Wang to visit India: ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਸੋਮਵਾਰ ਤੋਂ 2-ਰੋਜ਼ਾ ਭਾਰਤ ਦੌਰੇ 'ਤੇ
ਵਿਦੇਸ਼ ਮੰਤਰਾਲੇ (MEA) ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਕਿ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ (Chinese Foreign Minister Wang Yi) ਸੋਮਵਾਰ ਤੋਂ ਭਾਰਤ ਦੇ ਦੋ ਦਿਨਾਂ ਦੌਰੇ 'ਤੇ ਆਉਣਗੇ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ (National Security Advisor - NSA - Ajit Doval) ਨਾਲ ਸਰਹੱਦੀ ਮਾਮਲਿਆਂ ਬਾਰੇ ਗੱਲਬਾਤ ਕਰਨਗੇ।
ਵਾਂਗ ਦੀ ਇਹ ਫੇਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਸ਼ੰਘਾਈ ਸਹਿਯੋਗ ਸੰਗਠਨ (Shanghai Cooperation Organisation - SCO) ਦੇ ਸਾਲਾਨਾ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਦੇ ਤੈਅਸ਼ੁਦਾ ਦੌਰੇ ਤੋਂ ਕੁਝ ਦਿਨ ਪਹਿਲਾਂ ਹੋ ਰਹੀ ਹੈ।
ਚੀਨੀ ਵਿਦੇਸ਼ ਮੰਤਰੀ ਮੁੱਖ ਤੌਰ 'ਤੇ ਸਰਹੱਦੀ ਸਵਾਲ 'ਤੇ ਵਿਸ਼ੇਸ਼ ਪ੍ਰਤੀਨਿਧੀਆਂ (ਐਸਆਰ) ਗੱਲਬਾਤ ਦੇ ਅਗਲੇ ਦੌਰ ਲਈ ਭਾਰਤ ਆ ਰਹੇ ਹਨ। ਵਾਂਗ ਅਤੇ ਡੋਵਾਲ ਸਰਹੱਦੀ ਗੱਲਬਾਤ ਲਈ ਨਾਮਜ਼ਦ ਵਿਸ਼ੇਸ਼ ਪ੍ਰਤੀਨਿਧੀ ਹਨ।
ਵਿਦੇਸ਼ ਮੰਤਰਾਲੇ ਨੇ ਇਸ ਸਬੰਧੀ ਇੱਕ ਬਿਆਨ ਵਿੱਚ ਕਿਹਾ, "ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਸੱਦੇ 'ਤੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਪੋਲਿਟ ਬਿਊਰੋ ਦੇ ਮੈਂਬਰ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ 18 ਅਤੇ 19 ਅਗਸਤ ਨੂੰ ਭਾਰਤ ਦਾ ਦੌਰਾ ਕਰਨਗੇ।"
ਬਿਆਨ ਵਿਚ ਹੋਰ ਕਿਹਾ ਗਿਆ ਹੈ, "ਆਪਣੀ ਫੇਰੀ ਦੌਰਾਨ, ਉਹ ਭਾਰਤ ਦੇ ਐਸਆਰ, ਐਨਐਸਏ ਡੋਵਾਲ ਨਾਲ ਭਾਰਤ-ਚੀਨ ਸਰਹੱਦੀ ਸਵਾਲ 'ਤੇ ਵਿਸ਼ੇਸ਼ ਪ੍ਰਤੀਨਿਧੀਆਂ (ਐਸਆਰ) ਦੀ 24ਵੀਂ ਦੌਰ ਦੀ ਗੱਲਬਾਤ ਕਰਨਗੇ।" ਇਸ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਆਪਣੇ ਚੀਨੀ ਹਮਰੁਤਬਾ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ।