‘ਵੋਟ ਚੋਰ’ ਐੱਨ ਡੀ ਏ ਸਰਕਾਰ ‘ਜ਼ਮੀਨ ਚੋਰ’ ਵੀ ਹੈ: ਕਨ੍ਹੱਈਆ ਕੁਮਾਰ
ਕਨ੍ਹੱਈਆ ਕੁਮਾਰ ਨੇ ਇੱਥੇ ਪ੍ਰੈੱਸ ਕਾਨਫਰੰਸ ਵਿੱਚ ਦੋਸ਼ ਲਾਇਆ, ‘ਵੋਟ ਚੋਰੀ ਰਾਹੀਂ ਬਣੀ ਸਰਕਾਰ ‘ਜ਼ਮੀਨ ਚੋਰ, ਮੁਨਾਫ਼ਾਖੋਰ ਅਤੇ ਬਚਤ ਚੋਰ’ ਵੀ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਬਿਹਾਰ ਵਿੱਚ ਐੱਨ ਡੀ ਏ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤਾਂ ਨੂੰ ਬਿਹਾਰ ਦੇ ਸਰੋਤ ਲੁਟਾਉਣ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾ ਕਾਂਗਰਸ ਨੇ ‘20 ਸਾਲ, 20 ਸਵਾਲ’ ਨਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ, ਜਿਸ ਤਹਿਤ ਪਾਰਟੀ ਆਗੂ ਬਿਹਾਰ ਦੇ ਲੋਕਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਸਰਕਾਰ ਤੋਂ ਸਵਾਲ ਕਰਨਗੇ ਅਤੇ ਉਸ ਨੂੰ ‘ਬੇਨਕਾਬ’ ਕਰਨਗੇ। ਵਿਰੋਧੀ ਧਿਰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸੂਬੇ ਵਿੱਚ 20 ਸਾਲਾਂ ਦੇ ਸ਼ਾਸਨ ਵੱਲ ਇਸ਼ਾਰਾ ਕਰ ਰਹੀ ਹੈ।
ਇਸ ਮੁਹਿੰਮ ਦੇ ਪਹਿਲੇ ਦਿਨ ਕਨ੍ਹੱਈਆ ਕੁਮਾਰ ਨੇ ਅਡਾਨੀ ਗਰੁੱਪ ਨੂੰ ਭਾਗਲਪੁਰ ਵਿੱਚ ਕਥਿਤ ਤੌਰ ’ਤੇ 1 ਰੁਪਏ ਪ੍ਰਤੀ ਏਕੜ ਦੀ ਦਰ ’ਤੇ 1,000 ਏਕੜ ਜ਼ਮੀਨ ਅਲਾਟ ਕਰਨ ’ਤੇ ਸਵਾਲ ਚੁੱਕੇ। ਉਨ੍ਹਾਂ ਦਾਅਵਾ ਕੀਤਾ, ‘ਕੇਂਦਰ ਸਰਕਾਰ ਨੇ ਸੂਬੇ ਵਿੱਚ ਪਾਵਰ ਪਲਾਂਟ ਪ੍ਰਾਜੈਕਟ ਲਈ ਅਲਾਟ ਕੀਤੇ 21,000 ਕਰੋੜ ਰੁਪਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਅਡਾਨੀ ਨੂੰ ਦੇ ਦਿੱਤੇ ਹਨ।’
ਕਾਂਗਰਸ ਆਗੂ ਨੇ ਐੱਨ ਡੀ ਏ ਸਰਕਾਰ ਦੀ 30 ਸਤੰਬਰ ਨੂੰ ਰਾਜਸਥਾਨ ਯੂਨੀਵਰਸਿਟੀ ਵਿੱਚ ਲੋਕਾਂ ਦੇ ਪੈਸੇ ਦੀ ਵਰਤੋਂ ਕਰਕੇ ਆਰ ਐੱਸ ਐੱਸ ਦਾ ਸਮਾਗਮ ਕਰਵਾਉਣ ਲਈ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘ਯੂਨੀਵਰਸਿਟੀ ਸਰਕਾਰੀ ਜਾਇਦਾਦ ਹੈ ਅਤੇ ਇਸ ਨੂੰ ਕਿਸੇ ਖਾਸ ਵਿਚਾਰਧਾਰਾ ਦਾ ਗੜ੍ਹ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।’