ਬਦੀ ’ਤੇ ਨੇਕੀ ਦੀ ਜਿੱਤ: ਦੇਸ਼ ਵਿੱਚ ਉਤਸ਼ਾਹ ਨਾਲ ਮਨਾਇਆ ਦਸਹਿਰਾ
ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਮੁਲਕ ਦੇ ਵੱਖ-ਵੱਖ ਸੂਬਿਆਂ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਹਾਲਾਂਕਿ, ਦਿੱਲੀ ਸਮੇਤ ਕਈ ਥਾਈਂ ਪਏ ਮੀਂਹ ਨੇ ਰੰਗ ’ਚ ਭੰਗ ਪਾ ਦਿੱਤਾ। ਮੀਂਹ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰਬੀ ਦਿੱਲੀ ਦੇ ਪ੍ਰਤਾਪਗੰਜ ਇਲਾਕੇ ’ਚ ਕਰਵਾਏ ਗਏ ਦਸਹਿਰਾ ਸਮਾਗਮ ’ਚ ਹਿੱਸਾ ਨਹੀਂ ਲੈ ਸਕੇ। ਇਸ ਤੋਂ ਪਹਿਲਾਂ ਉਨ੍ਹਾਂ ‘ਐਕਸ’ ਉੱਤੇ ਮੁਲਕ ਵਾਸੀਆਂ ਨੂੰ ਵਿਜੈਦਸਮੀ ਦੇ ਤਿਓਹਾਰ ਦੀ ਮੁਬਾਰਕਬਾਦ ਦਿੱਤੀ। ਮੁਲਕ ’ਚ ਵੱਖ-ਵੱਖ ਥਾਈਂ ਖੁੱਲ੍ਹੇ ਮੈਦਾਨਾਂ ’ਚ ਲੱਗੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਇਸ ਦੇ ਨਾਲ ਹੀ ਮੈਸੂਰ ਤੇ ਪੱਛਮੀ ਬੰਗਾਲ ’ਚ 11 ਦਿਨਾਂ ਤੱਕ ਚੱਲਣ ਵਾਲੇ ਕ੍ਰਮਵਾਰ ਦਸਾਰਾ ਸਮਾਗਮ ਅਤੇ ਦੁਰਗਾ ਪੂਜਾ ਸਮਾਪਤ ਹੋ ਗਈ। ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਵਿੱਚ ਦੋ ਥਾਈਂ ਦੁਰਗਾ ਮਾਂ ਦੀਆਂ ਮੂਰਤੀਆਂ ਜਲ ਪ੍ਰਵਾਹ ਕਰਦੇ ਸਮੇਂ ਵਾਪਰੇ ਹਾਦਸਿਆਂ ’ਚ ਦੋ ਬੱਚਿਆਂ ਸਮੇਤ 11 ਜਣੇ ਮਾਰੇ ਗਏ। ਦਿੱਲੀ ’ਚ ਮੀਂਹ ਦੌਰਾਨ ਹੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮਾਧਵਦਾਸ ਪਾਰਕ ’ਚ ਕਰਵਾਏ ਦਸਹਿਰਾ ਸਮਾਗਮ ’ਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਅਪਰੇਸ਼ਨ ‘ਸਿੰਧੂਰ’ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਦਹਿਸ਼ਤਵਾਦ ਦੇ ਰਾਵਣ ’ਤੇ ਫ਼ੈਸਲਾਕੁਨ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਹਥਿਆਰਬੰਦ ਬਲਾਂ ਦੇ ਸ਼ਹੀਦ ਜਵਾਨਾਂ ਨੂੰ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ। ਦੂਜੇ ਪਾਸੇ, ਅੱਜ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਹਫ਼ਤਾ ਭਰ ਚੱਲਣ ਵਾਲਾ ਦਸਹਿਰਾ ਸਮਾਗਮ ਦਾ ਆਗਾਜ਼ ਵੀ ਹੋ ਗਿਆ।