ਉਪ ਰਾਸ਼ਟਰਪਤੀ ਚੋਣ: ਵਿਰੋਧੀ ਧਿਰ ਦੇ ਉਮੀਦਵਾਰ ਬੀ.ਸੁਦਰਸ਼ਨ ਰੈੱਡੀ ਵੱਲੋਂ ਨਾਮਜ਼ਦਗੀ ਦਾਖਲ
ਉਪ-ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਬੀ. ਸੁਦਰਸ਼ਨ ਰੈਡੀ ਨੇ ਵੀਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਰੈਡੀ ਦੇ ਨਾਮਜ਼ਦਗੀ ਪੱਤਰਾਂ ਦੇ ਚਾਰ ਸੈੱਟ ਦਾਖਲ ਕੀਤੇ ਗਏ ਹਨ, ਜਿਨ੍ਹਾਂ ’ਤੇ ਤਜਵੀਜ਼ਕਾਰ ਅਤੇ ਤਾਈਦਕਾਰ ਵਜੋਂ ਕਰੀਬ 160 ਸੰਸਦ ਮੈਂਬਰਾਂ ਨੇ ਦਸਤਖਤ ਕੀਤੇ ਹਨ, ਜਿਨ੍ਹਾਂ ਵਿੱਚ ਕਾਂਗਰਸ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਡੀਐਮਕੇ ਦੇ ਤਿਰੂਚੀ ਸ਼ਿਵਾ ਸ਼ਾਮਲ ਹਨ। ਨਾਮਜ਼ਦਗੀ ਦਾਖਲ ਕਰਨ ਮੌਕੇ ਸੋਨੀਆ, ਖੜਗੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਤਿਰੂਚੀ ਸ਼ਿਵਾ ਅਤੇ ਕਈ ਹੋਰ ਵਿਰੋਧੀ ਆਗੂ ਮੌਜੂਦ ਸਨ।
ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ, ਰੈੱਡੀ ਨੇ ਕਿਹਾ, ‘‘ਮੈਂ ਕੱਲ੍ਹ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ। ਬੇਸ਼ੱਕ ਮੈਂ ਉਮੀਦ ਕਰਦਾ ਹਾਂ।’’ ਉਨ੍ਹਾਂ ਕਿਹਾ, ‘‘ਮੈਂ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਨਹੀਂ ਹਾਂ, ਇਸ ਲਈ ਮੈਨੂੰ ਵਿਸ਼ਵਾਸ ਹੈ ਕਿ ਹਰ ਕੋਈ ਮੇਰਾ ਸਮਰਥਨ ਕਰੇਗਾ।’’ ਰੈਡੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਗੋਆ ਲੋਕਾਯੁਕਤ ਹਨ। ਉਹ ਹੈਦਰਾਬਾਦ ਸਥਿਤ ਇੰਟਰਨੈਸ਼ਨਲ ਆਰਬਿਟਰੇਸ਼ਨ ਐਂਡ ਮੀਡੀਏਸ਼ਨ ਸੈਂਟਰ ਦੇ ਟਰੱਸਟੀ ਬੋਰਡ ਦੇ ਮੈਂਬਰ ਵੀ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਨੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੇ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ। ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਪਿਛੋਕੜ ਵਾਲੇ ਰਾਧਾਕ੍ਰਿਸ਼ਨਨ ਤਾਮਿਲਨਾਡੂ ਦੇ ਇੱਕ ਤਜਰਬੇਕਾਰ ਭਾਜਪਾ ਨੇਤਾ ਰਹੇ ਹਨ। -ਪੀਟੀਆਈ