿ ਜਥੇਬੰਦੀ ਲੇਹ ਅਪੈਕਸ ਬਾਡੀ ਦੇ ਲਗਾਤਾਰ ਸੰਪਰਕ ’ਚ ਹੈ। ਜਥੇਬੰਦੀ ਨੇ ਪਿਛਲੇ ਹਫ਼ਤੇ ਲੇਹ ’ਚ ਪੁਲੀਸ ਫਾਇਰਿੰਗ ਦੀ ਘਟਨਾ ਦੀ ਜੁਡੀਸ਼ਲ ਜਾਂਚ ਦੇ ਹੁਕਮ ਦੇਣ ਦੀ ਵੀ ਮੰਗ ਕੀਤੀ ਹੈ। ਉਧਰ ਲੇਹ ’ਚ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸੱਤ ਘੰਟਿਆਂ ਲਈ ਕਰਫਿਊ ’ਚ ਰਾਹਤ ਦਿੱਤੀ ਗਈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਲਾਮ ਮੁਹੰਮਦ ਨੇ ਸਾਰੀਆਂ ਦੁਕਾਨਾਂ ਖੋਲ੍ਹਣ ਦੇ ਵੀ ਹੁਕਮ ਦਿੱਤੇ। ਉਂਝ ਕਾਰਗਿਲ ਸਮੇਤ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹੋਰ ਹਿੱਸਿਆਂ ’ਚ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਹੈ। ਮੋਬਾਈਲ ਇੰਟਰਨੈੱਟ ਸੇਵਾਵਾਂ ਵੀ ਹਾਲੇ ਮੁਅੱਤਲ ਹਨ। ਵਾਂਗਚੁਕ ਨੂੰ ‘ਦੇਸ਼ ਦਾ ਨਾਇਕ’ ਕਰਾਰ ਦਿੰਦਿਆਂ ਕਰਬਲਾਈ ਨੇ ਕਿਹਾ ਕਿ ਜੇ ਭਾਰਤ ਸਰਕਾਰ ਸੋਚਦੀ ਹੈ ਕਿ ਉਹ ਲੱਦਾਖੀਆਂ ਨੂੰ ਡਰਾ ਕੇ ਚੁੱਪ ਕਰਵਾ ਸਕਦੀ ਹੈ ਤਾਂ ਉਹ ਗਲਤ ਹਨ। ਲੱਦਾਖ ਦੇ ਸੰਸਦ ਮੈਂਬਰ ਮੁਹੰਮਦ ਹਨੀਫ਼ ਨੇ ਵੀ ਇਹੋ ਭਾਵਨਾਵਾਂ ਜ਼ਾਹਿਰ ਕਰਦਿਆਂ ਕਿਹਾ ਕਿ ਲੱਦਾਖ ਦੇ ਲੋਕਾਂ ਖ਼ਿਲਾਫ਼ ਝੂਠਾ ਬਿਰਤਾਂਤ ਘੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੱਦਾਖੀਆਂ ਦੀ ਮੰਗਾਂ ਸੰਵਿਧਾਨ ਦੇ ਦਾਇਰੇ ਅੰਦਰ ਹਨ। ਕਾਰਗਿਲ ਹਿੱਲ ਕੌਂਸਲ ਦੇ ਮੁੱਖ ਕਾਰਜਕਾਰੀ ਕੌਂਸਲਰ ਅਤੇ ਚੇਅਰਮੈਨ ਮੁਹੰਮਦ ਜਾਫਰ ਅਖੂਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਹਲਕੇ ’ਚ ਨਾ ਲਵੇ ਅਤੇ ਗੋਲੀਆਂ ਚਲਾਉਣ ਦੇ ਹੁਕਮ ਦੇਣ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। -ਪੀਟੀਆਈ
ਮੋਦੀ ਨੇ ਲੱਦਾਖ ਦੇ ਲੋਕਾਂ ਨਾਲ ਧੋਖਾ ਕੀਤਾ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਰਾਹੁਲ ਨੇ ਮੰਗ ਕੀਤੀ ਕਿ ਲੇਹ ’ਚ ਪੁਲੀਸ ਗੋਲੀਬਾਰੀ ਦੌਰਾਨ ਚਾਰ ਪ੍ਰਦਰਸ਼ਨਕਾਰੀਆਂ ਦੀ ਮੌਤ ਦੇ ਮਾਮਲੇ ਦੀ ਜੁਡੀਸ਼ਲ ਜਾਂਚ ਕਰਵਾਈ ਜਾਵੇ। ਖੜਗੇ ਅਤੇ ਰਾਹੁਲ ਨੇ ‘ਐਕਸ’ ’ਤੇ ਪੋਸਟਾਂ ਪਾ ਕੇ ਗੋਲੀਬਾਰੀ ’ਚ ਕਾਰਗਿਲ ਜੰਗ ਦੇ ਨਾਇਕ ਸੇਵਾਂਗ ਥਾਰਚਿਨ ਦੀ ਮੌਤ ’ਤੇ ਆਪਣੀ ਨਾਰਾਜ਼ਗੀ ਜਤਾਈ। ਖੜਗੇ ਨੇ ਕਿਹਾ, ‘‘ਸ਼ਹੀਦ ਸੇਵਾਂਗ ਥਾਰਚਿਨ ਨੇ ਕਾਰਗਿਲ ਜੰਗ ’ਚ ਭਾਰਤ ਮਾਤਾ ਪ੍ਰਤੀ ਆਪਣਾ ਫ਼ਰਜ਼ ਨਿਭਾਇਆ ਸੀ। ਪਰ ਉਸ ਨੂੰ ਬਦਲੇ ’ਚ ਕੀ ਮਿਲਿਆ? ਲੱਦਾਖ ’ਚ ਮੋਦੀ ਸਰਕਾਰ ਤੋਂ ਇਕ ਗੋਲੀ। ਪਿਤਾ ਅਤੇ ਪੁੱਤਰ ਦੋਵੇਂ ਫ਼ੌਜ ’ਚ ਸਨ।’’ ਦੱਖਣੀ ਅਮਰੀਕਾ ਦੇ ਚਾਰ ਮੁਲਕਾਂ ਦੇ ਦੌਰੇ ’ਤੇ ਗਏ ਰਾਹੁਲ ਨੇ ਕਿਹਾ ਕਿ ਪਿਤਾ ਅਤੇ ਪੁੱਤਰ ਫ਼ੌਜ ’ਚ ਸਨ ਅਤੇ ਦੇਸ਼ਭਗਤੀ ਉਨ੍ਹਾਂ ਦੇ ਖੂਨ ’ਚ ਸੀ। ਪਰ ਫਿਰ ਵੀ ਭਾਜਪਾ ਸਰਕਾਰ ਨੇ ਦੇਸ਼ ਦੇ ਬਹਾਦਰ ਸਪੂਤ ਨੂੰ ਗੋਲੀ ਮਾਰ ਦਿੱਤੀ ਕਿਉਂਕਿ ਉਹ ਲੱਦਾਖ ’ਚ ਆਪਣੇ ਹੱਕਾਂ ਲਈ ਖੜ੍ਹਾ ਹੋਇਆ ਸੀ। -ਪੀਟੀਆਈ