ਮੋਰੱਕੋ ਵਿੱਚ ਹਿੰਸਾ ਜਾਰੀ; ਤਿੰਨ ਪ੍ਰਦਰਸ਼ਨਕਾਰੀਆਂ ਦੀ ਮੌਤ
ਮੋਰੱਕੋ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਪੰਜਵੇਂ ਦਿਨ ਵੀ ਜਾਰੀ ਰਹੇ। ਇਸ ਉੱਤਰੀ ਅਫ਼ਰੀਕੀ ਦੇਸ਼ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਲੋਕਾਂ ਵਿਚ ਰੋਸ ਹੈ। ਇਸ ਦੌਰਾਨ ਰਾਤ ਵੇਲੇ ਪ੍ਰਦਰਸ਼ਨਕਾਰੀ ਸੜਕਾਂ ’ਤੇ ਉਤਰ ਆਏ ਅਤੇ ਰੋਸ ਜ਼ਾਹਰ ਕੀਤਾ। ਪੁਲੀਸ ਨੇ ਦੱਸਿਆ ਕਿ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੱਖਣੀ ਕਸਬੇ ਵਿੱਚ ਮੁਜ਼ਾਹਰਾ ਕੀਤਾ ਜਿਸ ਤੋਂ ਬਾਅਦ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਤੇ ਸਵੈ-ਰੱਖਿਆ ਲਈ ਗੋਲੀਆਂ ਚਲਾਈਆਂ ਜਿਸ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ। ਇਹ ਘਟਨਾ ਰਾਜਧਾਨੀ ਰਬਾਤ ਤੋਂ ਲਗਪਗ 500 ਕਿਲੋਮੀਟਰ ਦੂਰ ਦੱਖਣ ਦੇ ਲੇਕਲੀਆ ਵਿੱਚ ਵਾਪਰੀ। ਮੋਰੱਕੋ ਦੀ ਸਰਕਾਰੀ ਨਿਊਜ਼ ਏਜੰਸੀ ਐਮ ਏ ਪੀ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਪ੍ਰਦਰਸ਼ਨਕਾਰੀ ਹਿੰਸਾ ’ਤੇ ਉਤਰ ਆਏ ਤਾਂ ਪੁਲੀਸ ਨੇ ਸਵੈ-ਰੱਖਿਆ ਲਈ ਗੋਲੀਆਂ ਚਲਾਈਆਂ ਜਿਸ ਕਾਰਨ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਹੋਰ ਵੇਰਵੇ ਨਹੀਂ ਮਿਲੇ। ਜ਼ਿਕਰਯੋਗ ਹੈ ਕਿ ਮੋਰੱਕੋ ਵਿਚ ਸੋਸ਼ਲ ਮੀਡੀਆ ’ਤੇ ਵੀ ਸਰਕਾਰ ਦੀ ਕਾਰਗੁਜ਼ਾਰੀ ਖ਼ਿਲਾਫ਼ ਰੋਸ ਵਧ ਰਿਹਾ ਹੈ ਤੇ ਇਹ ਅੰਦੋਲਨ ਦਾ ਰੂਪ ਧਾਰ ਗਿਆ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ 2030 ਵਿਸ਼ਵ ਕੱਪ ਦੀ ਤਿਆਰੀ ਲਈ ਅਰਬਾਂ ਰੁਪਏ ਖਰਚ ਕਰਨ ’ਤੇ ਸਰਕਾਰ ਦੀ ਨਿਖੇਧੀ ਕੀਤੀ।
ਦੂਜੇ ਪਾਸੇ ਪੁਲੀਸ ਨੇ ਕਿਹਾ ਕਿ ਹਿੰਸਾ ਦੇ ਦੋਸ਼ ਹੇਠ 409 ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਦੇ 263 ਮੈਂਬਰ ਜ਼ਖ਼ਮੀ ਹੋਏ ਹਨ। -ਏਪੀ