ਉਪ ਰਾਸ਼ਟਰਪਤੀ ਚੋਣ: ਰਾਧਾਕ੍ਰਿਸ਼ਨਨ ਵੱਲੋਂ ਨਾਮਜ਼ਦਗੀ ਦਾਖ਼ਲ, ਪ੍ਰਧਾਨ ਮੰਤਰੀ ਮੁੱਖ ਤਜਵੀਜ਼ਕਾਰ ਬਣੇ
ਸੱਤਾਧਾਰੀ ਗੱਠਜੋੜ ਦੇ ਆਗੂਆਂ ਦੇ ਵਫ਼ਦ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਰਾਧਾਕ੍ਰਿਸ਼ਨਨ ਨੇ ਰਾਜ ਸਭਾ ਦੇ ਸਕੱਤਰ ਜਨਰਲ ਪੀਸੀ ਮੋਦੀ, ਜੋ ਉਪ-ਰਾਸ਼ਟਰਪਤੀ ਚੋਣ ਲਈ ਰਿਟਰਨਿੰਗ ਅਫ਼ਸਰ ਹਨ, ਦੇ ਦਫ਼ਤਰ ਵਿੱਚ ਆਪਣੇ ਕਾਗਜ਼ ਦਾਖਲ ਕੀਤੇ। ਨਾਮਜ਼ਦਗੀਆਂ ਦੇ ਪਹਿਲੇ ਸੈੱਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁੱਖ ਤਜਵੀਜ਼ ਦੇ ਨਾਲ ਚਾਰ ਸੈੱਟ ਕਾਗਜ਼ ਦਾਖਲ ਕੀਤੇ ਗਏ ਹਨ। ਨਾਮਜ਼ਦਗੀ ਦਾਖਲ ਕਰਨ ਸਮੇਂ ਐੱਨਡੀਏ ਵਿਚ ਸ਼ਾਮਲ ਪਾਰਟੀਆਂ ਦੇ ਸਾਰੇ ਆਗੂ ਮੌਜੂਦ ਸਨ। ਏਆਈਏਡੀਐਮਕੇ ਆਗੂ ਐੱਮ.ਥੰਬੀ ਦੁਰਈ ਵੀ ਵਫ਼ਦ ਵਿੱਚ ਸ਼ਾਮਲ ਹੋਏ।
ਉਪ ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਉਮੀਦਵਾਰ ਬੀ. ਸੁਦਰਸ਼ਨ ਰੈਡੀ ਵੀ ਅੱਜ ਸੰਸਦ ਭਵਨ ਕੰਪਲੈਕਸ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਮਿਲਣਗੇ। ਉਨ੍ਹਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵੀਰਵਾਰ ਨੂੰ ਦਾਖਲ ਕੀਤੇ ਜਾਣਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਹੋਰ ਵਿਰੋਧੀ ਧਿਰ ਦੇ ਦਿੱਗਜ ਅੱਜ ਰੈਡੀ ਨੂੰ ਮਿਲਣ ਲਈ ਪੁਰਾਣੀ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਇਕੱਠੇ ਹੋਣਗੇ। ਉਪ ਰਾਸ਼ਟਰਪਤੀ ਚੋਣ ਦੱਖਣੀ ਭਾਰਤ ਦੇ ਉਮੀਦਵਾਰਾਂ ਵਿਚਕਾਰ ਮੁਕਾਬਲਾ ਬਣ ਗਈ ਹੈ। ਸੀਪੀ ਰਾਧਾਕ੍ਰਿਸ਼ਨਨ ਤਾਮਿਲਨਾਡੂ ਵਿੱਚ ਜਨਮੇ ਆਰਐੱਸਐੱਸ ਆਗੂ ਹਨ, ਜੋ ਮਹਾਰਾਸ਼ਟਰ ਦੇ ਰਾਜਪਾਲ ਬਣੇ। ਸੁਦਰਸ਼ਨ ਰੈਡੀ ਆਂਧਰਾ ਪ੍ਰਦੇਸ਼ ਵਿੱਚ ਜਨਮੇ ਕਾਨੂੰਨਦਾਨ ਹਨ ਜੋ ਉਸ ਸੁਤੰਤਰ ਮਾਹਰ ਕਮੇਟੀ ਦੀ ਅਗਵਾਈ ਕਰਨ ਲਈ ਮਸ਼ਹੂਰ ਹਨ ਜਿਸ ਨੇ ਕਾਂਗਰਸ ਦੀ ਅਗਵਾਈ ਵਾਲੀ ਤਿਲੰਗਾਨਾ ਸਰਕਾਰ ਵੱਲੋਂ ਓਬੀਸੀ ਸੂਚੀਕਰਨ ਲਈ ਕੀਤੇ ਗਏ ਜਾਤੀ ਸਰਵੇਖਣ ਨੂੰ ਵਿਗਿਆਨਕ ਦੱਸਿਆ ਸੀ।
ਇਸ ਤੋਂ ਪਹਿਲਾਂ ਸੀ.ਪੀ. ਰਾਧਾਕ੍ਰਿਸ਼ਨਨ ਨੇ ਬੁੱਧਵਾਰ ਨੂੰ ਆਪਣੀ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਸੰਸਦ ਕੰਪਲੈਕਸ ਵਿੱਚ ਸਥਿਤ ਪ੍ਰੇਰਨਾ ਸਥਲ ’ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਪ੍ਰੇਰਨਾ ਸਥਲ ਵਿੱਚ ਉੱਘੀਆਂ ਸ਼ਖਸੀਅਤਾਂ ਦੀਆਂ ਮੂਰਤੀਆਂ ਸਥਾਪਿਤ ਹਨ। ਇਸ ਦੌਰਾਨ, ਕੇਂਦਰੀ ਮੰਤਰੀ ਅਤੇ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਦੇ ਹੋਰ ਆਗੂ ਵੀ ਉਨ੍ਹਾਂ ਨਾਲ ਮੌਜੂਦ ਸਨ। ਉਨ੍ਹਾਂ ਨੇ ਪਹਿਲਾਂ ਮਹਾਤਮਾ ਗਾਂਧੀ ਦੀ ਵਿਸ਼ਾਲ ਮੂਰਤੀ ਅੱਗੇ ਮੱਥਾ ਟੇਕਿਆ ਅਤੇ ਫਿਰ ਹੋਰ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਦਨ ਦੀ ਤਾਕਤ ਦੇ ਹਿਸਾਬ ਨਾਲ ਉਪ ਰਾਸ਼ਟਰਪਤੀ ਚੋਣ ਵਿੱਚ ਰਾਧਾਕ੍ਰਿਸ਼ਨਨ ਦੀ ਚੋਣ ਲਗਪਗ ਤੈਅ ਹੈ। ਵਿਰੋਧੀ ਗੱਠਜੋੜ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ. ਸੁਦਰਸ਼ਨ ਰੈੱਡੀ ਨੂੰ ਉਪ ਰਾਸ਼ਟਰਪਤੀ ਚੋਣ ਲਈ ਵਿਰੋਧੀ ਪਾਰਟੀਆਂ ਦੇ ਸਾਂਝੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ।