ਉਪ ਰਾਸ਼ਟਰਪਤੀ ਚੋਣ: ਮੋਦੀ ਵੱਲੋਂ ਰਾਧਾਕ੍ਰਿਸ਼ਨਨ ਦੇ ਨਾਂ ’ਤੇ ਸਰਬਸੰਮਤੀ ਬਣਾਉਣ ਦੀ ਅਪੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦ ਭਵਨ ਕੰਪਲੈਕਸ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਸੰਸਦੀ ਦਲ ਦੀ ਮੀਟਿੰਗ ਦੌਰਾਨ ਮਹਾਰਾਸ਼ਟਰ ਦੇ ਰਾਜਪਾਲ ਤੇ ਉਪ ਰਾਸ਼ਟਰਪਤੀ ਦੀ ਚੋਣ ਲਈ ਸੱਤਾਧਾਰੀ ਗੱਠਜੋੜ ਦੇ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਦਾ ਸਨਮਾਨ ਕੀਤਾ। ਉਨ੍ਹਾਂ ਰਾਧਾਕ੍ਰਿਸ਼ਨਨ ਦਾ ਸੰਸਦ ਮੈਂਬਰਾਂ ਤੇ ਹੋਰਨਾਂ ਆਗੂਆਂ ਨਾਲ ਰਸਮੀ ਤੁਆਰਫ਼ ਕਰਵਾਉਂਦਿਆਂ ਉਨ੍ਹਾਂ ਦੇ ਨਾਂ ’ਤੇ ਸਰਬਸੰਮਤੀ ਬਣਾਉਣ ਦੀ ਅਪੀਲ ਕੀਤੀ। ਭਾਰਤ ਦੇ ਦੂਜੇ ਸਭ ਤੋਂ ਵੱਡੇ ਸੰਵਿਧਾਨਕ ਅਹੁਦੇ ਲਈ 9 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਐੱਨਡੀਏ ਗੱਠਜੋੜ ਦੇ ਸਾਰੇ ਭਾਈਵਾਲਾਂ ਅਤੇ ਭਾਜਪਾ ਦੇ ਸੰਸਦ ਮੈਂਬਰਾਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਸੀਪੀ ਰਾਧਾਕ੍ਰਿਸ਼ਨਨ ਦੇ ਸਮਾਜ ਸੇਵਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਿਸਾਲ ਵਜੋਂ ਪੇਸ਼ ਕਰਦਿਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪੱਖਪਾਤ ਦੀ ਸਿਆਸਤ ਤੋਂ ਉਪਰ ਉੱਠ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਦੀ ਚੋਣ ਸਰਬਸੰਮਤੀ ਨਾਲ ਕਰਨ। ਮੀਟਿੰਗ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਸ਼ਾਮਲ ਸਨ। ਐੱਨਡੀਏ ਆਗੂਆਂ ਨੇ ਸੰਸਦੀ ਪਾਰਟੀ ਦੀ ਮੀਟਿੰਗ ਵਿੱਚ ਸਾਰੇ ਭਾਈਵਾਲਾਂ ਨਾਲ ਸੀਪੀ ਰਾਧਾਕ੍ਰਿਸ਼ਨਨ ਦਾ ਸਨਮਾਨ ਕੀਤਾ। ਵਾਈਐੱਸਆਰਸੀਪੀ ਵੱਲੋਂ ਸੱਤਾਧਾਰੀ ਗੱਠਜੋੜ ਦੇ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਨੂੰ ਹਮਾਇਤ ਦੇਣ ਨਾਲ, ਉਨ੍ਹਾਂ ਦੀਆਂ ਜਿੱਤ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।
ਮੋਦੀ ਨੇ ਸਿੰਧੂ ਜਲ ਸੰਧੀ ਲਈ ਨਹਿਰੂ ’ਤੇ ਨਿਸ਼ਾਨਾ ਸੇਧਿਆ
ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਧੂ ਜਲ ਸੰਧੀ ਦਾ ਮੁੱਦਾ ਵੀ ਚੁੱਕਿਆ ਅਤੇ ਸੰਸਦ ਜਾਂ ਆਪਣੀ ਵਜ਼ਾਰਤ ਨੂੰ ਭਰੋਸੇ ਵਿੱਚ ਲਏ ਬਿਨਾਂ ਪਾਕਿਸਤਾਨ ਨਾਲ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ ਆਲੋਚਨਾ ਕੀਤੀ। ਸੂਤਰਾਂ ਅਨੁਸਾਰ, ਉਨ੍ਹਾਂ ਕਿਹਾ ਕਿ ਨਹਿਰੂ ਨੇ ਦੇਸ਼ ਦੇ ਹਿੱਤ ਦੀ ਕੀਮਤ ’ਤੇ ਆਪਣਾ ਅਕਸ ਚਮਕਾਉਣ ਲਈ ਅਜਿਹਾ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ 80 ਫੀਸਦ ਤੋਂ ਵੱਧ ਪਾਣੀ ਦੀ ਵਰਤੋਂ ਕਰਨ ਦਿੱਤੀ ਗਈ ਹੈ। ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਮੋਦੀ ਸਰਕਾਰ ਨੇ ਇਸ ਸੰਧੀ ਨੂੰ ਮੁਅੱਤਲ ਕਰ ਦਿੱਤਾ ਹੈ। ਸੂਤਰਾਂ ਅਨੁਸਾਰ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਸ ਦੌਰ ਦੇ ਪਾਪਾਂ ਨੂੰ ਧੋ ਰਹੀ ਹੈ। -ਪੀਟੀਆਈ