Video: ‘ਦੋਸਤ ਦੋਸਤ ਨਾ ਰਹਾ’: ਕਾਂਗਰਸ ਨੇ ਟਰੰਪ-ਮੋਦੀ ਦੇ 'ਖ਼ਾਸ ਸਬੰਧਾਂ' 'ਤੇ ਚੁੱਕੇ ਸਵਾਲ
ਸੀਨੀਅਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਉਨ੍ਹਾਂ ਦੀ ਮਸ਼ਹੂਰ ਦੋਸਤੀ ਨੂੰ ਲੈ ਕੇ ਨਿਸ਼ਾਨਾ ਸਾਧਿਆ ਅਤੇ ਇਸ ਨੂੰ ਭਾਰਤ ਲਈ ਮਹਿੰਗੀ ਅਤੇ ਗੈਰ-ਮਦਦਗਾਰ ਦੱਸਿਆ ਹੈ। ਹਾਲੀਆ ਘਟਨਾਕ੍ਰਮ ਦਾ ਹਵਾਲਾ ਦਿੰਦਿਆਂ ਰਮੇਸ਼ ਨੇ ਕਿਹਾ ਕਿ ਭਾਰਤ ਨੂੰ ਉੱਚ ਟੈਰਿਫਾਂ ਦੀ ਧਮਕੀ ਦਿੱਤੀ ਜਾ ਰਹੀ ਹੈ ਅਤੇ ਅਮਰੀਕਾ ਵੱਲੋਂ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ।
ਜੈਰਾਮ ਰਮੇਸ਼ ਨੇ ਮੋਦੀ ਨੁੂੰ ਉਨ੍ਹਾਂ ਦੇ ਪੁਰਾਣੇ ਬਿਆਨਾਂ ਦੀ ਯਾਦ ਦਵਾਈ ਅਤੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਨੇ ਕਈ ਵਾਰ ਦਾਅਵਾ ਕੀਤਾ ਹੈ ਕਿ ਟਰੰਪ ਅਤੇ ਉਨ੍ਹਾਂ ਵਿੱਚ ਬਹੁਤ ਗਹਿਰਾ ਅਤੇ ਖ਼ਾਸ ਰਿਸ਼ਤਾ ਹੈ ਅਤੇ 'ਹਾਉਡੀ ਮੋਦੀ' ਅਤੇ 'ਨਮਸਤੇ ਟਰੰਪ' ਵਰਗੇ ਵੱਡੇ ਸਮਾਗਮ ਵੀ ਕਰਵਾਏ ਗਏ। ਉਥੇ ਪ੍ਰਧਾਨ ਮੰਤਰੀ ਮੋਦੀ ਨੇ ਖ਼ੁਦ ਕਿਹਾ ਸੀ 'ਅਬਕੀ ਬਾਰ ਟਰੰਪ ਸਰਕਾਰ' ਪਰ ਅੱਜ ਮੋਦੀ ਦੇ ਅਜ਼ੀਜ਼ ਵੱਲੋਂ ਹੀ ਭਾਰਤ ਨੁੂੰ ਉੱਚ ਕਰਾਂ ਦੀ ਧਮਕੀ ਦਿੱਤੀ ਜਾ ਰਹੀ ਹੈ।"
ਰਮੇਸ਼ ਨੇ ਕਿਹਾ, "ਇੱਕ ਮਸ਼ਹੂਰ ਗੀਤ ਹੈ 'ਦੋਸਤ ਦੋਸਤ ਨਾ ਰਹਾ'। ਹੁਣ ਪ੍ਰਧਾਨ ਮੰਤਰੀ ਨੁੂੰ ਇਸ ਗੀਤ ਨੁੂੰ ਥੋੜ੍ਹਾ ਬਦਲ ਕੇ ਗਾਉਣਾ ਚਾਹੀਦਾ ਹੈ: 'ਟਰੰਪ ਯਾਰ ਹਮੇਂ ਤੇਰਾ ਐਤਬਾਰ ਨਾ ਰਹਾ'। ਉਨ੍ਹਾਂ ਕਿਹਾ ਕਿ ਟਰੰਪ ਦੇ ਸੰਹੁ-ਚੁੱਕ ਸਮਾਗਮ ਵਿੱਚ ਭਾਰਤੀ ਵਿਦੇਸ਼ ਮੰਤਰੀ ਪਹਿਲੀ ਕਤਾਰ ਵਿੱਚ ਬੈਠੇ ਸਨ ਅਤੇ ਵਾਰ ਵਾਰ ਇਹ ਜਤਾਇਆ ਜਾ ਰਿਹਾ ਸੀ ਕਿ ਭਾਰਤ-ਅਮਰੀਕਾ ਦੇ ਸਬੰਧ ਨਵੀਆਂ ਉਚਾਈਆਂ ’ਤੇ ਹਨ ਪਰ ਹਕੀਕਤ ਹੁਣ ਸਾਹਮਣੇ ਆਈ ਹੈ।
ਉਨ੍ਹਾਂ ਸਵਾਲ ਕੀਤਾ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਟਰੰਪ ਲਈ ਸਮਾਗਮ ਕਰਵਾਏ, ਦੋਵੇਂ ਆਗੂਆਂ ਨੇ ਆਪਣੀ ਦੋਸਤੀ ਜ਼ਾਹਰ ਕਰਨ ਲਈ ਫੋੋਟੋਆਂ ਖਿਚਵਾਈਆਂ ਪਰ ਇਸ ਸਭ ਦਾ ਨਤੀਜਾ ਕੀ ਹੋਇਆ? 'ਟਰੰਪ ਵੱਲੋਂ ਟੈਰਿਫ ਵਧਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਦੋਸਤੀ ਬਹੁਤ ਮਹਿੰਗੀ ਸਾਬਤ ਹੋਈ। ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ। ਪਹਿਲਾਂ ਟਰੰਪ ਨੇ ਵਿਚੋਲਗੀ ਦੀ ਗੱਲ ਕੀਤੀ - ਕਿ ਉਨ੍ਹਾਂ ਨੇ ਜੰਗਬੰਦੀ ਕਰਵਾਈ। ਉਨ੍ਹਾਂ ਨੇ ਇਹ 32-33 ਵਾਰ ਕਿਹਾ ਪਰ ਪ੍ਰਧਾਨ ਮੰਤਰੀ ਨੇ ਇਸ 'ਤੇ ਕੁਝ ਨਹੀਂ ਬੋਲੇ। ਵਿਦੇਸ਼ ਮੰਤਰਾਲੇ ਨੇ ਭਾਵੇਂ ਬਿਆਨ ਜਾਰੀ ਕੀਤਾ ਹੈ ਪਰ ਅਸਲੀਅਤ ਇਹੀ ਹੈ ਕਿ ਅਮਰੀਕਾ, ਚੀਨ ਅਤੇ ਪਾਕਿਸਤਾਨ ਸਾਡੇ ਸਾਹਮਣੇ ਹੁਣ ਇੱਕ ਵੱਡੀ ਚੁਣੌਤੀ ਬਣ ਗਏ ਹਨ।"
ਉਨ੍ਹਾਂ ਹੋਰ ਕਿਹਾ ਕਿ ਟਰੰਪ ਵੱਲੋਂ ਰੂਸੀ ਕੱਚਾ ਤੇਲ ਖਰੀਦਣ 'ਤੇ ਭਾਰਤ 'ਤੇ ਸੈਕੰਡਰੀ ਟੈਰਿਫ ਲਗਾਉਣ ਦੀ ਧਮਕੀ ਦੇਣ ਵਾਲੀ ਇੱਕ ਨਵੀਂ ਸੋਸ਼ਲ ਮੀਡੀਆ ਪੋਸਟ ਚਿੰਤਾ ਦਾ ਕਾਰਨ ਬਣ ਗਈ। ਇਹ ਸਪੱਸ਼ਟ ਹੈ ਕਿ ਅਮਰੀਕਾ ਨਾਲ ਸਾਡੇ ਸਬੰਧ ਵਿਗੜ ਗਏ ਹਨ।