ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ’ਚ ਏਬੀਵੀਪੀ ਤੇ ਐੱਸਐੱਫਆਈ ਮੈਂਬਰਾਂ ਵਿਚਾਲੇ ਹਿੰਸਕ ਝੜਪ
ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ’ਚ ਅੱਜ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਦੇ ਮੈਂਬਰਾਂ ਵਿਚਾਲੇ ਹਿੰਸਕ ਝੜਪ ਹੋ ਗਈ ਜਿਸ ਕਾਰਨ ਇੱਕ ਦਰਜ਼ਨ ਤੋਂ ਵੱਧ ਕਾਰਕੁਨ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਝੜਪ ਉਦੋਂ ਹੋਈ ਜਦੋਂ ਦੋਵੇਂ ਗੁਰੱਪ ਕੈਂਪਸ ’ਚ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰ ਰਹੇ ਸਨ। ਦੋਵਾਂ ਗਰੁੱਪਾਂ ਦੇ ਕਾਰਕੁਨਾਂ ’ਚ ਪਹਿਲਾਂ ਤਲਖ-ਕਲਾਮੀ ਹੋਈ ਜੋ ਬਾਅਦ ’ਚ ਹਿੰਸਾ ’ਚ ਬਦਲ ਅਤੇ ਦੋਵਾਂ ਧਿਰਾਂ ਦੇ ਮੈਂਬਰਾਂ ਨੇ ਇੱਕ ਦੂਜੇ ਉੱਤੇ ਹਮਲਾ ਕਰ ਦਿੱਤਾ, ਜਿਸ ਕਾਰਨ ਕੁਝ ਕਾਰਕੁਨਾਂ ਨੂੰ ਮਾਮੂਲੀ ਸੱਟਾਂ ਲੱਗ ਗਈਆਂ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਸੁਰੱਖਿਆ ਕਰਮੀਆਂ, ਪੁਲੀਸ ਤੇ ਮੌਕੇ ’ਤੇ ਹਾਜ਼ਰ ਹੋਰ ਵਿਦਿਆਰਥੀਆਂ ਨੇ ਸਥਿਤੀ ਨੂੰ ਕਾਬੂ ਹੇਠ ਲਿਆਂਦਾ।
ABVP ਕਾਰਕੁਨਾਂ ਨੇ ਦੋਸ਼ ਲਾਇਆ ਕਿ ਜਦੋਂ ਉਹ ਯੂਨੀਵਰਸਿਟੀ ਦੇ ਗੇਟ ਨੇੜੇ ਖੜ੍ਹੇ ਸਨ ਤਾਂ SFI members ਨੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਆਰਐੱਸਐੱਸ ਨਾਲ ਸਬੰਧਤ ਗੁਰੱਪ ਨੇ ਐੱਸਐੱਫਆਈ ਮੈਂਬਰਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਤੇ ਸਥਾਨਕ ਥਾਣੇ ’ਚ ਐੱਫਆਈਆਰ ਦਰਜ ਕਰਵਾਈ ਹੈ।
ਦੂਜੇ ਪਾਸੇ SFI ਮੈਂਬਰਾਂ ਨੇ ABVP ’ਤੇ ਹਿੰਸਾ ਭੜਕਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਏਬੀਵੀਪੀ ਮੈਂਬਰਾਂ ਨੇ ਐੱਸਐੱਫਆਈ ਮੈਂਬਰਾਂ ਖ਼ਿਲਾਫ਼ ਭੜਕਾਊ ਟਿੱਪਣੀਆਂ ਕੀਤੀਆਂ ਤੇ ਉਨ੍ਹਾਂ ’ਤੇ ਹਮਲਾ ਵੀ ਕੀਤਾ ਜਿਸ ਕਾਰਨ ਗਰੁੱਪ ਦੇ ਕੁਝ ਕਾਰਕੁਨ ਜ਼ਖਮੀ ਹੋ ਗਏ।
SFI ਨੇ ਏਬੀਵੀਪੀ ਮੈਂਬਰਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਅਤੇ ਉਨ੍ਹਾਂ ’ਤੇ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰਨ ਦਾ ਦੋਸ਼ ਲਾਉਂਦਿਆਂ FIR ਵੀ ਦਰਜ ਕਰਵਾਈ ਹੈ।
ਪੁਲੀਸ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਕੇਸ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।