ਧੁੰਦ ਦਾ ਕਹਿਰ: ਨੂਹ ਵਿਚ ਭਿਆਨਕ ਸੜਕ ਹਾਦਸੇ, CISF ਇੰਸਪੈਕਟਰ ਸਣੇ ਦੋ ਦੀ ਮੌਤ
ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਸੰਘਣੀ ਧੁੰਦ ਕਰਕੇ ਕਈ ਹਾਦਸੇ ਵਾਪਰ ਗਏ। ਦਿਸਣ ਹੱਦ ਘੱਟ ਹੋਣ ਕਰਕੇ ਦਿੱਲੀ-ਮੁੰਬਈ ਐਕਸਪ੍ਰੈਸਵੇਅ ’ਤੇ 20 ਦੇ ਕਰੀਬ ਵਾਹਨ ਇੱਕ ਦੂਜੇ ਨਾਲ ਟਕਰਾ ਗਏ। ਇਨ੍ਹਾਂ ਹਾਦਸਿਆਂ ਵਿੱਚ ਇੱਕ ਸੀਆਈਐਸਐਫ ਇੰਸਪੈਕਟਰ ਸਣੇ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਅੱਧਾ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ।
ਧੁੰਦ ਕਾਰਨ, ਪਿਨੰਗਵਾ ਥਾਣਾ ਖੇਤਰ ਦੇ ਅਧੀਨ ਆਉਂਦੇ ਰਾਣੀਆਲਾ ਪਾਟਕਪੁਰ ਪਿੰਡ ਨੇੜੇ ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ 10-12 ਵਾਹਨ ਅਤੇ ਦੋ ਟਰੱਕ ਟਕਰਾ ਗਏ। ਅਲਵਰ ਦੇ ਬੀ-16 ਅੰਬੇਡਕਰ ਨਗਰ ਦੇ ਰਹਿਣ ਵਾਲੇ ਸੀਆਈਐਸਐਫ ਇੰਸਪੈਕਟਰ ਹਰੀਸ਼ ਕੁਮਾਰ (ਪੁੱਤਰ ਰੂਪ ਨਾਰਾਇਣ ਸ਼ਰਮਾ) ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਮੰਡੀ ਖੇੜਾ ਹਸਪਤਾਲ ਲਿਜਾਇਆ ਗਿਆ। ਹਾਦਸੇ ਵਿੱਚ ਚਾਰ ਤੋਂ ਪੰਜ ਹੋਰ ਅਣਪਛਾਤੇ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਉਸੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸੂਚਨਾ ਮਿਲਣ 'ਤੇ ਪੁਲੀਸ ਮੌਕੇ 'ਤੇ ਪਹੁੰਚੀ, ਨੁਕਸਾਨੇ ਗਏ ਵਾਹਨਾਂ ਨੂੰ ਹਟਾਇਆ ਅਤੇ ਆਵਾਜਾਈ ਬਹਾਲ ਕੀਤੀ।
ਇਸੇ ਤਰ੍ਹਾਂ ਇਕ ਹੋਰ ਘਟਨਾ ਵਿੱਚ ਪਿੰਡ ਬਨਾਰਸੀ ਨੇੜੇ ਐਕਸਪ੍ਰੈਸਵੇਅ ਦੇ ਪਿੱਲਰ ਨੰਬਰ 45 ਨੇੜੇ 7-8 ਵਾਹਨ ਟਕਰਾ ਗਏ। ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ, ਹਾਲਾਂਕਿ ਕਈ ਵਾਹਨ ਨੁਕਸਾਨੇ ਗਏ।
ਇਸ ਦੌਰਾਨ, ਦਿੱਲੀ-ਅਲਵਰ ਸੜਕ ’ਤੇ ਨੂਹ ਸਦਰ ਥਾਣਾ ਖੇਤਰ ਦੇ ਪਿੰਡ ਘਸੇਦਾ ਵਿੱਚ ਇੱਕ ਰੋਡਵੇਜ਼ ਬੱਸ ਅਤੇ ਇੱਕ ਟਰੈਕਟਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ, ਪਰ ਦੋਵੇਂ ਵਾਹਨ ਨੁਕਸਾਨੇ ਗਏ।
ਸੋਮਵਾਰ ਸਵੇਰੇ ਪੂਰੇ ਜ਼ਿਲ੍ਹੇ ਵਿੱਚ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਦਿਸਣ ਹੱਦ ਕੁਝ ਮੀਟਰ ਤੱਕ ਸੀਮਤ ਹੋ ਗਈ। ਦਿੱਲੀ-ਮੁੰਬਈ-ਬੜੋਦਾ ਐਕਸਪ੍ਰੈਸਵੇਅ 'ਤੇ ਵੱਖ-ਵੱਖ ਥਾਵਾਂ 'ਤੇ ਕਈ ਹਾਦਸੇ ਵਾਪਰੇ। ਪ੍ਰਸ਼ਾਸਨ ਨੇ ਡਰਾਈਵਰਾਂ ਨੂੰ ਹਾਦਸਿਆਂ ਤੋਂ ਬਚਣ ਲਈ ਰਫ਼ਤਾਰ ਸੀਮਤ ਕਰਨ, ਲੋੜੀਂਦੀਆਂ ਲਾਈਟਾਂ ਦੀ ਵਰਤੋਂ ਕਰਨ ਅਤੇ ਧੁੰਦ ਦੌਰਾਨ ਸੁਰੱਖਿਅਤ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।
ਵਾਹਨਾਂ ਵਿਚ ਫਸੇ ਹੋਏ ਯਾਤਰੀਆਂ ਨੂੰ ਬਚਾਉਣ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਪੁਲੀਸ, ਫਾਇਰ ਸਰਵਿਸਿਜ਼ ਅਤੇ ਐਂਬੂਲੈਂਸਾਂ ਸਮੇਤ ਐਮਰਜੈਂਸੀ ਰਿਸਪਾਂਸ ਟੀਮਾਂ ਨੂੰ ਘਟਨਾ ਸਥਾਨ ’ਤੇ ਭੇਜਿਆ ਗਿਆ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ।
ਵਾਹਨਾਂ ਦੀ ਟੱਕਰ ਕਰਕੇ ਐਕਸਪ੍ਰੈਸਵੇਅ ਦੇ ਸਬੰਧਤ ਹਿੱਸੇ ਉੱਤੇ ਆਵਾਜਾਈ ਵਿਚ ਕਈ ਘੰਟਿਆਂ ਲਈ ਵਿਘਨ ਪਿਆ। ਹਾਲਾਂਕਿ ਨੁਕਸਾਨੇ ਗਏ ਵਾਹਨਾਂ ਨੂੰ ਮਗਰੋਂ ਉਥੋਂ ਹਟਾ ਕੇ ਆਵਾਜਾਈ ਮੁੜ ਚਾਲੂ ਕਰ ਦਿੱਤੀ ਗਈ। ਅਧਿਕਾਰੀਆਂ ਨੇ ਵਾਹਨ ਚਾਲਕਾਂ ਨੂੰ ਸੰਘਣੀ ਧੁੰਦ ਕਰਕੇ ਵਾਹਨ ਚਲਾਉਣ ਮੌਕੇ ਪੂਰੀ ਇਹਤਿਆਤ ਵਰਤਣ ਦੀ ਅਪੀਲ ਕੀਤੀ ਹੈ।
