ਉਪ ਰਾਸ਼ਟਰਪਤੀ ਦੀ ਚੋਣ 9 ਸਤੰਬਰ ਨੂੰ ਹੋਵੇਗੀ: ਚੋਣ ਕਮਿਸ਼ਨ
ਦੇਸ਼ ਦੇ ਦੂਜੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ਉਪ ਰਾਸ਼ਟਰਪਤੀ ਦੀ ਚੋਣ ਲਈ ਮੰਚ ਤਿਆਰ ਹੋ ਗਿਆ ਹੈ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਚੋਣ ਪ੍ਰੋਗਰਾਮ ਲਈ ਤਰੀਕਾਂ ਐਲਾਨ ਦਿੱਤੀਆਂ ਹਨ। ਚੋਣਾਂ ਲਈ ਨੋਟੀਫਿਕੇਸ਼ਨ 7 ਅਗਸਤ ਨੂੰ ਜਾਰੀ ਕੀਤਾ ਜਾਵੇਗਾ, ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ, ਪੜਤਾਲ ਦੀ ਆਖਰੀ ਮਿਤੀ 22 ਅਗਸਤ ਅਤੇ ਜੇ ਜ਼ਰੂਰੀ ਹੋਇਆ ਤਾਂ ਵੋਟਿੰਗ ਦੀ ਮਿਤੀ 9 ਸਤੰਬਰ ਹੋਵੇਗੀ। ਚੋਣ ਕਮਿਸ਼ਨ ਨੇ ਕਿਹਾ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 25 ਅਗਸਤ ਹੋਵੇਗੀ।
ਜੇਕਰ ਇੱਕ ਤੋਂ ਵੱਧ ਉਮੀਦਵਾਰ ਹਨ ਤਾਂ 9 ਸਤੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਉਸੇ ਤਰੀਕ ਨੂੰ ਹੋਵੇਗੀ। ਇਸ ਦੌਰਾਨ ਵਿਰੋਧੀ ਧਿਰਾਂ ਦੇ ਇੰਡੀਆ ਗੱਠਜੋੜ ਨੇ ਕਿਹਾ ਹੈ ਕਿ ਉਹ ਇੱਕ ਸਾਂਝਾ ਉਮੀਦਵਾਰ ਖੜ੍ਹਾ ਕਰਨਗੇ। ਉਧਰ ਭਾਜਪਾ ਨੇ ਅਜੇ ਤੱਕ ਇਸ ਮੁੱਦੇ ’ਤੇ ਸਹਿਯੋਗੀਆਂ ਨਾਲ ਚਰਚਾ ਸ਼ੁਰੂ ਨਹੀਂ ਕੀਤੀ ਹੈ, ਅਤੇ ਸੂਤਰਾਂ ਨੇ ਦੱਸਿਆ ਕਿ ਚਰਚਾ ਅਗਲੇ ਹਫ਼ਤੇ ਹੋਵੇਗੀ। ਜਗਦੀਪ ਧਨਖੜ ਨੇ 11 ਅਗਸਤ, 2022 ਨੂੰ ਭਾਰਤ ਦੇ 14ਵੇਂ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਸੀ। ਉਨ੍ਹਾਂ ਐੱਮ ਵੈਂਕੱਈਆ ਨਾਇਡੂ ਦੀ ਥਾਂ ਲਈ ਸੀ। ਧਨਖੜ ਨੇ 21 ਜੁਲਾਈ ਨੂੰ ਖਰਾਬ ਸਿਹਤ ਦੇ ਹਵਾਲੇ ਨਾਲ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਕਾਰਨ ਚੋਣ ਕਰਵਾਉਣ ਦੀ ਲੋੜ ਪਈ ਸੀ। ਨਵੇਂ ਚੁਣੇ ਜਾਣ ਵਾਲੇ ਉਪ ਰਾਸ਼ਟਰਪਤੀ ਦਾ ਕਾਰਜਕਾਲ ਅਹੁਦਾ ਸੰਭਾਲਣ ਦੀ ਮਿਤੀ ਤੋਂ ਪੂਰੇ ਪੰਜ ਸਾਲ ਲਈ ਹੋਵੇਗਾ।