ਉਪ ਰਾਸ਼ਟਰਪਤੀ ਚੋਣ: ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਧਾਕ੍ਰਿਸ਼ਨਨ ਦੇ ਨਾਮ ’ਤੇ ਸਰਬਸੰਮਤੀ ਬਣਾਉਣ ਦੀ ਅਪੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੰਸਦ ਭਵਨ ਕੰਪਲੈਕਸ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਸੰਸਦੀ ਦਲ ਦੀ ਬੈਠਕ ਦੌਰਾਨ ਮਹਾਰਾਸ਼ਟਰ ਦੇ ਰਾਜਪਾਲ ਅਤੇ ਉਪ ਰਾਸ਼ਟਰਪਤੀ ਦੀ ਚੋਣ ਲਈ ਸੱਤਾਧਾਰੀ ਗੱਠਜੋੜ ਦੇ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਨੂੰ ਸਨਮਾਨਿਤ ਕੀਤਾ। ਉਨ੍ਹਾਂ ਰਾਧਾਕ੍ਰਿਸ਼ਨਨ ਦਾ ਸੰਸਦ ਮੈਂਬਰਾਂ ਤੇ ਹੋਰਨਾਂ ਆਗੂਆਂ ਨਾਲ ਰਸਮੀ ਤੁਆਰਫ਼ ਕਰਵਾਇਆ। ਉਨ੍ਹਾਂ ਰਾਧਾਕ੍ਰਿਸ਼ਨਨ ਦੇ ਨਾਂ ’ਤੇ ਸਰਬਸੰਮਤੀ ਬਣਾਉਣ ਦੀ ਅਪੀਲ ਕੀਤੀ।
ਭਾਰਤ ਦੇ ਦੂਜੇ ਸਭ ਤੋਂ ਵੱਡੇ ਸੰਵਿਧਾਨਕ ਅਹੁਦੇ ਲਈ 9 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਐੱਨਡੀਏ ਗੱਠਜੋੜ ਦੇ ਸਾਰੇ ਭਾਈਵਾਲਾਂ ਅਤੇ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਐਨਡੀਏ ਵਿਚ ਸ਼ਾਮਲ ਪਾਰਟੀਆਂ ਦੇ ਫਲੋਰ ਲੀਡਰਾਂ ਨੇ ਬੈਠਕ ਵਿੱਚ ਸ਼ਿਰਕਤ ਕੀਤੀ।ਪ੍ਰਧਾਨ ਮੰਤਰੀ ਨੇ ਸੀਪੀ ਰਾਧਾਕ੍ਰਿਸ਼ਨਨ ਦੇ ਸਮਾਜ ਸੇਵਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਇੱਕ ਮਿਸਾਲ ਵਜੋਂ ਪੇਸ਼ ਕਰਦੇ ਹੋਏ ਉਨ੍ਹਾਂ ਦੀ ਜਾਣ-ਪਛਾਣ ਕਰਵਾਈ ਅਤੇ ਸਾਰੀਆਂ ਪਾਰਟੀਆਂ ਦੇ ਆਗੂਆਂ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪੱਖਪਾਤ ਦੀ ਸਿਆਸਤ ਤੋਂ ਉਪਰ ਉੱਠ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਦੀ ਚੋਣ ਸਰਬਸੰਮਤੀ ਨਾਲ ਕਰਨ।
ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਸਣੇ ਸੱਤਾਧਾਰੀ ਸਰਕਾਰ ਦੇ ਸਾਰੇ ਸੀਨੀਅਰ ਮੰਤਰੀ ਮੌਜੂਦ ਸਨ, ਜੋ ਰਾਧਾਕ੍ਰਿਸ਼ਨਨ ਦੇ ਨਾਮ ’ਤੇ ਸਹਿਮਤੀ ਬਣਾਉਣ ਲਈ ਸਾਰੀਆਂ ਪਾਰਟੀਆਂ ਤੱਕ ਪਹੁੰਚ ਕਰ ਰਹੇ ਹਨ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਵੀ ਸ਼ਾਮਲ ਸਨ। ਐੱਨਡੀਏ ਆਗੂਆਂ ਨੇ ਅੱਜ ਸੰਸਦੀ ਪਾਰਟੀ ਦੀ ਮੀਟਿੰਗ ਵਿੱਚ ਸਾਰੇ ਭਾਈਵਾਲਾਂ ਨਾਲ ਸੀਪੀ ਰਾਧਾਕ੍ਰਿਸ਼ਨਨ ਦਾ ਸਨਮਾਨ ਕੀਤਾ ਤੇ ਉਨ੍ਹਾਂ ਦੀ ਚੋਣ ਲਈ ਪੂਰਨ ਹਮਾਇਤ ਦੇਣ ਦਾ ਵਾਅਦਾ ਕੀਤਾ। ਉਪ ਰਾਸ਼ਟਰਪਤੀ ਦੀ ਚੋਣ ਲਈ ਚੋਣ ਮੰਡਲ, ਜਿਸ ਵਿੱਚ ਦੋਵਾਂ ਸਦਨਾਂ ਦੇ ਮੌਜੂਦਾ ਸੰਸਦ ਮੈਂਬਰ ਸ਼ਾਮਲ ਹਨ, ’ਚ ਸੱਤਾਧਾਰੀ ਗੱਠਜੋੜ ਕੋਲ ਸੀਪੀ ਰਾਧਾਕ੍ਰਿਸ਼ਨਨ ਦੀ ਚੋਣ ਲਈ ਲੋੜੀਂਦੇ ਅੰਕੜੇ ਮੌਜੂਦ ਹਨ।
