Video: ਨੇਪਾਲ ਦੇ ਮੰਤਰੀ, ਸਿਖਰਲੇ ਅਧਿਕਾਰੀ ਤੇ ਉਨ੍ਹਾਂ ਦੇ ਪਰਿਵਾਰ ਹੈਲੀਕਾਪਟਰ ਦੀ ਰੱਸੀ ਫੜ ਭੱਜੇ
Nepal Revolution: ਕਾਠਮੰਡੂ ਨੇਪਾਲ ਵਿਚ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਮੰਤਰੀਆਂ, ਸਿਖਰਲੇ ਸਰਕਾਰੀ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਛੱਤਾਂ ਤੋਂ ਫੌਜੀ ਹੈਲੀਕਾਪਟਰ ਜ਼ਰੀਏ ਏਅਰਲਿਫਟ ਕਰਦਿਆਂ ਦੇਖਿਆ ਗਿਆ ਹੈ।
ਇੱਕ ਵੀਡੀਓ ਵਿੱਚ ਉੱਚ ਅਧਿਕਾਰੀ ਹੈਲੀਕਾਪਟਰ ਨਾਲ ਰੱਸੀਆਂ ਨਾਲ ਲਟਕਦੇ ਦਿਖਾਈ ਦੇ ਰਹੇ ਹਨ, ਜਦੋਂ ਕਿ ਹੇਠਾਂ ਸ਼ਹਿਰ ਵਿੱਚ ਧੂੰਆਂ ਅਤੇ ਹਿੰਸਕ ਭੀੜ ਦੇਖੀ ਜਾ ਸਕਦੀ ਹੈ।
ਸੋਮਵਾਰ ਨੂੰ ਨੇਪਾਲ ਵਿੱਚ ਸਰਕਾਰ ਵੱਲੋਂ ਵੱਡੇ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਅਸਥਾਈ ਪਾਬੰਦੀ ਲਗਾਉਣ ਤੋਂ ਬਾਅਦ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ, ਜਿਸ ਕਾਰਨ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਅਸਤੀਫ਼ੇ ਅਤੇ ਦੇਸ਼ ਛੱਡਣ ਦੀਆਂ ਰਿਪੋਰਟਾਂ ਆਈਆਂ। ਫੇਸਬੁੱਕ, ਐਕਸ ਅਤੇ ਯੂਟਿਊਬ ਵਰਗੀਆਂ ਸਾਈਟਾਂ ’ਤੇ ਪਾਬੰਦੀ ਨੇ ਰਾਜਧਾਨੀ ਦੇ ਨੌਜਵਾਨਾਂ ਵਿੱਚ ਗੁੱਸੇ ਨੂੰ ਭੜਕਾਇਆ ਹੈ।
ਹਾਲਾਤ ਬੇਕਾਬੂ ਹੋਣ ਤੋਂ ਬਾਅਦ ਫੌਜ ਨੂੰ ਕਾਠਮੰਡੂ ਦੀਆਂ ਸੜਕਾਂ ’ਤੇ ਲਿਆਂਦਾ ਗਿਆ। ਲੋਕਾਂ ਦੇ ਆਪਣੇ ਘਰਾਂ ’ਚੋਂ ਬਾਹਰ ਨਿਕਲਣ ’ਤੇ ਪਾਬੰਦੀ ਲਗਾਈ ਗਈ ਹੈ, ਪਰ ਵਧਦੀ ਹਫੜਾ-ਦਫੜੀ ਨੂੰ ਕਾਬੂ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਮੰਤਰੀਆਂ ਦੇ ਘਰਾਂ ਦੀ ਭੰਨਤੋੜ ਕੀਤੀ ਅਤੇ ਸੰਸਦ ਭਵਨ ਨੂੰ ਅੱਗ ਲਗਾ ਦਿੱਤੀ।
ਸੂਚਨਾ ਅਤੇ ਤਕਨਾਲੋਜੀ ਮੰਤਰੀ ਪ੍ਰਿਥਵੀ ਸੁੱਬਾ ਗੁਰੰਗ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ। ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਬਿਸ਼ਨੂ ਪੌਡੇਲ, ਨੇਪਾਲ ਰਾਸ਼ਟਰੀ ਬੈਂਕ ਦੇ ਗਵਰਨਰ ਬਿਸਵਾ ਪੌਡੇਲ ਅਤੇ ਸਾਬਕਾ ਗ੍ਰਹਿ ਮੰਤਰੀ ਰਮੇਸ਼ ਦੇ ਘਰਾਂ ’ਤੇ ਵੀ ਪੱਥਰਬਾਜ਼ੀ ਅਤੇ ਅੱਗਜ਼ਨੀ ਕੀਤੀ ਗਈ।
