ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਇੱਕ ਦਿਨ ਬਾਅਦ ਮਨੀਪੁਰ ’ਚ ਹਿੰਸਾ
ਸੂਤਰਾਂ ਅਨੁਸਾਰ ਇਹ ਹਿੰਸਾ 12 ਸਤੰਬਰ ਦੀ ਰਾਤ ਨੂੰ ਭੰਨਤੋੜ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਦੀ ਕੀਤੀ ਗਈ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਭੜਕੀ। ਇਨ੍ਹਾਂ ਵਿਅਕਤੀਆਂ ’ਤੇ ਮੋਦੀ ਦੇ ਦੌਰੇ ਲਈ ਕੀਤੀ ਗਈ ਸਜਾਵਟ ਦੀ ਭੰਨਤੋੜ ਕਰਨ ਦਾ ਵੀ ਦੋਸ਼ ਹੈ। ਸੂਤਰਾਂ ਅਨੁਸਾਰ ਚੂਰਾਚਾਂਦਪੁਰ ਵਿੱਚ ਅਧਿਕਾਰੀ ਹਾਈ ਅਲਰਟ ’ਤੇ ਹਨ। ਸੁਰੱਖਿਆ ਬਲ ਹਿੰਸਾ ਨੂੰ ਰੋਕਣ ਲਈ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ।
ਇਸ ਦੌਰਾਨ ਕੁਕੀ-ਜ਼ੋ ਕੌਂਸਲ (ਕੇ ਜ਼ੈੱਡ ਸੀ) ਨੇ ਅੱਜ ਕਿਹਾ ਕਿ ਮੈਤੇਈ ਅਤੇ ਕੁਕੀ-ਜ਼ੋ ਭਾਈਚਾਰਿਆਂ ਵਿਚਾਲੇ ਸੰਘਰਸ਼ ਹਾਲੇ ਜਾਰੀ ਹੈ, ਇਸ ਲਈ ਕਿਸੇ ਵੀ ਧਿਰ ਨੂੰ ਕਿਸੇ ਵੀ ਹਾਲਤ ਵਿੱਚ ਬਫਰ ਜ਼ੋਨ ਪਾਰ ਨਹੀਂ ਕਰਨਾ ਚਾਹੀਦਾ। ਕੌਂਸਲ ਨੇ ਅੱਗੇ ਚਿਤਾਵਨੀ ਦਿੱਤੀ ਕਿ ਜੇ ਬਫਰ ਜ਼ੋਨ ਪਾਰ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਹ ਪ੍ਰਮੁੱਖ ਕੁਕੀ ਗਰੁੱਪ ਹੈ, ਜੋ ਇਸ ਮਹੀਨੇ ਦੇ ਸ਼ੁਰੂ ਵਿੱਚ ਕੇਂਦਰ ਅਤੇ ਮਨੀਪੁਰ ਸਰਕਾਰ ਨਾਲ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਕਰਨ ਵਾਲੇ ਵਫ਼ਦ ਦਾ ਵੀ ਹਿੱਸਾ ਸੀ। 4 ਸਤੰਬਰ ਨੂੰ ਕੇਂਦਰ, ਮਨੀਪੁਰ ਸਰਕਾਰ ਅਤੇ ਕੁਕੀ-ਜ਼ੋ ਗਰੁੱਪਾਂ ਵਿਚਾਲੇ ਹੋਏ ਤਿੰਨ-ਧਿਰੀ ਸਮਝੌਤੇ ਦਾ ਹਵਾਲਾ ਦਿੰਦਿਆਂ ਕੇ ਜ਼ੈੱਡ ਸੀ ਨੇ ਸਪੱਸ਼ਟ ਕੀਤਾ ਕਿ ਉਸ ਨੇ ਐੱਨ ਐੱਚ-2 ਨੂੰ ਦੁਬਾਰਾ ਖੋਲ੍ਹਣ ਦਾ ਐਲਾਨ ਨਹੀਂ ਕੀਤਾ।
ਕੇ ਜ਼ੈੱਡ ਸੀ ਨੇ ਕਿਹਾ ਕਿ ਐੱਨ ਐੱਚ-2 ’ਤੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਨ੍ਹਾਂ ਸਿਰਫ ਕਾਂਗਪੋਕਪੀ ਦੇ ਲੋਕਾਂ ਨੂੰ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਸੁਰੱਖਿਆ ਬਲਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਸੀ। ਕੌਂਸਲ ਨੇ ਕਿਹਾ ਕਿ ਹਾਲੇ ਮੈਤੇਈ ਅਤੇ ਕੁਕੀ-ਜ਼ੋ ਭਾਈਚਾਰਿਆਂ ਵਿਚਾਲੇ ਸਮਝੌਤਾ ਨਹੀਂ ਹੋਇਆ, ਇਸ ਲਈ ਕਿਸੇ ਵੀ ਧਿਰ ਨੂੰ ਕਿਸੇ ਵੀ ਹਾਲਤ ਵਿੱਚ ਬਫਰ ਜ਼ੋਨ ਪਾਰ ਨਹੀਂ ਕਰਨਾ ਚਾਹੀਦਾ।’