ਵਾਈਐੱਸਆਰਸੀਪੀ ਵੱਲੋਂ ਸੱਤਾਧਾਰੀ ਗੱਠਜੋੜ ਦੇ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਨੂੰ ਹਮਾਇਤ ਦੇਣ ਨਾਲ, ਉਨ੍ਹਾਂ ਦੀਆਂ ਜਿੱਤ ਦੀਆਂ ਸੰਭਾਵਨਾਵਾਂ ਹੋਰ ਵੀ ਵੱਧ ਗਈਆਂ ਹਨ। ਐੱਨਡੀਏ ਸੰਸਦੀ ਦਲ ਦੀ ਬੈਠਕ ਉਪਰੰਤ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਮੀਟਿੰਗ ਦੌਰਾਨ ਉਪ ਰਾਸ਼ਟਰਪਤੀ ਚੋਣ ਲਈ ਐਨਡੀਏ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਦੀ ਸਾਰਿਆਂ ਨਾਲ ਰਸਮੀ ਜਾਣ ਪਛਾਣ ਕਰਵਾਈ ਗਈ। ਰਿਜਿਜੂ ਨੇ ਕਿਹਾ, ‘‘ਐਨਡੀਏ ਦੇ ਫਲੋਰ ਲੀਡਰਾਂ, ਸੰਸਦ ਮੈਂਬਰਾਂ ਨੇ ਸੀਪੀ ਰਾਧਾਕ੍ਰਿਸ਼ਨਨ ਦਾ ਨਿੱਘਾ ਸਵਾਗਤ ਕੀਤਾ, ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਦੀ ਜਾਣ-ਪਛਾਣ ਪ੍ਰਧਾਨ ਮੰਤਰੀ ਮੋਦੀ ਨੇ ਐਨਡੀਏ ਸੰਸਦੀ ਪਾਰਟੀ ਦੀ ਮੀਟਿੰਗ ਵਿੱਚ ਕੀਤੀ। ਜਾਣ-ਪਛਾਣ ਦੇ ਨਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੀਆਂ ਪਾਰਟੀਆਂ ਅਤੇ ਸੰਸਦ ਮੈਂਬਰਾਂ ਨੂੰ ਇਕੱਠੇ ਹੋਣ ਅਤੇ ਸਰਬਸੰਮਤੀ ਨਾਲ ਰਾਧਾਕ੍ਰਿਸ਼ਨਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ।’’
ਕੇਂਦਰੀ ਮੰਤਰੀ ਨੇ ਕਿਹਾ, ‘‘ਸੀਪੀ ਰਾਧਾਕ੍ਰਿਸ਼ਨਨ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਇੱਕ ਬਹੁਤ ਵਧੀਆ ਨਾਮ ਹੈ। ਸਾਰਿਆਂ ਨੇ ਇਸ ਨੂੰ ਸਵੀਕਾਰ ਕੀਤਾ ਹੈ। ਉਹ ਵਿਵਾਦਪੂਰਨ ਨਹੀਂ ਹਨ, ਉਨ੍ਹਾਂ ’ਤੇ ਕਦੇ ਵੀ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਲੱਗਾ, ਉਨ੍ਹਾਂ ਨੇ ਬਹੁਤ ਸਾਦਾ ਜੀਵਨ ਬਤੀਤ ਕੀਤਾ ਹੈ ਅਤੇ ਸਿਰਫ ਸਮਾਜ ਅਤੇ ਦੇਸ਼ ਲਈ ਕੰਮ ਕੀਤਾ ਹੈ। ਜੇਕਰ ਅਜਿਹਾ ਵਿਅਕਤੀ ਦੇਸ਼ ਦਾ ਉਪ ਰਾਸ਼ਟਰਪਤੀ ਬਣਦਾ ਹੈ, ਤਾਂ ਇਹ ਦੇਸ਼ ਲਈ ਬਹੁਤ ਖੁਸ਼ੀ ਦੀ ਗੱਲ ਹੋਵੇਗੀ... ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸਾਰਿਆਂ ਨਾਲ ਗੱਲ ਕਰ ਰਹੇ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਰੇ ਮਿਲ ਕੇ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਸੀਪੀ ਰਾਧਾਕ੍ਰਿਸ਼ਨਨ ਦਾ ਸਰਬਸੰਮਤੀ ਨਾਲ ਸਮਰਥਨ ਕਰੀਏ ਅਤੇ ਇਹ ਸਾਡੇ ਲੋਕਤੰਤਰ, ਸਾਡੇ ਦੇਸ਼ ਅਤੇ ਰਾਜ ਸਭਾ ਨੂੰ ਚਲਾਉਣ ਵਿੱਚ ਵੀ ਬਹੁਤ ਲਾਭਦਾਇਕ ਹੋਵੇਗਾ।’’ਰਾਧਾਕ੍ਰਿਸ਼ਨਨ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਬੁੱਧਵਾਰ ਨੂੰ ਨਾਮਜ਼ਦਗੀਆਂ ਦਾਖਲ ਕਰਨਗੇ।