ਵਿਦੇਸ਼ ਮੰਤਰੀ ਅਰਜੁਨ ਰਾਣਾ ਦਿਉਬਾ ਅਤੇ ਉਨ੍ਹਾਂ ਦੇ ਪਤੀ, ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਉਬਾ ’ਤੇ ਵੀ ਹਮਲਾ ਕੀਤਾ ਗਿਆ। ਇੱਕ ਵੀਡੀਓ ਵਿੱਚ, ਸ਼ੇਰ ਬਹਾਦੁਰ ਦਿਉਬਾ ਖੂਨ ਨਾਲ ਲੱਥਪੱਥ ਜ਼ਮੀਨ ’ਤੇ ਬੈਠੇ ਦਿਖਾਈ ਦਿੱਤੇ, ਅਤੇ ਬਾਅਦ ਵਿੱਚ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਬਚਾਇਆ।
ਰਾਜਧਾਨੀ ਦੇ ਇੱਕ ਹੋਰ ਹਿੱਸੇ ਵਿੱਚ ਕੈਦੀਆਂ ਨੇ ਇੱਕ ਜੇਲ੍ਹ ਨੂੰ ਅੱਗ ਲਗਾ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਫੌਜ ਨੇ ਇਸ ਨੂੰ ਨਾਕਾਮ ਕਰ ਦਿੱਤਾ ਅਤੇ ਕੈਦੀਆਂ ਨੂੰ ਹੋਰ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ।
ਇੰਟਰਨੈੱਟ ਸੈਂਸਰਸ਼ਿਪ ਦੇ ਵਿਰੁੱਧ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਹੁਣ ਇੱਕ ਵੱਡੇ ਵਿਦਰੋਹ ਵਿੱਚ ਬਦਲ ਗਏ ਹਨ। ਭ੍ਰਿਸ਼ਟਾਚਾਰ, ਅਸਮਾਨਤਾ ਅਤੇ ਬੇਰੁਜ਼ਗਾਰੀ ਦੇ ਵਿਰੁੱਧ ਵੀ ਜਨਤਕ ਗੁੱਸਾ ਭੜਕ ਉੱਠਿਆ ਹੈ। ਬਹੁਤ ਸਾਰੇ ਨੌਜਵਾਨਾਂ ਨੇ ਸਿਆਸਤਦਾਨਾਂ ਦੇ ਬੱਚਿਆਂ ਵੱਲੋਂ ਮਾਣੀਆਂ ਜਾਣ ਵਾਲੀਆਂ ਸੁੱਖ ਸਹੂਲਤਾਂ, ਜਿਨ੍ਹਾਂ ਨੂੰ ‘ਨੇਪੋ ਕਿਡਜ਼’ ਕਿਹਾ ਜਾਂਦਾ ਹੈ, ਉੱਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ, ਜਦੋਂ ਕਿ ਆਮ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਆਪਣੇ ਸਿਖਰ ’ਤੇ ਹੈ। ਵਿਸ਼ਵ ਬੈਂਕ ਮੁਤਾਬਕ, ਪਿਛਲੇ ਸਾਲ ਨੇਪਾਲ ਦੇ ਕਰੀਬ 20 ਫੀਸਦ ਨੌਜਵਾਨ ਬੇਰੁਜ਼ਗਾਰ ਸਨ।
ਸਰਕਾਰੀ ਅੰਕੜਿਆਂ ਅਨੁਸਾਰ ਰੁਜ਼ਗਾਰ ਦੀ ਭਾਲ ਵਿੱਚ ਹਰ ਰੋਜ਼ 2,000 ਤੋਂ ਵੱਧ ਨੌਜਵਾਨ ਵਿਦੇਸ਼ਾਂ ਵਿੱਚ, ਖਾਸ ਕਰਕੇ ਮੱਧ ਪੂਰਬ ਅਤੇ ਭਾਰਤ ਵਿੱਚ ਪਰਵਾਸ ਕਰ ਰਹੇ ਹਨ। ਇਸ ਸਮੇਂ ਫੌਜ ਨੇ ਕਾਠਮੰਡੂ ਦੇ ਕਈ ਇਲਾਕਿਆਂ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ ਹੈ, ਪਰ ਪੂਰੇ ਦੇਸ਼ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ।