ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੇਹ ਬੰਦ ਦੌਰਾਨ ਹਿੰਸਾ, 4 ਹਲਾਕ

ਜ਼ਿਲ੍ਹੇ ’ਚ ਕਰਫਿੳੂ ਲਾਗੂ; ਲੱਦਾਖ ਨੂੰ ਸੂਬੇ ਦਾ ਦਰਜਾ ਦਿਵਾੳੁਣ ਲੲੀ ਚੱਲ ਰਿਹੈ ਅੰਦੋਲਨ
ਲੇਹ ਕਾਊਂਸਿਲ ਸਕੱਤਰੇਤ ’ਚ ਅੱਗ ਮਗਰੋਂ ਨਿਕਲਦਾ ਹੋਇਆ ਧੂੰਆਂ। -ਫੋਟੋ: ਪੀਟੀਆਈ
Advertisement

ਲੱਦਾਖ ਦੇ ਲੇਹ ਕਸਬੇ ’ਚ ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈਆਂ ਝੜਪਾਂ ’ਚ ਚਾਰ ਵਿਅਕਤੀ ਮਾਰੇ ਗਏ ਅਤੇ 59 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ 22 ਜਵਾਨ ਸ਼ਾਮਲ ਹਨ। ਹਿੰਸਾ ਫੈਲਣ ਕਾਰਨ ਲੱਦਾਖ ਦੇ ਲੈਫ਼ਟੀਨੈਂਟ ਗਵਰਨਰ ਕਵਿੰਦਰ ਗੁਪਤਾ ਨੇ ਜ਼ਿਲ੍ਹੇ ’ਚ ਇਹਤਿਆਤ ਵਜੋਂ ਕਰਫਿਊ ਲਗਾ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੇਹ ਅਪੈਕਸ ਬਾਡੀ ਨੇ ਲੱਦਾਖ ਨੂੰ ਸੂਬੇ ਦਾ ਦਰਜਾ ਦੇਣ ਅਤੇ ਛੇਵੀਂ ਸੂਚੀ ਦੇ ਵਿਸਥਾਰ ਲਈ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਹਿੰਸਾ ਦੀਆਂ ਘਟਨਾਵਾਂ ਮਗਰੋਂ ਭੁੱਖ ਹੜਤਾਲ ’ਤੇ ਬੈਠੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਅੱਜ ਆਪਣਾ ਵਰਤ ਤੋੜ ਦਿੱਤਾ। ਕੇਂਦਰ ਨੇ ਕਿਹਾ ਕਿ ਵਾਂਗਚੁਕ ਦੇ ਭੜਕਾਊ ਬਿਆਨਾਂ ਕਾਰਨ ਲੇਹ ’ਚ ਹਾਲਾਤ ਵਿਗੜੇ ਹਨ। ਅਧਿਕਾਰੀਆਂ ਨੇ ਕਿਹਾ ਕਿ ਭੀੜ ਵੱਲੋਂ ਭਾਜਪਾ ਦੇ ਇਕ ਦਫ਼ਤਰ ਅਤੇ ਲੇਹ ਕਾਊਂਸਿਲ ਸਕੱਤਰੇਤ ਨੂੰ ਅੱਗ ਹਵਾਲੇ ਕਰਨ ਦਿੱਤਾ ਗਿਆ ਅਤੇ ਕਈ ਵਾਹਨਾਂ ’ਤੇ ਹਮਲੇ ਕੀਤੇ ਗਏ ਜਿਸ ਮਗਰੋਂ ਹਾਲਾਤ ਕਾਬੂ ਹੇਠ ਕਰਨ ਲਈ ਪੁਲੀਸ ਨੂੰ ਗੋਲੀਆਂ ਚਲਾਉਣੀਆਂ ਪਈਆਂ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਚਾਰ ਵਿਅਕਤੀ ਪੁਲੀਸ ਫਾਇਰਿੰਗ ’ਚ ਮਾਰੇ ਗਏ ਹਨ। ਲੱਦਾਖ ਦੀ ਰਾਜਧਾਨੀ ’ਚ ਮੁਕੰਮਲ ਬੰਦ ਦੇਖਿਆ ਗਿਆ ਅਤੇ ਇਸ ਦੌਰਾਨ ਆਸਮਾਨ ’ਚ ਅੱਗ ਦੀਆਂ ਲਪਟਾਂ ਅਤੇ ਸੰਘਣਾ ਧੂੰਆਂ ਦੂਰੋਂ ਹੀ ਦੇਖਿਆ ਜਾ ਸਕਦਾ ਸੀ। ਪੁਲੀਸ ਵੱਲੋਂ 35 ਦਿਨਾਂ ਦੀ ਭੁੱਖ ਹੜਤਾਲ ’ਤੇ ਬੈਠੇ 15 ਵਿਅਕਤੀਆਂ ’ਚੋਂ ਦੋ ਨੂੰ ਮੰਗਲਵਾਰ ਸ਼ਾਮ ਜਬਰੀ ਚੁੱਕ ਕੇ ਹਸਪਤਾਲ ਦਾਖ਼ਲ ਕੀਤੇ ਜਾਣ ਤੋਂ ਲੋਕ ਭੜਕ ਗਏ ਅਤੇ ਲੱਦਾਖ ਅਪੈਕਸ ਬਾਡੀ ਦੇ ਯੂਥ ਵਿੰਗ ਨੇ ਅੱਜ ਬੰਦ ਤੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਲੇਹ ’ਚ ਭੁੱਖ ਹੜਤਾਲ ’ਤੇ ਬੈਠੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਹਿੰਸਾ ’ਤੇ ਦੁੱਖ ਜਤਾਉਂਦਿਆਂ ਅੱਜ ਆਪਣਾ ਵਰਤ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਹਾਲਾਤ ਗੰਭੀਰ ਹਨ ਅਤੇ ਨੌਜਵਾਨਾਂ ’ਚ ਗੁੱਸਾ ਹੈ। ਆਨਲਾਈਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਾਂਗਚੁਕ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨਾਂ ਦਾ ਕੋਈ ਨਤੀਜਾ ਨਾ ਨਿਕਲਣ ਕਾਰਨ ਨੌਜਵਾਨਾਂ ’ਚ ਨਿਰਾਸ਼ਾ ਫੈਲ ਰਹੀ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਲੱਦਾਖ ਦੇ ਲੇਹ ਜ਼ਿਲ੍ਹੇ ’ਚ ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ ਦੀ ਧਾਰਾ 163 ਲਾਗੂ ਕਰਕੇ ਪੰਜ ਜਾਂ ਉਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਸੀ। ਲੇਹ ਜ਼ਿਲ੍ਹਾ ਮੈਜਿਸਟਰੇਟ ਰੋਮਿਲ ਸਿੰਘ ਡੋਂਕ ਨੇ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਹੁਕਮ ਅਦੂਲੀ ਕਰਨ ’ਤੇ ਬੀ ਐੱਨ ਐੱਸ ਦੀ ਧਾਰਾ 223 ਤਹਿਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਰੈਲੀ, ਮਾਰਚ ਜਾਂ ਪ੍ਰਦਰਸ਼ਨਾਂ ਲਈ ਯੋਗ ਅਥਾਰਿਟੀ ਤੋਂ ਲਿਖਤੀ ਮਨਜ਼ੂਰੀ ਲੈਣੀ ਪਵੇਗੀ।

ਹਿੰਸਾ ਦੀਆਂ ਘਟਨਾਵਾਂ ਅੱਖਾਂ ਖੋਲ੍ਹਣ ਵਾਲੀਆਂ: ਉਮਰ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਲੇਹ ਦੇ ਹਾਲਾਤ ਅੱਖਾਂ ਖੋਲ੍ਹਣ ਵਾਲੇ ਹਨ ਕਿ ਜੰਮੂ ਕਸ਼ਮੀਰ ’ਚ ਸੂਬੇ ਦਾ ਦਰਜਾ ਨਾ ਦਿੱਤੇ ਜਾਣ ’ਤੇ ਲੋਕ ਕਿਵੇਂ ਮਹਿਸੂਸ ਕਰਦੇ ਹਨ। ਲੇਹ ’ਚ ਹਿੰਸਾ ਦੀਆਂ ਘਟਨਾਵਾਂ ਮਗਰੋਂ ਉਮਰ ਨੇ ‘ਐਕਸ’ ’ਤੇ ਕਿਹਾ ਕਿ ਹੁਣ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਹੋਏ ਧੋਖੇ ਅਤੇ ਨਿਰਾਸ਼ਾ ਦੇ ਆਲਮ ਨੂੰ ਸਮਝਿਆ ਜਾ ਸਕਦਾ ਹੈ। ਸਾਬਕਾ ਮੁੱਖ ਮੰਤਰੀ ਅਤੇ ਪੀ ਡੀ ਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਲੱਦਾਖ ਦੇ ਹਾਲਾਤ ਨੂੰ ਦੇਖਦਿਆਂ ਕੇਂਦਰ ਨੂੰ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। -ਪੀਟੀਆਈ

Advertisement

Advertisement
Show comments