ਭਾਖੜਾ ਤੇ ਨੰਗਲ ਡੈਮ ’ਤੇ ਸੀਆਈਐੱਸਐੱਫ ਦੀ ਤਾਇਨਾਤੀ ਬਾਰੇ ਉੱਚ ਅਧਿਕਾਰੀਆਂ ਦਾ ਦੌਰਾ
ਭਾਖੜਾ ਅਤੇ ਨੰਗਲ ਡੈਮ ਦੀ ਸੁਰੱਖਿਆ ਲਈ ਤਾਇਨਾਤ ਕੀਤੀ ਜਾ ਰਹੀ ਸੀਆਈਐੱਸਐੱਫ਼ ਦੇ ਉੱਚ ਅਧਿਕਾਰੀਆਂ ਨੇ ਨੰਗਲ ਦਾ ਦੋ ਦਿਨ ਦਾ ਦੌਰਾ ਕੀਤਾ ਹੈ। ਕੇਂਦਰੀ ਬਲਾਂ ਦੇ ਅਧਿਕਾਰੀਆਂ ਨੇ ਬੀਬੀਐੱਮਬੀ ਦੇ ਅਧਿਕਾਰੀਆਂ ਨਾਲ ਦੋ ਦਿਨ ਮੀਟਿੰਗ ਵੀ ਕੀਤੀ। ਅਧਿਕਾਰੀਆਂ ਨੇ ਸੀਆਈਐੱਸਐੱਫ਼ ਜਵਾਨਾਂ ਦੇ ਰਹਿਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਦੌਰਾਨ ਸੀਆਈਐੱਸਐੱਫ਼ ਦੇ ਕਈ ਉੱਚ ਅਧਿਕਾਰੀਆਂ ਨੇ ਦੋਵੇਂ ਡੈਮਾਂ ਦਾ ਦੌਰਾ ਵੀ ਕੀਤਾ। ਸੁਰੱਖਿਆ ਬਲ ਦੇ ਜਵਾਨਾਂ ਦੇ ਰਹਿਣ ਲਈ ਕੀਤਾ ਜਾ ਰਹੇ ਪ੍ਰਬੰਧ ਨੂੰ ਲੈ ਕੇ ਬੀਬੀਐੱਮਬੀ ਨੇ ਆਪਣੇ ਮੁਲਾਜ਼ਮਾਂ ਨੂੰ ਕੁਆਰਟਰ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਹਨ। ਬੀਬੀਐੱਮਬੀ ਵਿਭਾਗ ਵੱਲੋਂ ਕੁਆਰਟਰਾਂ ਦੀ ਮੁਰੰਮਤ ਲਈ ਟੈਂਡਰ ਵੀ ਪਾਸ ਕਰਵਾਏ ਗਏ ਹਨ। ਕੇਂਦਰੀ ਬਲਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ 31 ਅਗਸਤ ਨੂੰ ਸੀਆਈਐੱਸਐੱਫ਼ ਭਾਖੜਾ ਅਤੇ ਨੰਗਲ ਡੈਮ ’ਤੇ ਤਾਇਨਾਤ ਕਰ ਦਿੱਤੀ ਜਾਵੇਗੀ। ਬੀਬੀਐੱਮਬੀ ਵਿਭਾਗ ਦੇ ਐਕਸੀਅਨ ਸੁਰਿੰਦਰ ਧੀਮਾਨ ਨੇ ਦੱਸਿਆ ਕਿ ਸੀਆਈਐੱਸਐੱਫ਼ ਦੀ 296 ਜਵਾਨਾਂ ਦੀ ਬਟਾਲੀਅਨ ਨੰਗਲ ਵਿੱਚ ਪਹੁੰਚੇਗੀ ਅਤੇ ਉਨ੍ਹਾਂ ਦੇ ਰਹਿਣ ਲਈ ਵੀ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਸਰਕਾਰ ਡੈਮਾਂ ’ਤੇ ਕੇਂਦਰੀ ਬਲਾਂ ਨੂੰ ਲਗਾਉਣ ਦਾ ਲਗਾਤਾਰ ਵਿਰੋਧ ਕਰ ਰਹੀ ਹੈ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਇਸ ਦੇ ਵਿਰੋਧ ਵਿੱਚ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਹੈ।