ਸਥਾਨਕ ਚੋਣਾਂ ਲਈ ‘ਵੀ ਵੀ ਪੈਟ’ ਲਾਜ਼ਮੀ ਨਹੀਂ
ਨਾਗਪੁਰ: ਚੋਣ ਕਮਿਸ਼ਨ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਸਥਾਨਕ ਚੋਣਾਂ ਲਈ ਵੀ ਵੀ ਪੈਟ ਮਸ਼ੀਨਾਂ ਦੀ ਵਰਤੋਂ ਲਾਜ਼ਮੀ ਨਹੀਂ ਹੈ। ਕਮਿਸ਼ਨ ਨੇ ਹਾਈ ਕੋਰਟ ਦੇ ਨਾਗਪੁਰ ਬੈਂਚ ਅੱਗੇ ਕਾਂਗਰਸ ਨੇਤਾ ਪ੍ਰਫੁੱਲ ਗੁਡਾਦ ਵੱਲੋਂ ਦਾਇਰ ਪਟੀਸ਼ਨ ਦਾ ਵਿਰੋਧ ਕਰਦਿਆਂ ਹਲਫ਼ਨਾਮਾ ਦਾਇਰ ਕੀਤਾ। ਮਹਾਰਾਸ਼ਟਰ ਵਿੱਚ ਅਗਾਮੀ ਸਥਾਨਕ ਚੋਣਾਂ ਵਿੱਚ ਵੀ ਵੀ ਪੈਟ ਦੀ ਵਰਤੋਂ ਨਾ ਕਰਨ ਵਾਲੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। -ਪੀਟੀਆਈ
ਸੀ ਆਈ ਐੱਸ ਸੀ ਈ ਸਕੂਲਾਂ ਦੇ ਮੁਖੀਆਂ ਦੀ ਮੀਟਿੰਗ ਅੱਜ
ਨਵੀਂ ਦਿੱਲੀ: ਦੇਸ਼ ਭਰ ਦੇ ‘ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ’ (ਸੀ ਆਈ ਐੱਸ ਸੀ ਈ) ਨਾਲ ਜੁੜੇ ਦੋ ਹਜ਼ਾਰ ਤੋਂ ਵੱਧ ਸਕੂਲਾਂ ਦੇ ਮੁਖੀਆਂ ਵੱਲੋਂ ਵੀਰਵਾਰ 20 ਨਵੰਬਰ ਨੂੰ ਚੰਡੀਗੜ੍ਹ ਵਿੱਚ ਸਿੱਖਿਆ ਖੇਤਰ ਵਿੱਚ ਉੱਭਰ ਰਹੇ ਨਵੇਂ ਰੁਝਾਨਾਂ ਬਾਰੇ ਚਰਚਾ ਕਰਨ ਲਈ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਮਗਰੋਂ ਭਵਿੱਖ ਵਿੱਚ ਸਿੱਖਿਆ ਖੇਤਰ ’ਚ ਵਿਕਾਸ ਲਿਆਉਣ ਬਾਰੇ ਨਵੀਂ ਯੋਜਨਾ ਤਿਆਰ ਕਰਨ ਬਾਰੇ ਵੀ ਚਰਚਾ ਹੋਵੇਗੀ। ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਇਸ ਦਾ ਉਦਘਾਟਨ ਕਰਨਗੇ। -ਪੀਟੀਆਈ
ਔਰਤਾਂ ਨੂੰ ਵਸੀਅਤ ਕਰਾਉਣ ਦੀ ਅਪੀਲ
ਨਵੀਂ ਦਿੱਲੀ: ਜਿਹੜੀਆਂ ਔਰਤਾਂ ਦੇ ਧੀਆਂ, ਪੁੱਤਰ ਜਾਂ ਪਤੀ ਨਹੀਂ ਹਨ, ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਜਾਇਦਾਦ ਦੀ ਵਸੀਅਤ ਜ਼ਰੂਰ ਕਰਵਾਉਣ ਤਾਂ ਕਿ ਉਹ ਭਵਿੱਖ ਵਿੱਚ ਆਪਣੇ ਪਰਿਵਾਰ, ਸਹੁਰੇ ਪਰਿਵਾਰ ਜਾਂ ਕਿਸੇ ਹੋਰ ਕਰੀਬੀ ਵੱਲੋਂ ਦਾਇਰ ਮੁਕੱਦਮਿਆਂ ਜਾਂ ਜਾਇਦਾਦ ਪਿੱਛੇ ਹੋਣ ਵਾਲੇ ਝਗੜਿਆਂ ਤੋਂ ਬਚ ਸਕਣ। ਹਿੰਦੂ ਉੱਤਰਾਧਿਕਾਰ ਐਕਟ-1956 ਦਾ ਹਵਾਲਾ ਦਿੰਦੇ ਹੋਏ ਸਿਖਰਲੀ ਅਦਾਲਤ ਨੇ ਕਿਹਾ ਕਿ ਜਦੋਂ ਇਹ ਕਾਨੂੰਨ ਬਣਿਆ ਸੀ, ਉਦੋਂ ਸ਼ਾਇਦ ਸੰਸਦ ਇਸ ਗੱਲ ਤੋਂ ਅਣਜਾਣ ਸੀ ਕਿ ਔਰਤਾਂ ਵੀ ਆਪਣੇ ਮਨੋਬਲ ਨਾਲ ਆਪਣੀਆਂ ਜਾਇਦਾਦਾਂ ਬਣਾ ਸਕਦੀਆਂ ਹਨ। -ਪੀਟੀਆਈ
ਅੱਗ ਨਾਲ 170 ਘਰਾਂ ਦਾ ਨੁਕਸਾਨ
ਟੋਕੀਓ: ਜਪਾਨ ਦੇ ਸ਼ਹਿਰ ਓਇਤਾ ਦੇ ਰਿਹਾਇਸ਼ੀ ਇਲਾਕੇ ’ਚ ਲੱਗੀ ਭਿਆਨਕ ਅੱਗ ਕਾਰਨ ਇੱਕ ਜਣੇ ਦੀ ਮੌਤ ਹੋ ਗਈ ਹੈ ਅਤੇ 170 ਤੋਂ ਵੱਧ ਘਰ ਨੁਕਸਾਨੇ ਗਏ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਲੋਕਾਂ ਨੂੰ ਆਪਣਾ ਸਮਾਨ ਛੱਡ ਕੇ ਜਾਨ ਬਚਾਉਣ ਲਈ ਭੱਜਣਾ ਪਿਆ। ਅੱਗ ’ਤੇ ਕਾਬੂ ਪਾਉਣ ਲਈ ਫੌਜ ਦੇ ਦੋ ਹੈਲੀਕਾਪਟਰਾਂ ਅਤੇ 200 ਤੋਂ ਵੱਧ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਮੁਸ਼ੱਕਤ ਕਰਨੀ ਪਈ। ਅੱਗ ਜੰਗਲ ਦੇ 12 ਏਕੜ ਹਿੱਸੇ ਤੱਕ ਫੈਲ ਗਈ ਸੀ। -ਏਪੀ
